
ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ ਸੱਗੂ)- ਐਸਵਾਈਐਲ ਨੂੰ ਲੈ ਕੇ ਕੇਜਰੀਵਾਲ ਦੀ ਨੀਅਤ ‘ਚ ਖੋਟ ਹੈ।ਉਹ ਪੰਜਾਬ ਦਾ ਪਾਣੀ ਖੋਹਣ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜ ਰਿਹਾ ਹੈ।ਉਹ ਕਦੇ ਭ੍ਰਿਸ਼ਟਾਚਾਰ ਦੂਰ ਕਰਨ ਅਤੇ ਕਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦਾ ਹੈ।ਪਰ ਸੱਚਾਈ ਇਹ ਹੈ ਕਿ ਉਹ ਐਸਵਾਈਐਲ ਦੇ ਜ਼ਰੀਏ ਪੰਜਾਬ ਦੇ ਪਾਣੀਆਂ ਨੂੰ ਲੁੱਟਣਾ ਚਾਹੁੰਦਾ ਹੈ।ਇਹ ਸ਼ਬਦ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ।ਉਹ ਆਪ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ ਦਿਨੀਂ ਮਜੀਠਾ ਵਿਖੇ ਪੰਜਾਬ ਦੇ ਪਾਣੀਆਂ ਬਾਰੇ ਬਿਆਨ ਦਿੰਦਿਆਂ ਮਾਰੀ ਪੁੱਠੀ ਛਾਲ ਉੱਤੇ ਟਿੱਪਣੀ ਕਰ ਰਹੇ ਸਨ।ਉਹਨਾਂ ਕਿਹਾ ਕਿ ਕੇਜਰੀਵਾਲ ਮੁੱਢ ਤੋਂ ਹੀ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਵਾਸਤੇ ਸਾਜਿਸ਼ਾਂ ਘੜਦਾ ਆ ਰਿਹਾ ਹੈ।ਇਸ ਬਾਰੇ ਦਿੱਲੀ ਸਰਕਾਰ ਸੁਪਰੀਮ ਕੋਰਟ ਵਿਚ ਲਿਖ ਕੇ ਦੇ ਚੁੱਕੀ ਹੈ ਕਿ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਮਿਲਣਾ ਚਾਹੀਦਾ ਹੈ।ਇਸ ਕਰਕੇ ਪੰਜਾਬ ਦੇ ਚੋਣ ਦੌਰਿਆਂ ਦੌਰਾਨ ਕੇਜਰੀਵਾਲ ਇਸ ਮਾਮਲੇ ਉੱਤੇ ਲੰਬੀ ਦੇਰ ਤੋਂ ਚੁੱਪ ਵੱਟੀ ਬੈਠਾ ਸੀ। ਪਿਛਲੇ ਦਿਨੀ ਲੁਧਿਆਣਾ ਰੈਲੀ ਦੌਰਾਨ ਵੀ ਐਸਵਾਈਐਲ ਬਾਰੇ ਗੱਲ ਕਰਨ ਲੱਗਿਆਂ ਉਸ ਦੀ ਜ਼ਬਾਨ ਥਿੜਕ ਗਈ ਸੀ ਅਤੇ ਉਸ ਨੇ ਜੁਆਬ ਦੇਣ ਲਈ ਸਿਮਰਜੀਤ ਸਿੰਘ ਬੈਂਸ ਨੂੰ ਅੱਗੇ ਕਰ ਦਿੱਤਾ ਸੀ।
ਅਕਾਲੀ ਆਗੂ ਨੇ ਅੱਗੇ ਦੱਸਿਆ ਕਿ ਮਜੀਠਾ ਵਿਖੇ ਰੈਲੀ ਦੌਰਾਨ ਜਦੋਂ ਕੇਜਰੀਵਾਲ ਤੋਂ ਐਸ.ਵਾਈ.ਐਲ ਬਾਰੇ ਪੁੱਛਿਆ ਤਾਂ ਉਸ ਨੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਕਿ ਪੰਜਾਬ ਦੇੇ ਪਾਣੀਆਂ ਉੱਤੇ ਸਾਰਿਆਂ ਦਾ ਹੱਕ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਵਰਗੀਆਂ ਕੇਸਰੀ ਪੱਗਾਂ ਬੰਨ੍ਹ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਅਤੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਲੋਕਾਂ ਨੂੰ ਜੁਆਬ ਦੇਣ ਕਿ ਕੀ ਪਾਣੀਆਂ ਦੇ ਮੁੱਦੇ ਉੱਤੇ ਉਹ ਕੇਜਰੀਵਾਲ ਦੇ ਨਾਲ ਖੜ੍ਹੇ ਹਨ ਜਾਂ ਉਹਨਾਂ ਦੀ ਸੋਚ ਵੱਖਰੀ ਹੈ? ਉਹਨਾਂ ਕਿਹਾ ਕਿ ਜੇਕਰ ਆਪ ਦੇ ਹੱਥ ਵਿਚ ਸੱਤਾ ਆ ਗਈ ਤਾਂ ਇਹ ਪੰਜਾਬ ਨੂੰ ਬਰਬਾਦ ਕਰ ਦੇਵੇਗੀ। ਦਿੱਲੀ ਵਾਲੇ ਲੋਕਾਂ ਨੂੰ ਮਿਲਦੀਆਂ ਸਾਰੀਆਂ ਸਹੂਲਤਾ ਬੰਦ ਕਰ ਦੇਣਗੇ ਅਤੇ ਪੰਜਾਬੀਆਂ ਨੂੰ ਇਸ ਤਰ੍ਹਾਂ ਲੁੱਟਣਾ ਸ਼ੁਰੂ ਕਰ ਦੇਣਗੇ ਕਿ ਉਹਨਾਂ ਨੂੰ ਮੁਗਲ ਹਮਲਾਵਰਾਂ ਵਾਲੇ ਦਿਨ ਚੇਤੇ ਆ ਜਾਣਗੇ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media