Sunday, June 15, 2025
Breaking News

 ਉੱਪ ਮੁੱਖ ਮੰਤਰੀ ਕਰਨਗੇ ਬੀ.ਆਰ.ਟੀ.ਐਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ

ppn1412201607

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਦੇ ਆਵਾਜਾਈ ਪ੍ਰਬੰਧਾਂ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਸੁਪਨਾ ਭਲਕੇ ਉਸ ਵੇਲੇ ਹਕੀਕਤ ਵਿਚ ਬਦਲਣ ਜਾ ਰਿਹਾ ਹੈ, ਜਦੋਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਬੀ. ਆਰ. ਟੀ. ਐਸ (ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ) ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ। ਚਿਰਾਂ ਤੋਂ ਉਡੀਕੇ ਜਾ ਰਹੇ 550 ਕਰੋੜ ਦੇ ਇਸ ਬੇਹੱਦ ਅਹਿਮ ਪ੍ਰਾਜੈਕਟ ਨਾਲ ਸ਼ਹਿਰ ਦੇ ਟ੍ਰਾਂਸਪੋਰਟ ਸਿਸਟਮ ਦੀ ਨੁਹਾਰ ਬਦਲ ਜਾਵੇਗੀ। ਇਸ ਪ੍ਰਾਜੈਕਟ ਤਹਿਤ 31 ਕਿਲੋਮੀਟਰ ਲੰਬੇ ਵਿਸ਼ੇਸ਼ ਕੌਰੀਡੋਰਾਂ ‘ਤੇ ਮੈਟਰੋ ਦੀ ਤਰਜ਼ ‘ਤੇ 93 ਏਅਰ ਕੰਡੀਸ਼ਨਡ ਬੱਸਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਲਈ ਵਿਸ਼ੇਸ਼ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਤੋਂ ਯਾਤਰੀ ਬੱਸ ਵਿਚ ਚੜ੍ਹ ਅਤੇ ਉਤਰ ਸਕਣਗੇ।ਇਸ ਤੋਂ ਇਲਾਵਾ ਅੰਗਹੀਣਾਂ ਲਈ ਵਿਸ਼ੇਸ਼ ਰੈਂਪ ਵੀ ਤਿਆਰ ਕੀਤੇ ਗਏ ਹਨ ਅਤੇ ਵੀਲ੍ਹ ਚੇਅਰ ਦਾ ਵੀ ਪ੍ਰਬੰਧ ਹੋਵੇਗਾ। ਵਿਸ਼ਵ ਪੱਧਰੀ ਆਡੀਓ-ਵਿਜ਼ੂਅਲ ਯਾਤਰੀ ਸੂਚਨਾ ਅਤੇ ਕਿਰਾਇਆ ਪ੍ਰਣਾਲੀ ਨਾਲ ਲੈਸ ਇਹ ਬੱਸਾਂ ਸ਼ਹਿਰ ਦੇ ਵੱਖ-ਵੱਖ ਭਾਗਾਂ ਨੂੰ ਆਪਸ ਵਿਚ ਜੋੜਨਗੀਆਂ। ਜੀ. ਪੀ. ਐਸ ਅਤੇ ਕੈਮਰਿਆਂ ਵਾਲੀਆਂ ਇਨ੍ਹਾਂ ਅਤਿ-ਆਧੁਨਿਕ ਬੱਸਾਂ ਨੂੰ ਇਕ ਕੇਂਦਰੀ ਕੰਟਰੋਲ ਰੂਮ ਰਾਹੀਂ ਸੰਚਾਲਿਤ ਕੀਤਾ ਜਾਵੇਗਾ।
ਬੀ.ਆਰ.ਟੀ.ਐਸ ਰੂਟ ਅੰਤਰਰਾਜੀ ਬੱਸ ਅੱਡਾ, ਰੇਲਵੇ ਸਟੇਸ਼ਨ,ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਿੱਖਿਆ ਸੰਸਥਾਵਾਂ, ਸ਼ਾਪਿੰਗ ਵਾਲੀਆਂ ਥਾਵਾਂ, ਵੇਰਕਾ, ਨਿਊ ਅੰਮ੍ਰਿਤਸਰ ਅਤੇ ਛੇਹਰਟਾ ਨੂੰ ਆਪਸ ਵਿਚ ਜੋੜੇਗਾ। ਭਲਕੇ ਪਹਿਲੇ ਪੜਾਅ ਵਿਚ ਇੰਡੀਆ ਗੇਟ ਤੋਂ ਰੇਲਵੇ ਸਟੇਸ਼ਨ ਤੱਕ ਦੇ ਕੌਰੀਡੋਰ ਦੀ ਸ਼ੁਰੂਆਤ ਕੀਤੀ ਜਾਵੇਗੀ ਜਦਕਿ ਦਸੰਬਰ ਦੇ ਚੌਥੇ ਹਫ਼ਤੇ ਵੇਰਕਾ ਬਾਈਪਾਸ-ਵਿਜੇ ਨਗਰ-ਮਾਲ ਰੋਡ-ਕਿਚਲੂ ਚੌਕ-ਰੇਲਵੇ ਸਟੇਸ਼ਨ ਦਾ ਕੌਰੀਡੋਰ ਵੀ ਚਾਲੂ ਕਰ ਦਿੱਤਾ ਜਾਵੇਗਾ।ਇਸੇ ਤਰ੍ਹਾਂ ਜਨਵਰੀ 2017 ਦੇ ਚੌਥੇ ਹਫ਼ਤੇ ਵੇਰਕਾ ਟਾਊਨ ਤੱਕ ਦਾ ਕੌਰੀਡੋਰ ਅਤੇ ਫਰਵਰੀ 2017 ਵਿਚ ਰੇਲਵੇ ਸਟੇਸ਼ਨ-ਭੰਡਾਰੀ ਪੁਲ-ਅੰਤਰਰਾਜੀ ਬੱਸ ਅੱਡਾ-ਐਂਟਰੀ ਗੇਟ ਅੰਮ੍ਰਿਤਸਰ ਨੂੰ ਜੋੜਨ ਵਾਲਾ ਕੌਰੀਡੋਰ ਸ਼ੁਰੂ ਹੋ ਜਾਵੇਗਾ। ਇਸ ਨਾਲ ਜਿਥੇ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ, ਉਥੇ ਟ੍ਰੈਫਿਕ ਜਾਮ ਅਤੇ ਪ੍ਰਦੂਸ਼ਣ ਤੋਂ ਵੀ ਨਿਜ਼ਾਤ ਮਿਲੇਗੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply