
ਫਾਜ਼ਿਲਕਾ, 14 ਦਸੰਬਰ (ਵਿਨੀਤ ਅਰੋੜਾ) – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਫਾਜ਼ਿਲਕਾ ਦੇ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਹੋਏ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਉਜ਼ਵਲਾ ਯੋਜਨਾ ਤਹਿਤ ਔਰਤਾਂ ਨੂੰ ਗੈਸ ਚੁਲ੍ਹੇ, ਨੌਜਵਾਨ ਕਲੱਬਾਂ ਨੂੰ ਖੇਡ ਕਿੱਟਾਂ ਅਤੇ ਸਭ ਲਈ ਘਰ ਸਕੀਮ ਤਹਿਤ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੰਤਰੀ ਸ਼੍ਰੀ ਜਿਆਣੀ ਨੇ ਕਿਹਾ ਕਿ ਦੇਸ਼ ਦੀ ਐਨ.ਡੀ.ਏ. ਸਰਕਾਰ ਅਤੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਹਨ। ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਵਿਕਾਸ ਨੂੰ ਬਰਾਬਰ ਤਰਜੀਹ ਦਿੰਦਿਆਂ ਸਮਾਜ ਭਲਾਈ ਦੇ ਕਾਰਜਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ, ਭਗਤ ਪੂਰਨ ਸਿਹਤ ਸਕੀਮ, ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ, ਐਸ.ਸੀ./ਬੀ.ਸੀ. ਪਰਿਵਾਰਾਂ ਨੂੰ 200 ਯੂਨਿਟ ਬਿਜਲੀ, ਸ਼ਗਨ ਸਕੀਮ ਵਰਗੀਆਂ ਲੋਕ ਭਲਾਈ ਸਕੀਮਾਂ ਲਾਗੂ ਕੀਤੀਆਂ ਹਨ, ਜਿਸ ਦਾ ਸਮਾਜ ਦੇ ਹੇਠਲੇ ਤਬਕੇ ਨੂੰ ਵਿਸ਼ੇਸ਼ ਤੌਰ ਤੇ ਲਾਭ ਪਹੁੰਚਿਆ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ ਜਿੱਥੇ 0 ਤੋਂ 18 ਸਾਲ ਦੇ ਬੱਚਿਆਂ ਨੂੰ 30 ਘਾਤਕ ਬਿਮਾਰੀਆਂ ਦੇ ਮੁਫ਼ਤ ਇਲਾਜ ਲਈ ਸਹੂਲਤ ਦਿੱਤੀ ਗਈ ਹੈ, ਉਥੇ ਹੀ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਖਤਰਨਾਕ ਬਿਮਾਰੀਆਂ ਦੇ ਮੁਫ਼ਤ ਇਲਾਜ ਦੀ ਸਹੂਲਤ ਵੀ ਦਿੱਤੀ ਗਈ ਹੈ।
ਸਿਹਤ ਮੰਤਰੀ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਉਜਵਲਾ ਯੋਜਨਾ’ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ ਔਰਤਾਂ ਲਈ ਬਹੁਤ ਵੱਡਾ ਵਰਦਾਨ ਸਾਬਿਤ ਹੋਵੇਗੀ ਅਤੇ ਇਨ੍ਹਾਂ ਦੇ ਚੁਲ੍ਹੇ ਚੌਂਕੇ ਵਿਚੋਂ ਧੂੰਏ ਦੇ ਖਾਤਮੇ ਨਾਲ ਉਨ੍ਹਾਂ ਦੇ ਜੀਵਨ ਵਿਚ ਨਵੀਂ ਰੌਸ਼ਨੀ ਆਵੇਗੀ। ਉਨ੍ਹਾਂ ਕਿਹਾ ਕਿ ਸਭ ਲਈ ਘਰ ਸਕੀਮ ਤਹਿਤ 2022 ਤੱਕ ਸਰਕਾਰ ਵੱਲੋਂ ਨਿਰਣਾ ਕੀਤਾ ਗਿਆ ਹੈ ਕਿ ਹਰ ਬੇ-ਘਰੇ ਨੂੰ ਘਰ ਮੁਹੱਈਆ ਕਰਵਾਇਆ ਜਾਵੇ। ਇਸੇ ਤਰ੍ਹਾਂ ਨੌਜਵਾਨ ਕਲੱਬਾਂ ਨੂੰ ਖੇਡ ਕਿਟਾਂ ਦੇ ਕੇ ਨੌਜਵਾਨਾਂ ਨੂੰ ਸਾਰਥਕ ਕਾਰਜਾਂ ਨਾਲ ਜੋੜਨਾ ਹੈ।
ਸੰਬੋਧਤ ਕਰਦਿਆਂ ਡਿਪਟੀ ਕਮਿਸ਼ਨਰ ਫਾਜਿਲਕਾ ਈਸ਼ਾ ਕਾਲੀਆ ਨੇ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਸੂਚਨਾ ਇੱਕਠੀ ਕੀਤੀ ਜਾ ਰਹੀ ਹੈ, ਤਾਂ ਜੋ ਅਜਿਹੇ ਗੈਸ ਸਿਲੰਡਰ ਤੋਂ ਵਾਂਝੇ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾ ਸਕਣ। ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ, ਐਸਡੀਐਮ ਵਿਨੋਦ ਬਾਂਸਲ, ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਾਕੇਸ਼ ਧੂੜੀਆ, ਜਗਦੀਸ਼ ਸੇਤੀਆ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਕੌਂਸਲਰ ਅਸ਼ੋਕ ਜੈਰਥ, ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਵਿਨੋਦ ਬਜਾਜ, ਸਾਬਕਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ, ਵਿਨੋਦ ਜਾਂਗਿੜ, ਰਾਕੇਸ਼ ਸਹਿਗਲ, ਜਿਲ੍ਹਾ ਖੇਡ ਅਫਸਰ ਬਲਵੰਤ ਸਿੰਘ, ਕਾਰਜ ਸਾਧਕ ਅਫਸਰ ਗੁਰਦਾਸ ਸਿੰਘ, ਡੀ.ਐਫ.ਐਸ.ਓ. ਹਿਮਾਂਸ਼ੂ ਕੁੱਕੜ ਹਾਜ਼ਰ ਸਨ।
Punjab Post Daily Online Newspaper & Print Media