
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ ਬਸੰਤ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਵੋਟਰ ਜਾਗਰੂਕਤਾ ਮੁਹਿੰਮ ਤਹਿਤ ‘ਸਵੀਪ’ ਗਤੀਵਿਧੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।ਇਸ ਸਬੰਧੀ ਜਿਥੇ ਅੱਜ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਾਈਕਲ ਰੈਲੀਆਂ ਕੱਢੀਆਂ ਗਈਆਂ ਉਥੇ ਨੋਡਲ ਅਫ਼ਸਰ ਸਵੀਪ-ਕਮ-ਜੁਆਇੰਟ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸ੍ਰੀਮਤੀ ਅਲਕਾ ਰਾਣੀ ਦੀ ਅਗਵਾਈ ਵਿਚ ਗਲਿਆਰਾ ਪਾਰਕਿੰਗ ਵਿਖੇ ਲੱਗੀਆਂ ਵੱਡੀਆਂ ਸਕਰੀਨਾਂ ’ਤੇ ਲਘੂ ਫ਼ਿਲਮਾਂ ਰਾਹੀਂ ਵੋਟਰਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ।

ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਅਮਰਦੀਪ ਸਿੰਘ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਜੋਗਿੰਦਰ ਕੌਰ ਸ਼ਿੰਗਾਰੀ ਦੇ ਉੱਦਮ ਸਦਕਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਹਾਂ ਸਿੰਘ ਗੇਟ ਤੋਂ ਵਿਦਿਆਰਣਾਂ ਨੇ ਸਾਈਕਲ ਰੈਲੀ ਕੱਢੀ।ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਾਈਕਲ ਰੈਲੀ ਰਾਹੀਂ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ। ਇਸੇ ਤਰ੍ਹਾਂ ਕਈ ਹੋਰਨਾਂ ਸਕੂਲਾਂ ਵੱਲੋਂ ਵੀ ਇਹ ਰੈਲੀਆਂ ਕੱਢੀਆਂ ਗਈਆਂ। ਇਸ ਮੌਕੇ ਸ੍ਰੀ ਸੁਨੀਲ ਸ਼ਰਮਾ, ਸ੍ਰੀ ਬਿਕਰਮ ਸਿੰਘ, ਸ੍ਰੀ ਗੁਰਬਿੰਦਰ ਸਿੰਘ ਖਹਿਰਾ, ਸ੍ਰੀਮਤੀ ਮੰਜੂ ਬਾਲਾ, ਅਸ਼ੋਕ ਕੁਮਾਰ, ਰਾਜੇਸ਼ ਸ਼ਰਮਾ, ਸ੍ਰੀਮਤੀ ਨਰਿੰਦਰ ਕੌਰ, ਸ੍ਰੀਮਤੀ ਕਿਰਨ ਠਾਕੁਰ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media