
ਪਠਾਨਕੋਟ, 19 ਦਸੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪ੍ਰਸਾਸਨ ਵੱਲੋਂ ਪ੍ਰੋਗਰੈਸਿਵ ਪਠਾਨਕੋਟ ਅਧੀਨ ਸਕਿੱਲ ਡਿਵੈਲਪਮੈਂਟ ਨੂੰ ਵਧਾਵਾ ਦੇਣ ਲਈ ਸਥਾਨਕ ਸਬ ਜੇਲ ਅੰਦਰ ਕੈਦੀਆਂ ਅਤੇ ਹਵਾਲਾਤੀਆਂ ਨੂੰ ਹੂਨਰ ਸਿਖਾਉਂਣ ਲਈ ਡੈਂਟਿੰਗ/ਪੈਂਟਿੰਗ ਅਤੇ ਕੰਪਿਊਟਰ ਦੇ ਕੋਰਸ ਸੁਰੂ ਕੀਤੇ ਗਏ ਹਨ, ਕੈਦੀ ਅਤੇ ਹਵਾਲਾਤੀ ਇਨ੍ਹਾਂ ਕੋਰਸਾਂ ਤੋਂ ਲਾਭ ਉਠਾਉਂਣਗੇ ਅਤੇ ਆਪਣੀ ਸਜਾ ਪੂਰੀ ਕਰਨ ਉਪਰੰਤ ਜਦੋਂ ਉਹ ਜੇਲ ਤੋਂ ਬਾਹਰ ਆ ਕੇ ਆਪਣਾ ਸਵੈ ਰੋਜਗਾਰ ਸੁਰੂ ਕਰ ਸਕਣਗੇ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਸਬ ਜੇਲ ਦਾ ਦੋਰਾ ਕਰਨ ਮੋਕੇ ਦਿੱਤੀ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁੱਚਾ ਸਿੰਘ ਜੇਲ ਸੁਪਰੀਡੇਂਟ ਪਠਾਨਕੋਟ, ਅਨਿਲ ਬਾਂਸਲ ਅਤੇ ਹੋਰ ਹਾਜਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਜਿਲ੍ਹਾ ਪ੍ਰਸਾਸਨ ਦਾ ਇਕ ਵਧੀਆ ਉਪਰਾਲਾ ਹੈ ਕਿ ਸਕਿੱਲ ਡਿਵੈਲਪਮੈਂਟ ਅਧੀਨ ਜੇਲ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਹੂਨਰ ਸਿਖਾਉਂਣ ਲਈ ਡੈਂਟਿੰਗ/ਪੈਂਟਿੰਗ ਅਤੇ ਕੰਪਿਊਟਰ ਦੇ ਕੋਰਸ ਸੁਰੂ ਕੀਤੇ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਕੈਦੀਆਂ ਵੱਲੋਂ ਹੋਰ ਵੱਖ ਵੱਖ ਟਰੇਡਾਂ ਦੇ ਕੋਰਸ ਸੁਰੂ ਕਰਨ ਲਈ ਕੀਤੀ ਗਈ ਮੰਗ ਤੇ ਪੂਰਨ ਵਿਚਾਰ ਕਰ ਕੇ ਹੋਰ ਕੋਰਸ ਵੀ ਸੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਠਵੀ ਪਾਸ ਨੋਜਵਾਨਾਂ ਨੂੰ ਹੂਨਰ ਸਿਖਾਉਂਣ ਲਈ ਸਕਿੱਲ ਡਿਵੈਲਪਮੈਂਟ ਸਕੀਮ ਅਧੀਨ ਜਿਲ੍ਹੇ ਅੰਦਰ ਵੱਖ ਵੱਖ ਥਾਵਾਂ ਤੇ ਸਕਿੱਲ ਸੈਂਟਰ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਨੋਜਵਾਨਾਂ ਨੂੰ ਰੋਜਗਾਰ ਦੇ ਮੋਕੇ ਮੁਹਈਆ ਕਰਵਾਉਂਣ ਲਈ ਪਲੈਸਮੈਂਟ ਕਰਵਾਉਂਣ ਵਾਸਤੇ ਉਪਰਾਲੇ ਕੀਤੇ ਜਾਣਗੇ।
ਇਸ ਮੋਕੇ ਤੇ ਇਕ ਯੋਗ ਕੈਂਪ ਲਗਾ ਕੇ ਕੈਦੀਆਂ ਨੂੰ ਸਵੱਸਥ ਰਹਿਣ ਲਈ ਯੋਗਾ ਕਰਵਾਇਆ ਗਿਆ ਅਤੇ ਹਰ ਰੋਜ ਯੋਗਾ ਕਰਨ ਲਈ ਪ੍ਰੇਰਨਾ ਦਿੱਤੀ ਗਈ ।
Punjab Post Daily Online Newspaper & Print Media