ਮਜੀਠਾ ’ਚ ਗਰੀਬ ਵਰਗ ਦੇ ਲੋਕਾਂ ਦੇ 658 ਘਰਾਂ ਦੇ ਨਵੇਂ ਮਕਾਨ ਉੱਸਾਰੀ ਲਈ 9.75 ਕਰੋੜ ਦੀ ਰਾਸ਼ੀ ਵੰਡੀ ਗਈ

ਮਜੀਠਾ, 27 ਦਸੰਬਰ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਨੂੰ ਧਮਕੀਆਂ ਦੀ ਸਿਆਸਤ ਛੱਡ ਕੇ ਉੱਸਾਰੂ ਪੱਖਾਂ ਪ੍ਰਤੀ ਸਿਆਸਤ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਤੁਹਾਡੇ ਖੂੰਡੇ ਦੀ ਰਾਜਨੀਤੀ ਦਾ ਜੋ ਹਸ਼ਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ’ਚ ਲੋਕਾਂ ਨੇ ਕੀਤਾ ਉਸ ਤੋਂ ਤਾਂ ਕੁਝ ਸਬਕ ਸਿੱਖ ਲੈਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਲੋਕ ਕੈਪਟਨ ਅਮਰਿੰਦਰ ਦੇ ਝੂਠੇ ਵਾਅਦਿਆਂ ’ਤੇ ਕੋਈ ਵੀ ਯਕੀਨ ਨਹੀਂ ਕਰਨਗੇ ਅਤੇ ਅਕਾਲੀ ਭਾਜਪਾ ਵੱਲੋਂ ਕਰਾਏ ਗਏ ਵਿਕਾਸ ਅਤੇ ਲੋਕ ਪੱਖੀ ਨੀਤੀਆਂ ’ਤੇ ਮੋਹਰ ਲਾਉਂਦਿਆਂ ਗੱਠਜੋੜ ਦੇ ਹੱਕ ਵਿੱਚ ਇੱਕ ਵਾਰ ਫਿਰ ਫਤਵਾ ਦੇਣਗੇ।
ਸ: ਮਜੀਠੀਆ ਅੱਜ ਮਜੀਠਾ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਜੀਠਾ ਸ਼ਹਿਰੀ ਖੇਤਰ ਦੇ ਗਰੀਬ ਵਰਗ ਦੇ ਲੋਕਾਂ ਦੇ 658 ਘਰਾਂ ਲਈ ਨਵੀਂ ਮਕਾਨ ਉੱਸਾਰੀ ਅਧੀਨ 9.75 ਕਰੋੜ ਦੀ ਰਾਸ਼ੀ ਵੰਡਣ ਆਏ ਸਨ। ਉਹਨਾਂ ਦੱਸਿਆ ਕਿ ਉਕਤ ਸਕੀਮ ਤਹਿਤ ਪੂਰੇ ਸੂਬੇ ਵਿੱਚ 42 ਹਜ਼ਾਰ ਮਕਾਨ ਉੱਸਾਰੇ ਜਾ ਰਹੇ ਹਨ ਜਿਸ ’ਤੇ ਹਰੇਕ ਨੂੰ 1.5 ਲੱਖ ਦੇ ਹਿਸਾਬ ਨਾਲ 670 ਕਰੋੜ ਖਰਚਾ ਆਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕੈਪਟਨ ਅਮਰਿੰਦਰ ’ਤੇ ਚੋਟ ਕਰਦਿਆਂ ਕਿਹਾ ਕਿ ਕੈਪਟਨ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਆਪਣੇ ਲਈ ਆਖਰੀ ਚੋਣ ਵਜੋਂ ਸਪਸ਼ਟ ਐਲਾਨਿਆ ਹੋਇਆ ਹੈ।ਜਿਸ ਦੀ ਆਖਰੀ ਚੋਣ ਹੋਵੇ ਉਸ ਦੀ ਲੋਕਾਂ ਨਾਲ ਕੋਈ ਕੁਮਿਟਮੈਟ ਨਹੀਂ ਹੁੰਦੀ,ਉਹ ਜਿੰਨੀ ਮਰਜ਼ੀ ਝੂਠ ਅਤੇ ਲਾਰਾ ਲਾ ਦੇਵੇ, ਕਿਉਂਕਿ ਉਸ ਨੇ ਅਗਲੀ ਚੋਣ ਲੜਨੀ ਨਹੀਂ ਹੁੰਦੀ ਸੋ ਉਹ ਆਪਣੇ ਆਪ ਨੂੰ ਕਿਸੇ ਨੂੰ ਵੀ ਜਵਾਬ ਦੇਹ ਨਹੀਂ ਸਮਝਦਾ। ਕੈਪਟਨ ਮੁੱਖ ਮੰਤਰੀ ਬਣਨ ਲਈ ਆਖਰੀ ਵਾਰ ਵਾਹ ਲਾ ਰਿਹਾ ਹੈ ਭਾਵੇਂ ਕਿ ਉਸ ਨੂੰ ਕੋਈ ਵੀ ਮੁੱਖ ਮੰਤਰੀ ਬਣਾਉਣ ਲਈ ਤਿਆਰ ਨਹੀਂ, ਫਿਰ ਵੀ ਉਹ ਆਪਣੀ ਸ਼ੇਖਚਿਲੀ ਵਾਲੀ ਲਾਲਸਾ ਪੂਰੀ ਕਰਨ ਲਈ ਕੁੱਝ ਵੀ ਝੂਠ ਬੋਲ ਹੁੰਦਾ ਬੋਲ ਲੈਣਾ ਚਾਹੁੰਦਾ ਹੈ ਤੇ ਬੋਲ ਵੀ ਰਿਹਾ ਹੈ।
ਸ: ਮਜੀਠੀਆ ਨੇ ਕਿਹਾ ਕਿ ਅੱਜ ਕੈਪਟਨ ਕਿਸਾਨ ਹਿਤੈਸ਼ੀ ਬਣਨ ਦਾ ਢੌਂਗ ਰਚ ਰਿਹਾ ਹੈ ਜਦ ਕਿ ਮੁੱਖ ਮੰਤਰੀ ਹੁੰਦਿਆਂ ਕਿਸਾਨਾਂ ਦੀਆਂ ਮੋਟਰਾਂ ਨੂੰ ਉਸੇ ਨੇ ਬਿਲ ਲਗਾ ਦਿੱਤੇ ਸਨ। ਅਜ ਬੇਸ਼ਰਮੀ ਨਾਲ ਘਰ ਘਰ ਨੌਕਰੀਆਂ ਦੇਣ ਦਾ ਲਾਰਾ ਲਾ ਰਿਹਾ ਹੈ ਜਦ ਸਤਾ ਵਿੱਚ ਸੀ ਤਾਂ ਵਿਧਾਨ ਸਭਾ ’ਚ ਵੀ ਦਸ ਦਿੱਤਾ ਕਿ ਨੌਕਰੀਆਂ ’ਤੇ ਉਸ ਨੇ ਮੁਕੰਮਲ ਬੈਨ ਲਗਾ ਦਿਤਾ ਹੈ।ਐਸ ਸੀ ਬੀ ਸੀ ਵਰਗ ਨੂੰ ਨਾ ਕੋਈ ਆਟਾ ਦਲ, ਨਾ ਸ਼ਗਨ ਆਦਿ ਵੈਲਫੇਅਰ ਸਕੀਮਾਂ ਉਸ ਨੇ ਦਿਤੀਆਂ। ਅੱਜ ਮਜਬੂਰੀ ਵਸ ਕਿਵੇਂ ਤਿਵੇਂ ਝੂਠ ਬੋਲ ਕੇ ਗੁਮਰਾਹ ਕਰਕੇ ਆਪਣਾ ਉੱਲੂ ਸਿਧਾ ਕਰਨ ਤੁਰਿਆ ਹੈ ਪਰ ਲੋਕ ਸਮਝਦਾਰ ਹਨ , ਉਸ ਦੇ ਝਾਂਸੇ ਵਿੱਚ ਨਹੀਂ ਆਉਣਗੇ ਨਾ ਕੋਈ ਉਸ ਨੂੰ ਕੋਈ ਮੂੰਹ ਲਾਵੇਗਾ। ਉਹਨਾਂ ਕਿਹਾ ਕਿ ਕੈਪਟਨ ਅੰਮ੍ਰਿਤਸਰ ਦੀ ਨੁਮਾਇੰਦਗੀ ਅਤੇ ਵਕਾਲਤ ਕਰਨ ਵਿੱਚ ਫੇਲ੍ਹ ਰਹੇ। ਸਗੋਂ ਉਹ ਤਾਂ ਇੱਥੋਂ ਦੇ ਲੋਕਾਂ ਨੂੰ ਧੋਖਾ ਦੇ ਕੇ ਭਜ ਨਿਕਲੇ ਹਨ। ਜੇ ਉਸ ’ਚ ਮਾਝੇ ਦੇ ਲੋਕਾਂ ਪ੍ਰਤੀ ਇਮਾਨਦਾਰੀ ਹੁੰਦੀ ਤਾਂ ਉਹ ਭਜਦਾ ਨਾ। ਉਹਨਾਂ ਕੈਪਟਨ ਨੂੰ ਕਿਹਾ ਕਿ ਜਦ ਤੁਸੀਂ ਸਤਾ ’ਚ ਸੋ ਉਸ ਵਕਤ ਤੁਹਾਡਾ ਸਾਰਾ ਧਿਆਨ ਬਾਡਰ ਤੋਂ ਪਾਰ ਹੀ ਕਿਉਂ ਲਗਾ ਰਿਹਾ।ਜਿਸ ਨੇ ਆਪਣੇ ਪਰਿਵਾਰ ਦੀ ਕਦੀ ਸਾਰ ਨਹੀਂ ਲਈ ਉਹ ਕਿਸੇ ਦਾ ਕੰਮ ਕੀ ਆਊਗਾ। ਉਹਨਾਂ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਤੋਂ ਬਾਅਦ ਰਾਜ ਸਤਾ ਤਾਂ ਹਥਿਆ ਲਈ ਪਰ ਗਰੀਬ ਵਰਗ ਲਈ ਕੁੱਝ ਨਾ ਕੀਤਾ। ਉਸ ਦੀਆਂ ਗਲਤ ਨੀਤੀਆਂ ਕਾਰਨ ਕਾਂਗਰਸ ਦੇ ਹੱਥੋਂ ਦੇਸ਼ ਭਰ ਵਿੱਚੋਂ ਇੱਕ ਇੱਕ ਕਰ ਕੇ ਰਾਜ ਨਿਕਲ ਦੇ ਗਏ। ਅੱਜ ਕਾਂਗਰਸ ਦੀ ਹੋਂਦ ਤੇ ਹੀ ਸਵਾਲੀਆ ਨਿਸ਼ਾਨ ਲਗ ਗਿਆ ਹੈ। ਉਹਨਾਂ ਕਿਹਾ ਕਿ ਮਜੀਠਾ ਹਲਕੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਉਹਨਾਂ ਨੇ ਇੱਥੇ ਵਿਕਾਸ ਨੂੰ ਯਕੀਨੀ ਬਣਾਇਆ ਹੈ। ਉਹਨਾਂ ਕਿਹਾ ਕਿ ਵਿਕਾਸ ਰਾਹੀ ਆਈ ਤਰੱਕੀ ਨਾਲ ਹੀ ਖੁਸ਼ਹਾਲੀ ਅਤੇ ਰੁਜ਼ਗਾਰ ਲਈ ਮੌਕੇ ਪੈਦਾ ਹੋਏ ਹਨ। ਇਸ ਮੌਕੇ ਮੇਜਰ ਸ਼ਿਵੀ, ਤਲਬੀਰ ਗਿੱਲ, ਤਰੁਨ ਅਬਰੋਲ, ਹਰ ਭੁਪਿੰਦਰ ਸਿੰਘ ਸ਼ਾਹ, ਜੋਧ ਸਿੰਘ ਸਮਰਾ,ਰਾਕੇਸ਼ ਪ੍ਰਾਸ਼ਰ, ਗਗਨਦੀਪ ਭਕਨਾ, ਸਲਵੰਤ ਸੇਠ, ਸੁਰਿੰਦਰ ਗੋਕਲ, ਸਰਬਜੀਤ ਸਿੰਘ ਸਪਾਰੀਵਿੰਡ, ਮੁਖਤਾਰ ਸਿੰਘ ਚਾਟੀ, ਰਾਜੇਸ਼ ਕੁਮਾਰ ਲਾਟੀ, ਨਾਨਕ ਸਿੰਘ, ਦੇਸ ਰਾਜ, ਮਹਿੰਦਰ ਸਿੰਘ, ਪੀਸ ਨਈਅਰ, ਹਰਪਾਲ ਸਿੰਘ, ਸੰਤ ਪ੍ਰਕਾਸ਼ ਸਿੰਘ, ਪ੍ਰੋ: ਸਰ ਚਾਂਦ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media