
ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)- ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਹੋਰ ਬੇਅੰਤ ਸ਼ਹੀਦਾਂ ਦੀ ਯਾਦ ਵਿੱਚ ਮਨਾਏ ਰਹੇ ਸ਼ਹੀਦੀ ਹਫਤੇ ਦੌਰਾਨ ਅੱਜ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਗੋਬਿੰਦ ਨਗਰ ਵਿਖੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਅਤੇ ਉਨਾਂ ਦੇ ਅਧਿਆਪਕਾਂ ਵਲੋਂ ਸ੍ਰੀ ਜਪੁ ਜੀ ਸਾਹਿਬ ਅਤੇ ਚੌਪਾਈ ਸਾਹਿਬ ਦੇ ਜਾਪ ਕੀਤੇ ਗਏ।ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ, ਬਾਬਾ ਦੀਪ ਸਿੰਘ ਪਬਲਿਕ ਸਕੂਲ ਅਤੇ ਗੋਬਿੰਦ ਬਾਲਵਾੜੀ ਸਕੂਲ ਦੇ 350 ਦੇ ਕਰੀਬ ਬੱਚਿਆਂ ਵਲੋਂ ਸ਼ਰਧਾ ਭਾਵਨਾ ਸਹਿਤ ਸਮੂਹਿਕ ਤੌਰ ‘ਤੇ ਸ੍ਰੀ ਜਪੁ ਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਕਰਨ ਉਪਰੰਤ ਗ੍ਰੰਥੀ ਭਾਈ ਤਰਸੇਮ ਸਿੰਘ ਨੇ ਅਰਦਾਸ ਕੀਤੀ।ਇਸ ਸਮੇਂ ਮੌਜੂਦ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਹਰਜਾਪ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੋਹ ਦੇ ਮਹੀਨੇ ਜਦ ਸਰਦੀ ਪੂਰੇ ਜੋਰਾਂ ‘ਤੇ ਸੀ ਮੁਗਲਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪਾਈਆਂ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਾਲਮ ਹਕੂਮਤ ਨੇ ਸਰਹੰਦ ਵਿਖੇ ਜਿਊਂਦੇ ਨੀਂਹਾਂ ਵਿੱਚ ਚਿਣ ਦਿੱਤਾ।ਉਨਾਂ ਦੱਸਿਆ ਕਿ ਛੌਟੀ ਉਮਰ ਵਿੱਚ ਦੇਸ਼ ਕੌਮ ਤੇ ਧਰਮ ਲਈ ਅਜਿਹੀਆਂ ਕੁਰਬਾਨੀਆਂ ਦੀ ਕਿਧਰੇ ਵੀ ਕੋਈ ਮਿਸਾਲ ਨਹੀਂ ਮਿਲਦੀ।ਉਨਾਂ ਨੇ ਵਿਦਿਆਰਥੀਆਂ ਨੂੰ ਰੋਜਾਨਾ ਨਿਤਨੇਮ ਦੇ ਧਾਰਣੀ ਹੋਣ ਦੀ ਪ੍ਰੇਰਣਾ ਕੀਤੀ।ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਜੀਵਨੀ ਦੇ ਕਿਤਾਬਚੇ ਅਤੇ ਨਿਤਨੇਮ ਦੀ ਬਾਣੀ ਦੇ ਗੁਟਕਾ ਸਾਹਿਬ ਵੀ ਦਿੱਤੇ ਗਏ।ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਪ੍ਰਿੰਸੀਪਲ ਗੁਰਮੀਤ ਕੌਰ, ਵਾਇਸ ਪ੍ਰਿੰਸੀਪਲ ਸੁਰਿੰਦਰ ਕੌਰ, ਸ਼੍ਰੋਮਣੀ ਕਮੇਟੀ ਤੋਂ ਪ੍ਰਚਾਰਕ ਅਮਰ ਸਿੰਘ, ਅਮਨਦੀਪ ਕੌਰ, ਬਲਜੀਤ ਚੌਹਾਨ, ਜਗਦੀਸ਼ ਕੌਰ, ਮੈਡਮ ਡੇਜ਼ੀ, ਮੈਡਮ ਸ਼ਮਾ, ਗੁਰਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਆਦਿ ਵੀ ਮੌਜੂਦ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media