Saturday, April 18, 2026

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਕੌਮੀ ਛੁੱਟੀ ਦੀ ਦਿੱਲੀ ਕਮੇਟੀ ਨੇ ਕੀਤੀ ਅਪੀਲ

Manjit Singh GK

ਨਵੀਂ ਦਿੱਲੀ, 22 ਨਵੰਬਰ (ਪੰਜਾਬ ਪੋਸਟ ਬਿਊਟੋ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਨੂੰ ਲੈ ਕੇ ਭਾਰਤ ਅਤੇ ਦਿੱਲੀ ਸਰਕਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਪੱਤਰ ਭੇਜਿਆ ਹੈ। ਦਰਅਸਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਇਸ ਸਾਲ 4 ਦਸੰਬਰ ਨੂੰ ਆ ਰਿਹਾ ਹੈ, ਪਰ ਦੋਵਾਂ ਸਰਕਾਰਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਆਧਾਰ ਤੇ 24 ਨਵੰਬਰ ਨੂੰ ਸ਼ਹੀਦੀ ਦਿਹਾੜੇ ਦੀ ਪਾਬੰਦੀਸ਼ੁਦਾ ਛੁੱਟੀ ਦੇਣ ਦਾ ਐਲਾਨ ਕੀਤਾ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਆਪਣਾ ਤਿੱਖਾ ਵਿਰੋਧ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ 4 ਦਸੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤਕ ਨਗਰ ਕੀਰਤਨ ਕਮੇਟੀ ਵੱਲੋਂ ਸਜਾਉਣ ਦੀ ਜਾਣਕਾਰੀ ਦਿੱਤੀ ਹੈ।ਜੀ.ਕੇ ਨੇ ਅਫਸੋਸ ਜਤਾਇਆ ਕਿ ਸਰਕਾਰਾਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਅਨਗੋਲ੍ਹੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਜਦਕਿ ਜਿਨ੍ਹੀ ਵੱਡੀ ਗੁਰੂ ਸਾਹਿਬ ਦੀ ਕੁਰਬਾਨੀ ਸੀ, ਉਸ ਦੇ ਸਿੱਟੇ ਵੱਜੋਂ ਦੇਸ਼ ਨੂੰ ਸ਼ਹੀਦੀ ਦਿਹਾੜੇ ਮੌਕੇ ਕੌਮੀ ਛੁੱਟੀ ਦਾ ਐਲਾਨ ਕਰਨਾ ਚਾਹੀਦਾ ਸੀ, ਪਰ ਅਹਿਸਾਨਫਰਾਮੋਸ਼ ਸਿਆਸਤਦਾਨਾ ਨੇ ਕੌਮੀ ਛੁੱਟੀ ਤਾਂ ਕੀ ਦੇਣੀ ਸੀ ਸਗੋਂ ਅੱਖਾਂ ਵਿਚ ਘੱਟਾ ਪਾਉਣ ਵਾਸਤੇ ਪਾਬੰਦੀਸ਼ੁਦਾ ਛੁੱਟੀ ਵੀ ਗਲਤ ਤਾਰੀਖ ਤੇ ਦੇ ਕੇ ਸਿੱਖ ਸਰਕਾਰੀ ਮੁਲਾਜ਼ਮਾ ਨੂੰ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਵਿਚ ਹਿੱਸਾ ਲੈਣ ਤੋਂ ਵਾਂਝਾ ਕਰ ਦਿੱਤਾ ਹੈ।
ਜੀ.ਕੇ ਨੇ ਰੋਹ ਵਿਚ ਕਿਹਾ ਕਿ ਅੱਜ ਜੇਕਰ ਦੇਸ਼ ਦਾ ਧਾਰਮਿਕ ਅਤੇ ਸਮਾਜਿਕ ਢਾਂਚਾ ਧਰਮ ਨਿਰਪੇਖ ਹੈ ਤਾਂ ਉਸਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਲਹੂ ਡੋਲਿਆ ਸੀ।ਤੁਰੰਤ ਸ਼ਹੀਦੀ ਦਿਹਾੜੇ ਤੇ ਕੌਮੀ ਛੁੱਟੀ ਐਲਾਨਣ ਦੀ ਮੰਗ ਕਰਦੇ ਹੋਏ ਜੀ.ਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਕਾਰਾਂ ਨੂੰ ਬਾਗੀ ਨਾ ਹੋਣ ਦੀ ਵੀ ਚੇਤਾਵਨੀ ਦਿੱਤੀ। ਜੀ.ਕੇ ਨੇ ਯਾਦ ਕਰਾਇਆ ਕਿ ਸਿੱਖਾਂ ਨੇ ਹਮੇਸ਼ਾ ਹੀ ਇਸ ਦੇਸ਼ ਨੂੰ ਲੋੜ ਪੈਣ ਤੇ ਆਪਣਾ ਸਭ ਕੁਝ ਦਿੱਤਾ ਹੈ, ਪਰ ਵੇਲੇ ਦੀਆਂ ਸਰਕਾਰਾਂ ਨੇ ਸਿੱਖੀ ਕਦਰਾਂ-ਕੀਮਤਾਂ ਅਤੇ ਗੁਰੂ ਸਾਹਿਬਾਨਾਂ ਦੀਆਂ ਸ਼ਹੀਦੀਆਂ ਦਾ ਲੋੜੀਂਦਾ ਮੁੱਲ ਪਾਉਣ ਦੀ ਕੱਦੇ ਖੇਚਲ ਨਹੀਂ ਕੀਤੀ, ਸਗੋਂ ਸਿੱਖਾਂ ਨੂੰ ਸਿਆਸੀ ਧਿਰਾਂ ਵਿਚ ਵੰਡ ਕੇ ਆਪਣਾ ਉਲੂ ਸਿੱਧਾ ਕੀਤਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply