
ਬਠਿੰਡਾ, 26 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਮ.ਈ.ਐਸ. ਕੰਟਰੈਕਟਰ ਮਜ਼ਦੂਰ ਯੂਨੀਅਨ ਸੀਟੂ ਦੇ ਬੈਨਰ ਹੇਠ ਠੇਕਾ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸੰਬਧੀ ਚਿਲਡਰਨ ਪਾਰਕ ਵਿਖੇ ਪ੍ਰਧਾਨ ਰਾਮ ਸਿੰਘ ਅਤੇ ਜਨਰਲ ਸੈਕਟਰੀ ਕਮਲਦੀਪ ਸ਼ਰਮਾਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਜਿਸ ਵਿਚ ਵੱਡੀ ਗਿਣਤੀ ’ਚ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਰਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਬਠਿੰਡਾ ਛਾਉਣੀ ਵਿਖੇ ਐਮ.ਈ.ਐਸ. ਵਿਚ ਵੱਖ ਵੱਖ ਆਸਮੀਆਂ ’ਤੇ ਕੰਮ ਕਰਦੇ ਆ ਰਹੇ ਹਨ ਜ੍ਹਿਨਾਂ ਨੂੰ ਮਹਿਕਮੇ ਨੇ ਹਾਲੇ ਤੱਕ ਪੱਕੇ ਕਰਨ ਦੀ ਕੋਈ ਨੀਤੀ ਨਹੀਂ ਬਣਾਈ ਸਗੋਂ ਉਨ੍ਹਾਂ ਨੂੰ ਆਨੇ ਬਹਾਨੇ ਨੌਕਰੀ ਤੋਂ ਕੱਢਣ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜਿਥੇ ਪੱਕੀ ਆਸਾਮੀ ਤੇ ਠੇਕਾ ਕਰਮਚਾਰੀ ਕੰਮ ਕਰਦੇ ਹਨ ਉਨ੍ਹਾਂ ਨੂੰ ਪੱਕੇ ਮੁਲਾਜਮਾਂ ਦੇ ਬਰਾਬਰ ਤਨਖਾਹ ਦੇਣ ਲਈ ਬੇਸ਼ੱਕ ਮਾਨਯੋਗ ਸੁਪਰੀਮ ਕੋਰਟ ਨੇ ਵੱਖ ਵੱਖ ਅਦਾਰਿਆਂ ’ਚ ਕੰਮ ਕਰਦੇ ਠੇਕਾ ਅਤੇ ਕੱਚੇ ਮੁਲਾਜਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਜਾਰੀ ਕੀਤੇ ਹਨ ਪਰ ਐਮ.ਈ.ਐਸ. ਮਹਿਕਮੇ ਨੇ ਅਜੇ ਤੱਕ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਿਸ ਕਰਕੇ ਕਰਮਚਾਰੀਆਂ ਅੰਦਰ ਭਾਰੀ ਰੋਸ਼ ਹੈ। ਸੀਟੂ ਦੇ ਆਗੂ ਇੰਦਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਠੇਕਾ ਸਿਸਟਮ ਬਣਾ ਕੇ ਮਜਦੂਰਾਂ ਦਾ ਸ਼ੋਸਣ ਕਰਨ ਦਾ ਤਰੀਕਾ ਬਣਾਇਆ ਹੋਇਆ ਹੈ ਕਿਉਂ ਕਿ ਕਰਮਚਾਰੀਆਂ ਨੂੰ ਘੱਟ ਤਨਖਾਹਾਂ ਦੇ ਕੇ ਸਰੇਆਮ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕਈ ਠੇਕੇਦਾਰਾਂ ਵੱਲੋਂ ਈ.ਪੀ.ਐਫ ਵੀ ਨਹੀਂ ਕੱਟਿਆ ਜਾ ਰਿਹਾ ਜਿਸ `ਤੇ ਉਹ ਮਾਣਯੋਗ ਸੁਪਰੀਮ ਕੋਰਟ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਗੁੰਡਾਗਰਦੀ ਦਿਖਾ ਰਹੇ ਹਨ।ਉਨ੍ਹਾਂ ਆਖਿਆ ਕਿ ਯੂਨੀਅਨ ਉਨ੍ਹਾਂ ਖਿਲਾਫ ਉੱਚ ਅਧਿਕਾਰੀਆਂ ਅਤੇ ਲੇਬਰ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰੇਗੀ।ਸੈਕਟਰੀ ਕਮਲਦੀਪ ਸ਼ਰਮਾ ਨੇ ਕਿਹਾ ਕਿ ਮਹਿਕਮੇ ਵੱਲੋਂ ਵਰਕਰਾਂ ਨੂੰ ਪੂਰੀ ਤਨਖਾਹ ਦੇਣ ਅਤੇ ਪੱਕੇ ਕਰਨ ਦੀ ਬਜਾਏ ਨੌਕਰੀ ਤੋਂ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹ ਵੱਖ ਵੱਖ ਜੱਥੇਬੰਦੀਆਂ ਦਾ ਸਹਿਯੋਗ ਲੈ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ਜਿਸ ਦੀ ਸਾਰੀ ਜਿੰਮੇਵਾਰੀ ਐਮ.ਈ.ਐਸ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਹੋਵੇਗੀ।ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਪੱਕੇ ਮੁਲਾਜਮਾਂ ਦੇ ਬਰਾਬਰ ਕੰਮ ਕਰਦੇ ਠੇਕਾ ਕਰਮਚਾਰੀਆਂ ਨੂੰ ਪੂਰੀ ਤਨਖਾਹ ਮਿਲ ਸਕੇ। ਇਸ ਮੌਕੇ ਇਕਬਾਲ ਸਿੰਘ, ਅਤੇ ਚਰਨਜੀਤ ਸਿੰਘ ਹੈਪੀ ਨੇ ਵੀ ਸੰਬੋਧਨ ਕੀਤਾ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media