Monday, March 23, 2026

ਭਿੱਖੀਵਿੰਡ ਪਹੁੰਚਿਆ ਤੇਂਦੂਆ, ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹੌਲ

ਖਾਲੜਾ/ਭਿੱਖੀਵਿੰਡ, 13 ਦਸੰਬਰ (ਹਰਵਿੰਦਰ ਭਾਟੀਆ, ਕੁਲਵਿੰਦਰ ਕੰਬੋਕੇ)- ਕੁੱਝ ਦਿਨ ਪਹਿਲਾਂ ਪਿੰਡ ਮਾੜੀਗੋੜ ਸਿੰਘ ਨੇੜੇ ਤਿੰਨ ਵਿਅਕਤੀਆਂ ਉਪਰ ਹਮਲਾ ਕਰਕੇ ਜਖਮੀ ਕਰਨ ਵਾਲਾ ਤੇਂਦੂਆ, ਜੋ ਜੰਗਲਾਤ ਵਿਭਾਗ ਦੇ ਅਧਿਕਾਰੀਆਂ, ਪੁਲਿਸ ਕਰਮਚਾਰੀਆਂ, ਹਥਿਆਰਬੰਦ ਲੋਕਾਂ ਨੂੰ ਚਕਮਾ ਦੇ ਭੱਜ ਗਿਆ ਸੀ ਅਤੇ ਕਈ ਦਿਨ ਲਾਪਤਾ ਰਹਿਣ ਤੋਂ ਬਾਅਦ ਇਹ ਤੇਂਦੂਆ ਕਸਬਾ ਭਿੱਖੀਵਿੰਡ ਤੇ ਪਿੰਡ ਪਹੂਵਿੰਡ ਦੇ ਵਿਚਕਾਰ ਬਣੀ ਬਾਬਾ ਦੀਪ ਸਿੰਘ ਕਾਲੋਨੀ ਵਿਚ ਬੀਤੀ ਰਾਤ ਦਿਖਾਈ ਦਿੱਤਾ, ਜੋ ਰਾਤ ਸਮੇਂ ਚੌਕੀਦਾਰ ਦੀ ਨੌਕਰੀ ਕਰਦੇ ਭਿੱਖੀਵਿੰਡ ਵਾਸੀ ਦਰਸ਼ਨ ਸਿੰਘ, ਜੋ ਅੱਗ ਸੇਕ ਰਿਹਾ ਸੀ, ਦੇ ਅੱਗਿਉ ਲੰਘ ਕੇ ਕੰਡਿਆਲੀ ਤਾਰ ਨੂੰ ਪਾਰ ਕਰਦਾ ਹੋਇਆ ਕਿਸੇ ਪਾਸੇ ਚਲੇ ਗਿਆ।ਚੌਕੀਦਾਰ ਦਰਸ਼ਨ ਸਿੰਘ ਨੇ ਇਸ ਤੇਂਦੂਏ ਬਾਰੇ ਕਾਲੋਨੀ ਵਿਚ ਰਹਿੰਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਤਾਂ ਕਾਲੋਨੀ ਵਿਚ ਰਹਿੰਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਅਤੇ ਲੋਕ ਰਾਤ ਸਮੇਂ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਵੀ ਕੰਨੀ ਕਤਰਾਅ ਰਹੇ ਹਨ। ਚੌਕੀਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਅੱਗ ਬਾਲ ਕੇ ਸੇਕ ਰਿਹਾ ਸੀ ਤਾਂ ਉਸ ਸਮੇਂ ਕਾਲੋਨੀ ਵਿਚ ਘੁੰਮ ਰਿਹਾ ਤੇਂਦੂਆ ਕੰਡਿਆਲੀ ਤਾਰ ਪਾਰ ਕਰਕੇ ਨੇੜਿਉ ਲੰਘ ਗਿਆ ਤਾਂ ਉਸ ਦੇ ਹੋਸ਼ ਉਡ ਗਏ।  ਤੇਂਦੂਏ ਦੇ ਡਰ ਨਾਲ ਸਹਿਮੇ ਹੋਏ ਕਾਲੋਨੀ ਵਿਚ ਵੱਸਦੇ ਸੁਰਿੰਦਰ ਕੁਮਾਰ ਤੇ ਕ੍ਰਿਸ਼ਨ ਲਾਲ ਚੱਢਾ ਆਦਿ ਨੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਤੇਂਦੂਏ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਤਾਂ ਜੋ ਇਹ ਖੂੰਖਾਰ ਜਾਨਵਰ ਕਿਸੇ ਦਾ ਜਾਨੀ ਨੁਕਸਾਨ ਨਾ ਕਰ ਦੇਵੇ।

ਤੇਂਦੂਏ ਸੰਬੰਧੀ ਕੀ ਕਹਿਣਾ ਹੈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ
ਇਸ ਸੰਬੰਧੀ ਜੰਗਲਾਤ ਵਿਭਾਗ ਦੇ ਇੰਚਾਰਜ ਲਖਵਿੰਦਰ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਆਖਿਆ ਕਿ ਤੇਂਦੂਏ ਨੂੰ ਫੜਣ ਲਈ ਪਿੰਡ ਮਾੜੀ ਗੋੜ ਸਿੰਘ ਵਿਖੇ ਪਿੰਜਰਾ ਲਾਇਆ ਗਿਆ ਸੀ, ਪਰ ਤੇਂਦੂਆ ਕਿਸੇ ਹੋਰ ਪਾਸੇ ਚਲਾ ਗਿਆ। ਲਖਵਿੰਦਰ ਸਿੰਘ ਨੇ ਆਖਿਆ ਕਿ ਭਿੱਖੀਵਿੰਡ ਵਿਖੇ ਲੋਕਾਂ ਵੱਲੋਂ ਵੇਖੇ ਗਏ ਤੇਂਦੂਏ ਨੂੰ ਫੜਣ ਲਈ ਜੰਗਲਾਤ ਵਿਭਾਗ ਵੱਲੋਂ ਭਿੱਖੀਵਿੰਡ ਵਿਖੇ ਪਿੰਜਰਾ ਲਗਾ ਦਿੱਤਾ ਜਾਵੇਗਾ ।

ਤੇਂਦੂਏ ਸੰਬੰਧੀ ਕੀ ਕਹਿੰਦੇ ਹਨ ਡੀ.ਐਸ.ਪੀ ਨਾਗੋਕੇ
ਡਿਪਟੀ ਸੁਪਰਡੈਂਟ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ ਨੇ ਆਖਿਆ ਕਿ ਤੇਂਦੂਏ ਨੂੰ ਫੜਣਾ ਤਾਂ ਜੰਗਲਾਤ ਵਿਭਾਗ ਦਾ ਹੀ ਕੰਮ ਹੈ।ਉਹਨਾਂ ਨੇ ਕਿਹਾ ਕਿ ਪੁਲਿਸ ਪਹਿਲਾਂ ਵੀ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਤਤਪਰ ਹੈ, ਉਥੇ ਹੁਣ ਵੀ ਲੋਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਕਿਹਾ ਕਿ ਭਿੱਖੀਵਿੰਡ ਵਿਖੇ ਵੇਖੇ ਗਏ ਤੇਂਦੂਏ ਸੰਬੰਧੀ ਜੰਗਲਾਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਮਹਿਕਮੇ ਵੱਲੋਂ ਤੇਂਦੂਏ ਨੂੰ ਫੜਿਆ ਜਾ ਸਕੇ।ਉਹਨਾਂ ਨੇ ਕਿਹਾ ਕਿ ਜੇਕਰ ਭਿੱਖੀਵਿੰਡ ਨੇੜੇ ਤੇਂਦੂਆ ਕਿਸੇ ਨੂੰ ਦਿਖਾਈ ਦਿੰਦਾ ਹੈ ਤਾਂ ਉਹ ਪੁਲਿਸ ਨੂੰ ਸੂਚਨਾ ਦੇਣ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply