ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਬੈਂਕਾਂ ਅਤੇ ਏ.ਟੀ.ਐਮ ਬੂਥਾਂ ਸਾਹਮਣੇ ਅੱਜ ਵੀ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆ ਅਤੇ ਲੋੜੀਦੀ ਮਾਤਰਾ ਵਿੱਚ ਕੈਸ਼ ਨਾ ਆਉਣ ਕਰ ਕੇ ਕਈਆਂ ਨੂੰ ਖਾਲੀ ਹੱਥ ਘਰਾਂ ਨੂੰ ਪਰਤਣਾ ਪਿਆ।ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲੋਕਾਂ ਵਲੋਂ ਬੈਂਕਾਂ ਦੇ ਸਾਹਮਣੇ ਗੁੱਸੇ ‘ਚ ਆ ਕੇ ਨਾਅਰੇਬਾਜ਼ੀ ਅਤੇ ਧਰਨੇ ‘ਤੇ ਬੈਠਣ ਦੀਆਂ ਖਬਰਾਂ ਵੀ ਮਿਲੀਆਂ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਤਰਨ ਤਾਰਨ ਰੋਡ ਸਥਿਤ ਦੋ ਕੌਮੀਕ੍ਰਿਤ ਬੈਂਕਾਂ ਸਾਹਮਣੇ ਲਾਈਨਾਂ ਵਿੱਚ ਖੜੇ ਲੋਕਾਂ ਨੇ ਉਸ ਸਮੇਂ ਸਟਾਫ ਨੂੰ ਅੰਦਰ ਡੱਕ ਕੇ ਜੋਰਦਾਰ ਨਾਅਰੇਬਾਜੀ ਕੀਤੀ ਜਦ ਉਨਾਂ ਨੂੰ ਬੈਂਕ ਮੁਲਾਜ਼ਮਾਂ ਨੇ ਕੈਸ਼ ਦੇਣ ਤੋਂ ਇਨਕਾਰ ਕਰ ਦਿੱਤਾ।ਇਸ ਮੌਕੇ ਲੋਕਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਬੈਂਕਾਂ ਵਿੱਚ ਕੈਸ਼ ਨਹੀਂ ਆਇਆ ਹੈ ਅਤੇ ਹੀ ਏ.ਟੀ.ਐਮ ਵੀ ਨਹੀਂ ਚੱਲਦੇ, ਇਸ ਲਈ ਉਨਾਂ ਨੂੰ ਖਾਲੀ ਹੱਥ ਮੁੜਣਾ ਪੈਂਦਾ ਹੈ। ਬੈਂਕ ਅੱਗੇ ਹੋਏ ਪ੍ਰਦਰਸ਼ਨ ਦੀ ਖਬਰ ਮਿਲਣ ‘ਤੇ ਮੌਕੇ ‘ਤੇ ਪੁੱਜੇ ਕੋਟ ਮਿਤ ਸਿੰਘ ਪੁਲਿਸ ਚੌਕੀ ਦੇ ਮੁਖੀ ਮੇਜਰ ਸਿੰਘ ਨੇ ਲੋਕਾਂ ਨੂੰ ਸ਼ਾਂਤ ਕਰਾਇਆ ਅਤੇ ਹਾਜਰ ਲੋਕਾਂ ਨੂੰ ਟੋਕਣ ਵੰਡ ਕੇ ਕੱਲ ਕੈਸ਼ ਮਿਲਣ ਦਾ ਭਰੋਸਾ ਦਿੱਤਾ।
ਇਸੇ ਤਰਾਂ ਪੁਤਲੀਘਰ ਖੇਤਰ ਵਿੱਚ ਇੱਕ ਬੈਂਕ ਤੋਂ ਕੈਸ਼ ਨਾਲ ਮਿਲਣ ਤੋਂ ਦੁਖੀ ਲੋਕਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਬੈਂਕ ਮੈਨੇਜਰ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਇੱਕ ਹੋਰ ਬੈਂਕ ਸਾਹਮਣੇ ਖੜੇ ਇੱਕ ਸਰਕਾਰੀ ਮੁਲਾਜ਼ਮ ਨੇ 2000 ਦੇ ਦੋ ਨੋਟ ਦਿਖਾਉਂਦਿਆ ਕਿਹਾ ਕਿ ਉਸ ਨੂੰ ਘਰ ਦੇ ਖਰਚੇ ਲਈ 10000 ਰੁਪਏ ਚਾਹੀਦੇ ਸਨ ਪਰ ਉਸ ਨੂੰ ਬੈਂਕ ਮੁਲਾਜ਼ਮਾਂ ਨੇ ਕੇਵਲ 4000 ਰੁਪਏ ਦੇ ਕੇ ਤੋਰ ਦਿੱਤਾ ਹੈ।ਸਿਖਿਆ ਵਿਭਾਗ ਵਿੱਚ ਨੌਕਰੀ ਕਰਦੇ ਇਕ ਹੋਰ ਕਰਮਚਾਰੀ ਨੇ ਕਿਹਾ ਕਿ ਉਸ ਦਾ ਪਿਤਾ ਹਸਪਤਾਲ ਵਿੱਚ ਦਾਖਲ ਹੈ ਅਤੇ ਉਸ ਨੇ ਕੈਸ਼ ਕਢਵਾਉੇਣ ਲਈ 10000 ਦਾ ਚੈਕ ਭਰਿਆ ਸੀ, ਪਰ ਬੈਂਕ ਵਾਲ਼ਿਆਂ ਨੇ ਕੈਸ਼ ਦੇਣ ਦੇਣ ਤੋਂ ਇਨਕਾਰ ਕਰਦਿਆਂ ਉਸ ਨੂੰ 7 ਦਸੰਬਰ ਨੂੰ ਆਉਣ ਲਈ ਕਿਹਾ ਹੈ।
ਇੱਕ ਹੋਰ ਬੈਂਕ ਸਾਹਮਣੇ ਖੜੇ ਲੋਕਾਂ ਨੇ ਦੋਸ਼ ਲਾਇਆ ਕਿ ਉਹ ਬੈਂਕ ਖੁੱਲਣ ਤੋਂ ਪਹਿਲਾਂ ਦੇ ਆ ਕੇ ਲਾਈਨਾਂ ਲਗਾ ਕੇ ਖੜੇ ਹਨ ਅਤੇ ਉਨਾਂ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਮੁਲਾਜ਼ਮਾਂ ਨੇ ਬੈਂਕ ਦੇ ਗੇਟ ‘ਤੇ ਕੈਸ਼ ਨਹੀਂ ( ਂੋ ਛੳਸਹ) ਦੇ ਪੋਸਟਰ ਚਿਪਕਾ ਦਿੱਤੇ ਹਨ।ਕੈਸ਼ ਨਾਲ ਮਿਲਣ ਤੋਂ ਪ੍ਰੇਸ਼ਾਨ ਇੱਕ ਬਜੁੱਰਗ ਔਰਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗਰੀਬਾਂ ਨਾਲ ਧੱਕਾ ਕੀਤਾ ਹੇ ਅਤੇ ਉਨਾਂ ਨੂੰ ਆਪਣੇ ਪੈਸੇ ਲੈਣ ਲਈ ਰੁਲਣਾ ਪੈ ਰਿਹਾ ਹੈ।ਜਦਕਿ ਸਰਮਾਏਦਾਰ ਤੇ ਬਾ-ਹੈਸੀਅਤ ਲੋਕਾਂ ਦੀ ਬੈਂਕ ਸਟਾਫ ਨਾਲ ਮਿਲੀਭੁਗਤ ਹੋਣ ਕਰ ਕੇ ਉਨਾਂ ਨੂੰ ਘਰ ਬੈਠਿਆਂ ਹੀ ਪੈਸੇ ਮਿਲ ਰਹੇ ਹਨ।
ਉਧਰ ਇੱਕ ਬੈਂਕ ਮੈਨੇਜਰ ਨੇ ਅਪਣਾ ਨਾਲ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਹ ਵੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਪ੍ਰੇਸ਼ਾਨ ਹਨ, ਪਰ ਬੈਂਕ ਵਿੱਚ ਜਰੂਰਤ ਮੁਤਾਬਕ ਕੈਸ਼ ਨਾ ਪਹੁੰਚਣ ਕਰ ਕੇ ਉਹ ਵੀ ਮਜ਼ਬੂਰ ਹਨ ਅਤੇ ਕਈ ਵਾਰ ਜਦ ਹਾਲਾਤ ਵਿਗੜਣ ਦਾ ਖਦਸ਼ਾ ਹੁੰਦਾ ਹੈ ਤਾਂ ਉਨਾਂ ਨੂੰ ਪੁਲਿਸ ਵੀ ਬੁਲਾਉਣੀ ਪੈਂਦੀ ਹੈ।ਇੱਕ ਹੋਰ ਬੈਂਕ ਮੁਲਾਜ਼ਮ ਨੇ ਦੱਸਿਆ ਕਿ ਸ਼ਹਿਰ ਵਿੱਚ ਅਯੋਜਿਤ ਅੰਤਰਰਾਸ਼ਟਰੀ ਕਾਨਫਰੰਸ ‘ਚ ਕਈ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦੀ ਵੀ.ਵੀ.ਆਈ.ਪੀ ‘ਤੇ ਤਾਇਨਾਤੀ ਕਾਰਣ ਪੂਰੀ ਸੁੱਰਖਿਆ ਨਾ ਮਿਲਣ ਕਾਰਣ ਸ਼ਹਿਰੀ ਤੇ ਜਿਆਦਾਤਰ ਦਿਹਾਤੀ ਖੇਤਰ ਦੀਆਂ ਬੈਂਕ ਬਰਾਂਚਾਂ ਵਿੱਚ ਕੈਸ਼ ਪਹੁੰਚਾੁੳਣ ਵਿੱਚ ਅੜਚਣ ਪਈ ਹੈ।
ਇਸੇ ਦੌਰਾਨ ਬੈਂਕਾਂ ਵਿਚੋੋਂ ਕੈਸ਼ ਲੈਣ ਅਤੇ ਏ.ਟੀ.ਐਮ ਮਸ਼ੀਨਾਂ ਵਿਚੋਂ ਕੈਸ਼ ਕੱਢਵਾਉਣ ਲਈ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਲਾਈਨਾਂ ਵਿੱਚ ਖੜੇ ਲੋਕਾਂ ਦੀ ਸਹਾਇਤਾ ਲਈ ਬੈਂਕਾਂ ਵਿਚ ਹੈਲਪ ਡੈਸਕ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।ਐਨ.ਏ.ਐਲ.ਐਸ.ਏ ਦੇ ਮਾਨਯੋਗ ਐਗਜ਼ੀਕਿਊਟਿਵ ਚੇਅਰਮੈਨ ਦੀ ਮਨਜ਼ੂਰੀ ਉਪਰੰਤ ਜਿਲਾ ਸ਼ੈਸ਼ਨ ਜੱਜ ਅਤੇ ਜਿਲਾ ਲੀਗਲ ਅਥਾਰਟੀ ਅੰਮ੍ਰਿਤਸਰ ਦੇ ਦਿਸਾ ਨਿਰਦੇਸ਼ਾਂ ‘ਤੇ ਸਟੇਟ ਬੈਂਕਾਂ, ਪੰਜਾਬ ਨੈਸ਼ਨਲ ਬੈਂਕਾਂ ਅਤੇ ਡਾਕਖਾਨਿਆਂ ਵਿੱਚ ਹੈਲਪ ਡੈਸਕ ਸਥਾਪਿਤ ਕਰਨ ਲਈ ਪੀ.ਐਲ.ਵੀ ਦੀ ਤਇਨਾਤੀ ਕੀਤੀ ਹੈ।ਜੋ ਲੋਕਾਂ ਨੂੰ ਨਾ ਸਿਰਫ ਨਿਯਮਾਂ ਬਾਰੇ ਜਾਣਕਾਰੀ ਦੇਣਗੇ ਬਲਕਿ ਉਨਾਂ ਦੇ ਫਾਰਮ ਭਰਨ ਵਿੱਚ ਸਹਾਇਤਾ ਕਰਨਗੇ।ਇਸ ਤੋਂ ਇਲਾਵਾ ਦੂਸਰਿਆਂ ਦੇ ਖਾਤਿਆਂ ਵਿੱਚ ਨੋਟ ਨਾ ਜਮਾਂ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਵੀ ਕਰਨਗੇ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media