
ਫਾਜ਼ਿਲਕਾ, 16 ਦਸੰਬਰ (ਵਿਨੀਤ ਅਰੋੜਾ) – ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਆਪਣੇ ਹਲਕੇ ਦੇ ਪਿੰਡਾਂ ਵਿਚ ਲੋਕਾਂ ਨੂੰ ਪੂਰੀਆਂ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਲੋਕ ਇਲਾਜ ਨਾ ਹੋਣ ਕਾਰਨ ਬਿਮਾਰੀਆਂ ਤੋਂ ਪੀੜ੍ਹਤ ਹਨ ਅਤੇ ਅਕਾਲੀ ਭਾਜਪਾ ਸਰਕਾਰ ਦੇ ਮੰਤਰੀ ਝੂਠੇ ਦਾਅਵੇ ਕਰਕੇ ਪੂਰੀਆਂ ਸਿਹਤ ਸੇਵਾਵਾਂ ਦੇਣ ਦੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਸਰਹੱਦੀ ਪਿੰਡਾਂ ਕਾਵਾਂਵਾਲੀ, ਰਾਮ ਸਿੰਘ ਵਾਲੀ ਭੈਣੀ, ਸ਼ਮਸ਼ਾਬਾਦ, ਤੇਜਾ ਰੁਹੇਲਾ ਆਦਿ ਦਾ ਦੋਰਾ ਕਰਦੇ ਹੋਏ ਲੋਕਾਂ ਨਾਲ ਮੁਲਾਕਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਅੱਜ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਆਪਣੇ ਹਲਕੇ ਦੀਆਂ ਜਿਆਦਾਤਰ ਪਿੰਡਾਂ ਦੀਆਂ ਡਿਸਪੈਂਸਰੀਆਂ ਬੰਦ ਪਈਆਂ ਅਤੇ ਜੇਕਰ ਕੁਝ ਚੱਲ ਰਹੀਆਂ ਹਨ ਤਾਂ ਉੱਥੇ ਡਾਕਟਰਾਂ ਅਤੇ ਸਟਾਫ਼ ਦੀ ਕਮੀ ਹੈ। ਜਿਸ ਕਾਰਨ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਨਹੀਂ ਕਰਵਾ ਪਾ ਰਹੇ। ਉਨ੍ਹਾਂ ਕਿਹਾ ਕਿ ਅੱਜ ਗਰੀਬ ਲੋਕ ਆਪਣਾ ਇਲਾਜ ਕਰਵਾਉਣ ਲਈ ਲੱਖਾਂ ਰੁਪਏ ਦਾ ਕਰਜ਼ਾ ਚੁੱਕਕੇੇ ਬਾਹਰ ਦੇ ਸੂਬਿਆਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਵਿਚ ਵੀ ਪੂਰੀਆਂ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ ਅਤੇ ਸਟਾਫ਼ ਦੀ ਵੀ ਕਮੀ ਹੈ। ਉੱਥੇ ਅਲਟਰਾਸਾਊਂਡ ਮਸ਼ੀਨ ਬੰਦ ਪਈ ਐ, ਸਿਟੀ ਸਕੈਨ ਕਰਨ ਲਈ ਕੋਈ ਮਾਹਿਰ ਡਾਕਟਰ ਨਹੀਂ ਹੈ ਜਿਸ ਕਾਰਨ ਸਿਟੀ ਸਕੈਨ ਕਰਨ ਲਈ ਮਸ਼ੀਨ ਨੂੰ ਠੇਕੇ ਤੇ ਦੇ ਦਿੱਤਾ ਗਿਆ ਹੈ ਅਤੇ ਗੰਭੀਰ ਮਰੀਜ਼ਾਂ ਦੇ ਸਿਟੀ ਸਕੈਨ ਦੀ ਰਿਪੋਰਟ ਕੁਝ ਦਿਨ ਬਾਅਦ ਮਿਲ ਰਹੀ ਹੈ, ਅਮਰਜੰਸੀ ਵਿਚ ਲੋਕਾਂ ਨੂੰ ਫਾਜ਼ਿਲਕਾ ਵਿਚ ਇਲਾਜ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਬਾਹਰ ਦੇ ਹਸਪਤਾਲਾਂ ਵਿਚ ਭੇਜਿਆ ਜਾਂਦਾ ਹੈ। ਇਸ ਤਰ੍ਹਾਂ ਨਾਲ ਫਾਜ਼ਿਲਕਾ ਦੇ ਹਸਪਤਾਲ ਵਿਚ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ ਅਤੇ ਸਿਹਤ ਮੰਤਰੀ ਮੀਡੀਆ ਅਤੇ ਲੋਕਾਂ ਦੇ ਸਾਹਮਣੇ ਝੂਠੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਮੰਤਰੀ ਦੇ ਰਾਜ ਵਿਚ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਸਿਹਤ ਸੇਵਾ ਨਹੀਂ ਮਿਲ ਰਹੀ ਤਾਂ ਹੋਰ ਸੂਬੇ ਦੇ ਹਸਪਤਾਲਾਂ ਵਿਚ ਕਿਸ ਤਰ੍ਹਾਂ ਨਾਲ ਸਿਹਤ ਸੇਵਾਵਾਂ ਮਿਲ ਰਹੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਏ ਸਰਹੱਦੀ ਲੋਕਾਂ ਦਾ ਇਲਾਜ ਕਰਵਾਇਆ ਜਾਵੇਗਾ। ਇਸ ਮੌਕੇ ਸਰਹੱਦੀ ਪਿੰਡਾਂ ਦੇ ਵਾਸੀਆਂ ਨੇ ਸਮਰਬੀਰ ਸਿੰਘ ਨੂੰ ਭਰੋਸਾ ਦੁਆਇਆ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਦਾ ਸਾਥ ਦੇਕੇ ਪੰਜਾਬ ਦੀ ਤਸਵੀਰ ਨੂੰ ਬਦਲਣਗੇ ਅਤੇ ਸੱਤਾ ਵਿਚ ਆਪ ਦੀ ਸਰਕਾਰ ਨੂੰ ਲੈ ਕੇ ਆਉਣਗੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media