ਧਾਰਮਿਕ ਅਕੀਦੇ ਤੇ ਸੈਰ ਸਪਾਟੇ ਦਾ ਸਭ ਤੋਂ ਵੱਡਾ ਕੇਂਦਰ ਬਣੇਗਾ ਅੰਮਿ੍ਤਸਰ- ਸੁਖਬੀਰ ਸਿੰਘ ਬਾਦਲ

ਅੰਮਿ੍ਤਸਰ, 12 ਦਸੰਬਰ (ਸੁਖਬੀਰ ਸਿੰਘ) – ਪਵਿੱਤਰ ਨਗਰੀ ਅੰਮਿ੍ਰਤਸਰ ਨੂੰ ਉੱਤਰੀ ਭਾਰਤ ’ਚ ਧਾਰਮਿਕ ਅਕੀਦੇ ਅਤੇ ਸੈਰ ਸਪਾਟੇ ਦੇ ਸਭ ਤੋਂ ਵੱਡੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ।ਇਹ ਪ੍ਰਗਟਾਵਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਐਂਟਰੀ ਗੇਟ ’ਤੇ ਸ਼ਹਿਰ ਵਿਚ ਸੈਲਾਨੀਆਂ ਲਈ ‘ਹੌਪ-ਆਨ ਹੌਪ ਆਫ’ ਡਬਲ ਡੈਕਰ ਬੱਸਾਂ ਦੀ ਸ਼ੁਰੂਆਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਆਉਂਦੇ ਪੰਜ ਸਾਲਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਗੁਰੂ ਨਗਰੀ ਲਈ ਸੈਰ ਸਪਾਟੇ ’ਚ ਇਕ ਮੀਲ ਪੱਥਰ ਸਾਬਿਤ ਹੋਇਆ ਹੈ ਕਿਉਂਕਿ ਅੱਜ ਹੀ ਜਿਥੇ ਹਰੀਕੇ ਪੱਤਣ ਵਿਖੇ ਜਲ-ਥਲੀ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਉਥੇ ਇਤਿਹਾਸਕ ਗੋਬਿੰਦਗੜ੍ਹ ਕਿਲ੍ਹਾ ਵੀ ਨਵੀਨੀਕਰਨ ਤੋਂ ਬਾਅਦ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਹ ਬੱਸਾਂ ਅੰਮਿ੍ਰਤਸਰ ਦੀਆਂ 16 ਵੱਖ-ਵੱਖ ਥਾਵਾਂ ਦੇ ਦੀਦਾਰ ਸੈਲਾਨੀਆਂ ਨੂੰ ਕਰਵਾਉਣਗੀਆਂ, ਜਿਨ੍ਹਾਂ ਵਿਚ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ, ਹਾਲ ਗੇਟ, ਟਾੳੂਨ ਹਾਲ, ਦੁਰਗਿਆਣਾ ਮੰਦਿਰ, ਗੋਬਿੰਦਗੜ੍ਹ ਕਿਲ੍ਹਾ, ਖ਼ਾਲਸਾ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਇੰਡੀਆ ਗੇਟ, ਵਾਰ ਹੀਰੋਜ਼ ਮੈਮੋਰੀਅਲ, ਭਗਵਾਨ ਵਾਲਮੀਕਿ ਤੀਰਥ ਸਥੱਲ, ਸਾਡਾ ਪਿੰਡ/ਹੈਰੀਟੇਜ ਵਿਲੇਜ, ਆਨੰਦ ਪਾਰਕ, ਟ੍ਰੀਲੀਅਮ ਮਾਲ, ਹੋਟਲ ਤਾਜ, ਰਾਮਬਾਗ/ਕੰਪਨੀ ਬਾਗ ਅਤੇ ਅਰਬਨ ਹਾਟ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਖਾਸੀਅਤ ਇਹ ਹੈ ਕਿ ਸੈਲਾਨੀਆਂ ਨੂੰ ਪੂਰੇ ਦਿਨ ਲਈ ਇਕੋ ਟਿਕਟ ਮਿਲੇਗੀ ਅਤੇ ਉਹ ਇਸ ਨਾਲ ਕਿਸੇ ਵੀ ਜਗ੍ਹਾ ’ਤੇ ਉੱਤਰ ਕੇ ਉਸ ਨੂੰ ਦੇਖਣ ਤੋਂ ਬਾਅਦ ਅਗਲੀ ਬੱਸ ਵਿਚ ਚੜ੍ਹ ਸਕਣਗੇ।ਉਨ੍ਹਾਂ ਕਿਹਾ ਕਿ ਫਿਲਹਾਲ ਤਿੰਨ ਬੱਸਾਂ ਚਲਾਈਆਂ ਗਈਆਂ ਹਨ ਅਤੇ ਜਲਦ ਹੀ ਇਨ੍ਹਾਂ ਦੀ ਗਿਣਤੀ 6 ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਸੂਬੇ ਦੇ ਸੈਰ ਸਪਾਟੇ ਨੂੰ ਹੋਰ ਹੁਲਾਰਾ ਮਿਲੇਗਾ ਉਥੇ ਇਸ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।ਬੱਸਾਂ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਸ. ਬਾਦਲ ਬੱਸ ਉੱਤੇ ਹੀ ਸਵਾਰ ਹੋ ਕੇ ਗੋਬਿੰਦਗੜ੍ਹ ਕਿਲ੍ਹੇ ਲਈ ਰਵਾਨਾ ਹੋ ਗਏ।ਇਸ ਮੌਕੇ ਉਨ੍ਹਾਂ ਨਾਲ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਕਮਿਸ਼ਨਰ ਪੁਲਿਸ ਸ੍ਰੀ ਲੋਕ ਨਾਥ ਆਂਗਰਾ, ਡੀ. ਸੀ. ਪੀ ਸ੍ਰੀ ਜੇ ਐਲਨਚੇਜ਼ੀਅਨ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਨਵਜੋਤ ਪਾਲ ਸਿੰਘ ਰੰਧਾਵਾ, ਜ਼ਿਲ੍ਹਾ ਟੂਰਿਜ਼ਮ ਅਫ਼ਸਰ ਬਲਰਾਜ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media