
ਅੰਮ੍ਰਿਤਸਰ, 19 ਦਸੰਬਰ (ਦੀਪਦਵਿੰਦਰ ਸਿੰਘ) ਸਥਾਨਕ ਵਰਸਾ ਵਿਹਾਰ ਦੇ ਸz. ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਏ ਸਹਿਤਕ ਸਮਾਗਮ ਵਿੱਚ ਦੋ ਪੁਸਤਕਾਂ ਪੰਜਾਬੀ ਸ਼ਾਇਰਾ ਡਾ. ਸਤਿੰਦਰ ਕੌਰ ਰੰਧਾਵਾ ਦੀ ਕਾਵਿ ਪੁਸਤਕ ਵੇਦਨਾ ਸੰਵੇਦਨਾ ਅਤੇ ਜਸਪਾਲ ਕੌਰ ਦੁਆਰਾ ਲਿਖੀ ਨਿਬੰਧ ਪੁਸਤਕ ਵਰ੍ਹਿਆਂ ਦਾ ਸਫ਼ਰ ਲੋਕ ਅਰਪਿਤ ਕੀਤੀਆਂ ਗਈਆਂ।ਪ੍ਰੋ: ਸਤਨਾਮ ਕੌਰ ਰੰਧਾਵਾ ਨੇ ਮੰਚ ਸੰਚਾਨਲ ਕਰਦਿਆਂ ਸਮਾਗਮ ਨੂੰ ਲੜੀ-ਬੱਧ ਕੀਤਾ। ਜਿਸ ਉਪਰੰਤ ਕਾਵਿ-ਪੁਸਤਕ ਵੇਦਨਾ ਸੰਵੇਦਨਾ ਉਪਰ ਡਾ. ਹਰਪ੍ਰੀਤ ਕੌਰ ਅਤੇ ਪ੍ਰੋ: ਸਿਮਰਜੀਤ ਗਿੱਲ ਨੇ ਪਰਚੇ ਪੜ੍ਹੇ ਜਦਕਿ ਵਰ੍ਹਿਆਂ ਦੇ ਸਫ਼ਰ ਉਪਰ ਡਾ. ਹਰਜੀਤ ਕੌਰ ਬੱਲ ਅਤੇ ਮਲਵਿੰਦਰ ਨੇ ਖੋਜ ਪੱਤਰ ਪੇਸ਼ ਕੀਤੇ। ਇਹਨਾਂ ਦੋਹਾਂ ਕਿਤਾਬਾਂ ਉੱਤੇ ਹੋਈ ਉਸਾਰੂ ਬਹਿਸ ਵਿੱਚ ਹਿੱਸਾ ਲੈਂਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ, ਭੁਪਿੰਦਰ ਸਿੰਘ ਸੰਧੂ, ਪ੍ਰੋ: ਲਖਵਿੰਦਰ ਗਿੱਲ, ਅਰਤਿੰਦਰ ਸੰਧੂ, ਕਮਲ ਅਤੇ ਡਾ. ਮਧੂ ਸ਼ਰਮਾ ਆਦਿ ਵਿਦਵਾਨਾ ਨੇ ਸਾਂਝੀ ਰਾਏ ਵਿੱਚ ਕਿਹਾ ਕਿ ਦੋਵੇਂ ਪੁਸਤਕਾਂ ਜਿਥੇ ਮਾਨਵੀ ਜੀਵਨ-ਜਾਂਚ, ਬਹੁਮੁੱਲੀਆਂ ਕਦਰਾਂ-ਕੀਮਤਾਂ, ਪੇਤਲੇ ਪੈ ਰਹੇ ਪਰਿਵਾਰਕ ਰਿਸ਼ਤਿਆਂ, ਭਾਸ਼ਾਈ ਅਤੇ ਸੱਭਿਆਚਾਰ ਵਿਗਾੜ ਪ੍ਰਤੀ ਕਟਾਕਿਸ਼ ਕਰਦੀਆਂ ਹਨ, ਉਥੇ ਅਰਥ ਭਰਪੂਰ ਸਹਿਤਕ ਸ਼ਬਦਾਵਲੀ ਅਤੇ ਸਹਿਜਤਾ ਨਾਲ ਪਾਠਕ ਵਰਗ ਵਿੱਚ ਸਾਰਥਿਕ ਸੁਨੇਹਾ ਦੇਣ ਵਿੱਚ ਕਾਮਯਾਬ ਵੀ ਹੁੰਦੀਆਂ ਹਨ।
ਇਸ ਸਮੇਂ ਪ੍ਰਧਾਨਗੀ ਮੰਡਲ ਵੱਲੋਂ ਇਹਨਾਂ ਪੁਸਤਕਾਂ ਦੀਆਂ ਦੋਹਾਂ ਲੇਖਕਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਅੱਜ ਦੇ ਸਹਿਤਕ ਸਮਾਗਮ ਵਿੱਚ ਮੁਖਤਾਰ ਗਿੱਲ, ਡਾ. ਹਜ਼ਾਰਾ ਸਿੰਘ ਚੀਮਾ, ਸੁਮੀਤ ਸਿੰਘ, ਧਰਵਿੰਦਰ ਔਲਖ, ਸਰਬਜੀਤ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਪੀ.ਐਨ ਓਨਿਆਲ, ਜਗਤਾਰ ਗਿੱਲ, ਜਤਿੰਦਰ ਔਲਖ, ਵਿਪਨ ਗਿੱਲ, ਰਾਜਵੰਤ ਕੌਰ ਬਾਜਵਾ, ਇੰਦਰੇਸ਼ਮੀਤ, ਰਾਜ ਖੁਸ਼ਵੰਤ ਸਿੰਘ ਸੰਧੂ, ਸੁਜਾਤਾ ਅਤੇ ਹਰਮੀਤ ਆਰਟਿਸਟ ਆਦਿ ਸਹਿਤਕਾਰਾਂ ਅਤੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।
Punjab Post Daily Online Newspaper & Print Media