Wednesday, March 25, 2026

ਨਵੀਨੀਕਰਨ ਤੋਂ ਬਾਅਦ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਲੋਕਾਂ ਨੂੰ ਸਮਰਪਿਤ

ਅੰਮਿ੍ਤਸਰ, 12 ਦਸੰਬਰ (ਸੁਖਬੀਰ ਸਿੰਘ) – ਨਵੀਨੀਕਰਨ ਦਾ ਪਹਿਲਾ ਪੜਾਅ ਮੁਕੰਮਲ ਹੋਣ ਤੋਂ ਬਾਅਦ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਇਕ ਸ਼ਾਨਦਾਰ ਸਮਾਗਮ ਦੌਰਾਨ ਅੱਜ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੇ ਸ੍ਰੀ ਅਨਿਲ ਜੋਸ਼ੀ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਜਨਰਲ ਜੇ.ਜੇ ਸਿੰਘ, ਪ੍ਰਸਿੱਧ ਬਾਲੀਵੁੱਡ ਹਸਤੀਆਂ ਅਤੇ ਆਗੂ ਇਸ ਇਤਿਹਾਸਕ ਪਲ ਦੇ ਗਵਾਹ ਬਣੇ।ਗੁਰੂ ਨਗਰੀ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਪ੍ਰਾਜੈਕਟਾਂ ਵਿਚੋਂ ਬੇਹੱਦ ਅਹਿਮ ਮੰਨੇ ਜਾਂਦੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਨਗਰੀ ਸੈਰ ਸਪਾਟੇ ਦੇ ਹੱਬ ਵਜੋਂ ਵਿਕਸਤ ਹੋਵੇਗੀ, ਜਿਥੇ ਪਹਿਲਾਂ ਸੈਲਾਨੀ ਇਥੇ ਇਕ ਦਿਨ ਠਹਿਰਦੇ ਸਨ ਹੁਣ ਤਿੰਨ-ਚਾਰ ਦਿਨ ਠਹਿਰਨਗੇ।ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ’ਚ ਵਿੱਢੇ ਗਏ ਸਾਰੇ ਵਿਕਾਸ ਪ੍ਰਾਜੈਕਟ ਲੱਗਭਗ ਮੁਕੰਮਲ ਹੋ ਗਏ ਹਨ।ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਗੋਲਡਨ ਟੈਂਪਲ ਪਲਾਜ਼ਾ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸ ਦੇ ਬੇਸਮੈਂਟ ’ਚ ਤਿੰਨ ਥਿਏਟਰ ਬਣਾਏ ਗਏ ਹਨ, ਜਿਨ੍ਹਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਰਬਾਰ ਸਾਹਿਬ ਦਾ ਇਤਿਹਾਸ ਅਤੇ ਸਿੱਖ ਇਤਿਹਾਸ ਰੂਪਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਲਾਜ਼ਾ 18 ਦਸੰਬਰ ਨੂੰ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ।ਪੰਜਾਬ ਦੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਦੇਣ ਜਾ ਰਹੇ 44 ਏਕੜ ਵਿਚ ਫੈਲੇ ਲੱਗਭਗ 256 ਸਾਲ ਦਾ ਇਤਿਹਾਸ ਆਪਣੇ ਅੰਦਰ ਸਮੋਈ ਬੈਠੇ ਇਸ ਕਿਲ੍ਹੇ ਨੂੰ ਸੁੰਦਰ ਰੋਸ਼ਨੀਆਂ ਨਾਲ ਸਜਾਇਆ ਗਿਆ।ਅਤਿ-ਆਧੁਨਿਕ ਤਕਨਾਲੋਜੀ ਅਤੇ ਲਾਈਟ ਇਫੈਕਟ ਰਾਹੀਂ ਸਿੱਖ ਰਾਜ ਅਤੇ ਇਤਿਹਾਸ ਦੇ ਹੋਰਨਾਂ ਪਹਿਲੂਆਂ ਨੂੰ ਰੂਪਮਾਨ ਕਰਨਾ ਅਤੇ ਬਾਲੀਵੁੱਡ ਹਸਤੀਆਂ ਦੀਆਂ ਪੇਸ਼ਕਾਰੀਆਂ ਆਪਣੇ ਆਪ ਵਿਚ ਇਕ ਅਜਬ ਨਜ਼ਾਰਾ ਸੀ।ਇਨ੍ਹਾਂ ਬਾਲੀਵੁੱਡ ਹਸਤੀਆਂ ਵਿਚ ਰਣਧੀਰ ਕਪੂਰ, ਰਿਸ਼ੀ ਕਪੂਰ, ਰਣਦੀਪ ਹੁੱਡਾ, ਮਨੀਸ਼ਾ ਕੋਇਰਾਲਾ, ਦਿਵਿਆ ਦੱਤਾ, ਆਰੀਅਨ ਬੱਬਰ, ਦੀਪਾ ਸਾਹੀ, ਰੋਹਿਤ ਰਾਏ, ਕੇਤਨ ਮਹਿਤਾ, ਅਨੂਪ ਜਲੋਟਾ, ਗਿੱਪੀ ਗਰੇਵਾਲ ਆਦਿ ਸ਼ਾਮਲ ਸਨ।ਸ਼ੁਰੂ ਵਿਚ ਭੰਗੀਆਂ ਦੇ ਕਿਲ੍ਹੇ ਨਾਲ ਜਾਣੇ ਜਾਂਦੇ ਭਾਰਤੀ ਇਤਿਹਾਸ ਵਿਚ ਅਹਿਮ ਸਥਾਨ ਰੱਖਦੇ ਇਸ ਕਿਲ੍ਹੇ ਨੂੰ 19ਵੀਂ ਸਦੀ ਦੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਧੀਨ ਕਰਕੇ ਇਸ ਦਾ ਨਾਂਅ ਦਸਮ ਪਾਤਸ਼ਾਹ ਦੇ ਨਾਂਅ ’ਤੇ ਗੋਬਿੰਦਗੜ੍ਹ ਕਿਲ੍ਹਾ ਰੱਖਿਆ। ਉਨ੍ਹਾਂ ਨੇ ਫਰਾਂਸੀਸੀ ਅਤੇ ਸੈਨਿਕ ਮਾਹਰਾਂ ਦੀ ਸਹਾਇਤਾ ਨਾਲ ਇਸ ਕਿਲ੍ਹੇ ਨੂੰ ਨਵਾਂ ਰੂਪ ਦਿੱਤਾ।
ਕਿਹਾ ਜਾਂਦਾ ਹੈ ਕਿ ਪ੍ਰਸਿੱਧ ਤੋਪ ਜ਼ਮਜ਼ਮਾ ਅਤੇ ਕੋਹਿਨੂਰ ਹੀਰਾ ਵੀ ਇਸੇ ਕਿਲ੍ਹੇ ਵਿਚ ਰੱਖਿਆ ਗਿਆ ਸੀ। ਕਿਲ੍ਹੇ ਦਾ ਮੁੱਖ ਦਰਵਾਜ਼ਾ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਜਰਨੈਲ ਹਰੀ ਸਿੰਘ ਨਲੂਆ ਦੇ ਨਾਂਅ ’ਤੇ ਨਲੂਆ ਗੇਟ ਨਾਲ ਜਾਣਿਆ ਜਾਂਦਾ ਹੈ।ਐਂਗਲੋ ਸਿੱਖ ਜੰਗਾਂ ਤੋਂ ਬਾਅਦ ਇਸ ਕਿਲ੍ਹੇ ’ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ ਆਜ਼ਾਦੀ ਤੋਂ ਬਾਅਦ ਇਹ ਭਾਰਤੀ ਸੈਨਾ ਕੋਲ ਆ ਗਿਆ। 2008 ਵਿਚ ਇਸ ਨੂੰ ਪੰਜਾਬ ਸਰਕਾਰ ਦੇ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦੀ ਅਮੀਰ ਵਿਰਾਸਤ ਦੇ ਪ੍ਰਤੀਕ ਗੋਬਿੰਦਗੜ੍ਹ ਕਿਲ੍ਹੇ ਦੇ ਨਵੀਨੀਕਰਨ ਦੇ ਕੰਮ ’ਤੇ ਕੁਲ 100 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਅਤੇ ਇਸ ਦਾ ਪਹਿਲਾ ਪੜਾਅ 45 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਇਆ ਹੈ ਜਦਕਿ ਅੰਤਿਮ ਪੜਾਅ 2021 ਵਿਚ ਮੁਕੰਮਲ ਹੋਵੇਗਾ।ਕਿਲ੍ਹੇ ਵਿਚ ਮਿੳੂਜ਼ੀਅਮ, ਐਨੀਮੇਸ਼ਨ ਸ਼ੋਅ, ਅੰਮਿ੍ਰਤਸਰੀ ਜ਼ਾਇਕਾ ਸਟਰੀਟ, ਆਰਟ ਬਾਜ਼ਾਰ, ਰੈਸਟੋਰੈਂਟ, ਕੈਫੇਟੇਰੀਆ ਅਤੇ ਹੋਰ ਅਨੇਕਾਂ ਚੀਜ਼ਾਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੋਣਗੀਆਂ।ਇਸ ਮੌਕੇ ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ, ਸਕੱਤਰ ਸੈਰ ਸਪਾਟਾ ਸ੍ਰੀ ਹੁਸਨ ਲਾਲ, ਡਾਇਰੈਕਟਰ ਸੈਰ ਸਪਾਟਾ ਨਵਜੋਤ ਪਾਲ ਸਿੰਘ ਰੰਧਾਵਾ, ਗੁਰਪ੍ਰਤਾਪ ਸਿੰਘ ਟਿੱਕਾ, ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply