
ਪਠਾਨਕੋਟ, 18 ਦਸੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਦਾਲਾਂ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ, ਦੇਸੀ ਮੱਕੀ ਆਦਿ ਦਾ ਖਪਤਕਾਰਾਂ ਨਾਲ ਜੋੜ ਸਿੱਧਾ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਜਿਨਸਾਂ ਦਾ ਕਿਸਾਨ ਬਾਜ਼ਾਰ ਅੱਜ ਸਥਾਨਕ ਰਾਮ ਲੀਲਾ ਗਰਾਉਂਡ ਵਿਖੇ ਲਗਾਇਆ ਗਿਆ।ਪੰਜਾਬ ਵਿੱਚ ਪਹਿਲੀ ਵਾਰ ਜ਼ਿਲਾ ਪਠਾਨਕੋਟ ਵਿੱਚ ਲਗਾਏ ਇਸ ਨਿਵੇਕਲੇ ਕਿਸਾਨ ਬਾਜ਼ਾਰ ਦਾ ਉਦਘਾਟਨ ਆਈ.ਪੀ.ਐਸ ਗੁਲਨੀਤ ਸਿੰਘ ਖੁਰਾਣਾ ਐਸ.ਪੀ ਹੈਡਕੁਆਟਰ ਨੇ ਕੀਤਾ।ਬਾਗਬਾਨੀ ਅਤੇ ਭੌਂ ਰੱਖਿਆ ਵਿਭਾਗ ਦੇ ਸਹਿਯੋਗ ਨਾਲ ਲਗਾਏ ਕਿਸਾਨ ਬਾਜ਼ਾਰ ਦੀ ਖਾਸ ਗੱਲ ਇਹ ਰਹੀ ਕਿ ਜ਼ਿਲੇ ਭਰ ਦੇ 20 ਛੋਟੇ ਕਿਸਾਨਾਂ ਨੇ ਕਿਸਾਨ ਬਾਜ਼ਾਰ ਵਿੱਚ ਤਾਜ਼ੀ ਮੇਥੀ, ਮਟਰ, ਪਾਲਕ, ਧਨੀਆਂ, ਟਮਾਟਰ, ਦੇਸੀ ਟਮਾਟਰ ਸ਼ਹਿਦ, ਗੋਭੀ, ਬਰੋਕਲੀ, ਲੈਟੂਸ, ਹਲਦੀ, ਮੂਲੀ, ਪੱਤਾ ਗੋਭੀ, ਬਾਸਮਤੀ ਦੇ ਚਾਵਲ, ਖੁੰਬਾਂ, ਦੇਸੀ ਮੱਕੀ ਦਾ ਆਟਾ, ਦੇਸੀ ਸਰੋਂ ਦਾ ਤੇਲ, ਸਰੋਂ ਦਾ ਸਾਗ, ਦੁੱਧ, ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ, ਪਨੀਰ ਅਤੇ ਘਿਉ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਇਆ ।ਇਸ ਮੌਕੇ ਡਾ. ਹਰਿੰਦਰ ਸਿੰਘ ਬੈਂਸ, ਡਾ. ਅਮਰੀਕ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਸ਼ਮੀ ਕੁਮਾਰ, ਡਾ. ਸੰਦੀਪ ਸਿੰਘ, ਡਾ. ਅਮਿਤ ਕੌਲ, ਜਗਦੀਪ ਸਿੰਘ, ਗੁਰਦਿੱਤ ਸਿੰਘ, ਸੁਭਾਸ਼ ਚੰਦਰ, ਮੇਅਰ ਅਨਿਲ ਵਾਸੂਦੇਵਾ, ਸੱਤਪਾਲ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ੳਤੇ ਖਪਤਕਾਰ ਹਾਜ਼ਰ ਸਨ।

ਉਦਘਾਟਨ ਉਪਰੰਤ ਗੁਲਨੀਤ ਸਿੰਘ ਐਸ.ਪੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਭਲਾਈ ਅਤੇ ਖਪਤਕਾਰਾਂ ਦੀ ਬੇਹਤਰੀ ਲਈ ਕੀਤੇ ਇਸ ਉਪਰਾਲੇ ਨਾਲ ਜਿਥੇ ਕਿਸਾਨ ਆਰਥਿਕ ਤੌਰ ‘ਤੇ ਮਜ਼ਬੂਤ ਹੋਣਗੇ ਉਥੇ ਖਪਤਕਾਰਾਂ ਨੂੰ ਸਸਤੇ ਭਾਅ ਤੇ ਤਾਜ਼ੀਆਂ ਅਤੇ ਜ਼ਹਿਰ ਮੁਕਤ ਸਬਜ਼ੀਆਂ ਮਿਲ ਸਕਣਗੀਆਂ।ਡਾ. ਸਵਰੂਪ ਕੁਮਾਰ ਨੇ ਦੱਸਿਆ ਕਿ ਕਿਸਾਨ ਬਾਜ਼ਾਰ ਹਰ ਹਫਤੇ ਸ਼ਹਿਰ ਪਠਾਨਕੋਟ ਦੇ ਕੁੱਝ ਚੋਣਵੇ ਸਥਾਨਾਂ ‘ਤੇ ਲਾਇਆ ਜਾਇਆ ਕਰੇਗਾ।ਇਸ ਮੌਕੇ ਵਸਤਾਂ ਖ੍ਰੀਦਣ ਆਏ ਪਠਾਨਕੋਟ ਦੇ ਮੇਅਰ ਸ਼੍ਰੀ ਅਨਿਲ ਵਾਸੂਦੇਵ ਨੇ ਕਿਹਾ ਕਿ ਅਜਿਹੇ ਬਾਜ਼ਾਰ ਸ਼ਹਿਰ ਵਿੱਚ ਲਗਾਤਾਰ ਲੱਗਣੇ ਚਾਹੀਦੇ ਹਨ ਤਾਂ ਜੋ ਖਪਤਕਾਰਾਂ ਨੂੰ ਸ਼ੁੱਧ ਅਤੇ ਉੱਚ ਮਿਆਰੀ ਖੇਤੀ ਜਿਨਸਾਂ ਵਾਜ਼ਬ ਭਾਅ ਤੇ ਮਿਲਦੀਆਂ ਰਹਿਣ। ਘਰੇਲੂ ਗ੍ਰਹਿਣੀ ਪੂਨਮ ਬਾਲਾ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਖੇਤੀਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਪੰਜਾਬ ਦਾ ਪਹਿਲਾ ਕਿਸਾਨ ਬਾਜ਼ਾਰ ਲਗਾ ਕੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਜਿਥੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਵਧੇਰੇ ਫਾਇਦਾ ਹੋਵੇਗਾ।
Punjab Post Daily Online Newspaper & Print Media