
ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦੀ ਯਾਦ ਨੂੰ ਸਮਰਪਿਤ ਆਰ.ਐਮ.ਜੀ ਫਿਲਮ ਪ੍ਰੋਡਕਸ਼ਨ ਵਲੋਂ ‘ਰਾਜੇਸ਼ ਖੰਨਾ ਮੈਮੋਰੀਅਲ ਟੈਲੀਫਿਲਮ ਕਲਾਕਾਰ ਐਵਾਰਡ-2016’ ਕਰਵਾਇਆ ਗਿਆ।ਸਮਾਜਿਕ ਬੁਰਾਈਆਂ ਦੇ ਖਿਲਾਫ ਸੰਦੇਸ਼ ਦਿੰਦੀਆਂ ਵਧੀਆ ਟੈਲੀ ਫਿਲਮਾਂ ਦੇ 20 ਕਲਾਕਾਰਾਂ ਨੂੰ ਇਸ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ।ਸਮਾਜਿਕ ਮੁੱਦਿਆਂ ‘ਤੇ ਵਾਰ ਕਰਦੀਆਂ ਪੰਜਾਬ ਵਿਚ ਬਣਾਈਆਂ ਗਈਆਂ 30 ਫਿਲਮਾਂ ਦਾ ਰਿਵਿਊ ਕਰਨ ਦੇ ਬਾਅਦ 20 ਅਜਿਹੇ ਕਲਾਕਾਰਾਂ ਨੂੰ ਰਜੇਸ਼ ਖੰਨਾ ਐਵਾਰਡ ਦੇ ਲਈ ਚੁਣਿਆ ਗਿਆ, ਜਿਨ੍ਹਾਂ ਨੇ ਇਨ੍ਹਾਂ ਫਿਲਮਾਂ ਵਿਚ ਵਧੀਆ ਕੰਮ ਕਰਦੇ ਹੋਏ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਗਰੂਕਤਾ ਪੈਦਾ ਕੀਤੀ ਸਥਾਨਕ ਗੁਰੂ ਨਾਨਕ ਭਵਨ ਵਿਚ ਰਾਜੇਸ਼ ਖੰਨਾ ਦੇ ਪਰਿਵਾਰ ਦੇ ਅਤਿ ਨਜਦੀਕੀ ਭੁਪੇਸ਼ ਰਸੀਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਡੀਏਵੀ ਕਾਲਜ ਦੀ ਰਜਿਸਟਰਾਰ ਡਾ. ਆਸ਼ਿਮਾ ਵਾਲੀਆ, ਪਲੇਬੈਕ ਸਿੰਗਰ ਅਲੀਸ਼ ਅਰੋੜਾ, ਸਿਮਰਨ ਸਹਿਜਪਾਲ, ਅਰਵਿੰਦਰ ਭੱਟੀ, ਅਮਨ, ਰਵਿੰਦਰ ਹੰਸ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੁੱਖ ਮਹਿਮਾਨਾਂ ਵਲੋਂ ਸ਼ਮਾ ਰੋਸ਼ਨ ਕਰਕੇ ਰਜੇਸ਼ ਖੰਨਾ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਕਰਕੇ ਕੀਤੀ ਗਈ। ਗਾਇਕ ਹਰਿੰਦਰ ਸੋਹਲ ਤੋਂ ਇਲਾਵਾ ਵੱਖ-ਵੱਖ ਕਲਾਕਾਰਾਂ ਨੇ ਰਾਜੇਸ਼ ਖੰਨਾ ਦੇ ਗੀਤਾਂ ਨਾਲ ਆਪਣੀ ਫਨਕਾਰੀ ਅਵਾਜ ਦਾ ਜਾਦੂ ਬਿਖੇਰਿਆ। ਆਰ.ਐਮ.ਜੀ ਪ੍ਰੋਡਕਸ਼ਨ ਦੇ ਡਾਇਰੈਕਟਰ ਸਤਪਾਲ ਸੋਖੀ ਨੇ ਕਿਹਾ ਕਿ ਰਾਜੇਸ਼ ਖੰਨਾ ਦਾ ਅੰਮ੍ਰਿਤਸਰ ਨਾਲ ਖਾਸ ਲਗਾਅ ਸੀ, ਇਸ ਲਈ ਉਨ੍ਹਾਂ ਦੀ ਯਾਦ ਵਿਚ ਇਹ ਐਵਾਰਡ ਪ੍ਰੋਗਰਾਮ ਉਨ੍ਹਾਂ ਨੂੰ ਸਮਰਪਿਤ ਕੀਤਾ ਗਿਆ ਹੈ।ਭੁਪੇਸ਼ ਰਸੀਨ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਰਜੇਸ਼ ਖੰਨਾ ਵਰਗਾ ਸੁਪਰ ਸਟਾਰ ਦੁਨੀਆਂ ‘ਤੇ ਨਾ ਕੋਈ ਹੋਇਆ ਹੈ ਨਾ ਹੀ ਹੋਵੇਗਾ।ਉਨ੍ਹਾਂ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ।ਇਸ ਦੌਰਾਨ ਬੈਸਟ ਡਾਇਰੈਕਟਰ ਜੱਸੀ ਮਾਨ, ਬੈਸਟ ਐਕਟਰ ਪੁਰਸ਼ ਅਮਨ ਸਿੱਧੂ ਅਤੇ ਕਰਮਜੀਤ ਮੋਹਰ, ਬੈਸਟ ਐਕਟਰ ਮਹਿਲਾ ਵੀਰਾ ਅਭਿਨਵ ਅਤੇ ਬੈਸਟ ਚਾਈਲਡ ਐਕਟਰ ਸੌਗਾਤ ਸਿੰਘ ਨੂੰ ਵੀ ਐਵਾਰਡ ਦਿੱਤੇ ਗਏ।ਇਸ ਮੌਕੇ ਪ੍ਰੋ. ਪਰਮਜੀਤ ਸਿੰਘ, ਰਵਿੰਦਰ ਸੁਲਤਾਨਵਿੰਡ, ਵਿਧੂ ਕਪੂਰ ਅਤੇ ਸਰਬਜੋਤ ਸਿੰਘ ਆਦਿ ਮੌਜੂਦ ਸਨ।
ਸਾਇਸ਼ਾ ਨੇ ਗਰੋਇੰਗ ਸਟਾਰ ਡਾਂਸ ਅਕੈਡਮੀ ਦਾ ਨਾਂ ਕੀਤਾ ਰੋਸ਼ਨ
ਰਜੇਸ਼ ਖੰਨਾ ਦੀ ਯਾਦ ਵਿਚ ਕਰਵਾਏ ਇਸ ਪ੍ਰੋਗਰਾਮ ਦੌਰਾਨ ਨਰਾਇਣਗੜ੍ਹ ਛੇਹਰਟਾ ਸਥਿਤ ਗਰੋਇੰਗ ਸਟਾਰ ਡਾਂਸ ਅਕੈਡਮੀ ਦੀ ਹੋਣਹਾਰ ਵਿਦਿਆਰਥਣ ਸਾਇਸ਼ਾ ਨੇ ਰਜੇਸ਼ ਖੰਨਾ ਦੇ ਪ੍ਰਸਿੱਧ ਗੀਤ ‘ਜੈ-ਜੈ ਸ਼ਿਵ ਸ਼ੰਕਰ’ ਗੀਤ ਤੇ ਆਪਣੇ ਡਾਂਸ ਦੀ ਬੇਹਤਰੀਨ ਪੇਸ਼ਕਾਰੀ ਦਿੱਤੀ।ਇਕ ਮਿੰਟ 41 ਸੈਕਿੰਡ ਦੀ ਪੇਸ਼ਕਾਰੀ ਨੂੰ ਦੇਖ ਦਰਸ਼ਕ ਇਕ ਪਲ ਵੀ ਸਾਇਸ਼ਾ ਤੋਂ ਨਜ਼ਰ ਨਾ ਹਟਾ ਸਕੇ।ਗਰੋਇੰਗ ਸਟਾਰ ਡਾਂਸ ਅਕੈਡਮੀ ਦੇ ਮੁਕੇਸ਼ ਵੋਹਰਾ, ਰਿਤੂ ਅਤੇ ਸੁਮਿਤ ਨੇ ਦੱਸਿਆ ਕਿ ਇਸ ਪੇਸ਼ਕਾਰੀ ਲਈ ਸਾਇਸ਼ਾ ਨੂੰ 2 ਦਿਨਾਂ ਵਿਚ ਤਿਆਰ ਕੀਤਾ ਗਿਆ ਸੀ, ਜੋ ਬੇਹੱਦ ਮੁਸ਼ਕਿਲ ਸੀ।ਪਰ ਸਾਇਸ਼ਾ ਨੇ ਥੋੜੇ ਸਮੇਂ ਵਿਚ ਬੇਹਤਰੀਨ ਪੇਸ਼ਕਾਰੀ ਦਿੱਤੀ।ਆਪਣੇ ਪਿਤਾ ਦਿਨੇਸ਼ ਅਤੇ ਮਾਂ ਰੇਖਾ ਨਾਲ ਪਹੁੰਚੀ ਸਾਇਸ਼ਾ ਨੂੰ ਡੀਏਵੀ ਕਾਲਜ ਦੀ ਰਜਿਸਟਰਾਰ ਡਾ. ਆਸ਼ਿਮਾ ਵਾਲੀਆ, ਪਲੇਬੈਕ ਸਿੰਗਰ ਅਲੀਸ਼ ਅਰੋੜਾ, ਸਿਮਰਨ ਸਹਿਜਪਾਲ, ਅਰਵਿੰਦਰ ਭੱਟੀ, ਅਮਨ, ਰਵਿੰਦਰ ਹੰਸ ਆਦਿ ਵਲੋਂ ਬੈਸਟ ਪਰਫਾਰਮੈਂਸ ਐਵਾਰਡ ਨਾਲ ਸਨਮਾਨਿਤ ਕਰਦਿਆਂ ਉਸ ਦੀ ਸ਼ਲਾਘਾ ਕੀਤੀ।
Punjab Post Daily Online Newspaper & Print Media