
ਡੇਟਨ-ਅਮਰੀਕਾ, 1 ਜੂਨ (ਚਰਨਜੀਤ ਸਿੰਘ ਗੁਮਟਾਲਾ)- ਆਪਣੀ ਨੌਕਰੀ ਦੌਰਾਨ ਸ਼ਹੀਦ ਹੋਏ ਅਮਰੀਕੀ ਫ਼ੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਵਿਚ ਹਰ ਸਾਲ ਮੈਮੋਰੀਅਲ ਡੇ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਇਸ ਦੀ ਸ਼ੁਰੂਆਤ ਅਮਰੀਕੀ ਗ੍ਰਹਿ ਯੁਧ ਸਮੇਂ ਹੋਈ ਤੇ ਉਸ ਸਮੇਂ ਇਸ ਨੂੰ ਡੈਕੋਰੇਸ਼ਨ ਡੇ ਨਾਲ ਯਾਦ ਕੀਤਾ ਜਾਂਦਾ ਸੀ।ਵੀਂਹਵੀਂ ਸਦੀ ਵਿਚ ਮੈਮੋਰੀਅਲ ਡੇ ਸਾਰੇ ਯੁਧਾਂ ਵਿਚ ਸ਼ਹੀਦ ਹੋਇ ਫ਼ੌਜੀਆਂ ਨੂੰ ਸਮਰਪਿਤ ਹੋ ਗਿਆ।ਬਾਦ ਵਿਚ ਨੌਕਰੀ ਦੌਰਾਨ ਸ਼ਹੀਦ ਹੋਇ ਫ਼ੌਜੀਆਂ ਦੀ ਯਾਦ ਵਿਚ ਮਨਾਇਆ ਜਾਣ ਲਗਾ।ਇਸ ਦਿਨ ਬਹੁਤ ਸਾਰੀਆਂ ਥਾਵਾਂ ‘ਤੇ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ।ਓਹਾਇਹੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਖੇ ਮਨਾਏ ਗਏ ਮੈਮੋਰੀਅਲ ਡੇ ਸਮੇਂ ਅਜਿਹੀ ਹੀ ਪਰੇਡ ਦਾ ਆਯੋਜਨ ਕੀਤਾ ਗਿਆ।ਜਦ੪ ਕਿਲੋਮੀਟਰ ਲੰਮੀਂ ਪਰੇਡ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚੋਂ ਲੰਘੀ ਤਾਂ ਮੀਂਹ ਪੈਣ ਦੇ ਬਾਵਜੂਦ, ਸੜਕ ਦੇ ਦੋਵੇਂ ਪਾਸੀਂ ਖੜ੍ਹੇ ਸ਼ਹਿਰੀਆਂ ਨੇ ਹੱਥਾਂ ਵਿਚ ਅਮਰੀਕੀ ਝੰਡੇ ਲੈ ਕੇ ਉਸ ਨੂੰ ਜੀਅ ਆਇਆਂ ਕਿਹਾ।ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆਂ ਝਲਕੀਆਂ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ।ਇਸ ਪਰੇਡ ਵਿਚ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ ‘ਤੇ ਲਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਦਿਨ ਤੋਂ ਇਕ ਪਹਿਲਾਂ ਸ਼ਹੀਦ ਫ਼ੌਜੀਆਂ ਦੀਆਂ ਕਬਰਾਂ ‘ਤੇ ਗੁਲਦਸਤੇ ਭੇਟ ਕੀਤੇ ਗਏ ਤੇ ਅਮਰੀਕੀ ਝੰਡੇ ਲਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਪਰੇਡ ਦਾ ਪ੍ਰਬੰਧ ਕਲਾਰਕ ਕਾਊਂਟੀ ਵੈਟਰਨ ਕੌਂਸਲ ਨੇ ਕੀਤਾ। ਇਸ ਪਰੇਡ ਵਿਚ ਐਗ਼ਜ਼ੈਟਿਵ ਇਨ ਮੋਟਲ ਦੇ ਮਾਲਕ ਅਵਤਾਰ ਸਿੰਘ ਵਲੋਂ ਆਪਣੇ ਪਰਿਵਾਰ ਸਮੇਤ ਵਲੋਂ ਵੀ ਭਾਗ ਲਿਆ ਗਿਆ।ਉਹ ਇਸ ਸ਼ਹਿਰ ਵਿਚ ਰਹਿੰਦੇ ਹਨ ਤੇ ਪਿਛਲੇ ਸਤਾਰਾਂ ਸਾਲਾਂ ਤੋਂ ਉਚੇਰੇ ਤੌਰ ‘ਤੇ ਭਾਗ ਲੈ ਰਹੇ ਹਨ ਤਾਂ ਜੋ ਸਿੱਖਾਂ ਦੀ ਨਵੇਕਲੀ ਪਛਾਣ ਤੋਂ ਅਮਰੀਕੀ ਜਾਣੂ ਹੋ ਸਕਣ।ਡੇਟਨ ਤੋਂ ਸ. ਜਸਬੀਰ ਸਿੰਘ ਕੈਂਥ, ਇੰਜ. ਸਮੀਪ ਸਿੰਘ, ਮਾਨਤ ਸਿੰਘ ਨੇ ਵੀ ਉਨ੍ਹਾਂ ਨਾਲ ਇਸ ਪਰੇਡ ਦਾ ਆਨੰਦ ਮਾਣਿਆ।ਅਮਰੀਕੀ ਝੰਡਿਆਂ ਤੇ ਬੈਨਰਾਂ ਨਾਲ ਸਜਾਈ ਇਹ ਗੱਡੀ ,ਜਿਸ ਵਿਚ ਅਮਰੀਕੀ ਸਿੱਖਾਂ ਵਲੋਂ ਅਮਰੀਕੀਆਂ ਨੂੰ ਮੈਮੋਰੀਅਲ ਡੇ ‘ਤੇ ਸ਼ੁਭ- ਕਾਮਨਾਵਾਂ ਭੇਟ ਕੀਤੀਆਂ ਗਈਆਂ ਸਨ,ਜਦੋਂ ਬਜਾਰਾਂ ਵਿੱਚੋਂ ਲੰਘੀ, ਤਾਂ ਨਿਵੇਕਲੀ ਪਛਾਣ ਕਰਕੇ ਸੜ੍ਹਕ ਕੰਢੇ ਖੜੇ ਲੋਕਾਂ ਨੇ ਉਨ੍ਹਾਂ ਦਾ ਹੱਥ ਹਿਲਾ ਕੇ ਨਿੱਘਾ ਸੁਆਗਤ ਕੀਤਾ। ਕਈ ਲੋਕਾਂ ਨੇ ਉਨ੍ਹਾਂ ਨੂੰ ,”ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇ,” ਕਹਿ ਵਧਾਈ ਵੀ ਦਿੱਤੀ। ਇਸ ਮੌਕੇ ‘ਤੇ ਅਮਰੀਕੀਆਂ ਨੂੰ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਪੈਂਫ਼ਲੈਟ ਤੇ ਡੌਕੁਮੈਂਟਰੀਆਂ ਵਾਲੀਆਂ ਸੀ. ਡੀ. ਵੰਡੀਆਂ ਗਈਆਂ, ਜਿਸ ਨੂੰ ਅਮਰੀਕੀਆਂ ਨੇ ਧੰਨਵਾਦ ਸਹਿਤ ਪ੍ਰਵਾਨ ਕੀਤਾ।ਸ. ਅਵਤਾਰ ਸਿੰਘ ਦੇ ਨਾਲ ਉਨ੍ਹਾਂ ਦੀ ਸਪਤਨੀ ਬੀਬੀ ਸਰਬਜੀਤ ਕੌਰ, ਬੇਟਾ ਮਨਪ੍ਰੀਤ ਸਿੰਘ ਤੇ ਬੇਟੀ ਰਵਜੋਤ ਕੌਰ ਵੀ ਸ਼ਾਮਲ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media