Saturday, May 30, 2026

ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਸਿੱਖ ਧਰਮ ਦੀ ਮਾਣ ਮਰਿਯਾਦਾ ਨਾਲ ਖਿਲਵਾੜ ਅਸਹਿਣਯੋਗ- ਬਾਬਾ ਰਾਮ ਸਿੰਘ

ppn0101201720
ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ ਬਿਊਰੋ)- ਪਿਛਲੇ ਦਿਨੀਂ ਰਾਮਪੁਰਾ ਮੰਡੀ ਵਿੱਚ ਦਫ਼ਤਰ ਖੋਲਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਤਨਾਮ ਸਿੰਘ ਭਾਈਰੂਪਾ ਤੇ ਮੇਜਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਦੀ ਹਾਜ਼ਰੀ ਵਿੱਚ ਸਿੱਖ ਕੌਮ ਵੱਲੋਂ ਵਿਲੱਖਣ ਇਤਿਹਾਸ ਸਿਰਜ ਕੇ ਸਾਜੀ ਅਰਦਾਸ ਦੀ ਤਰਜ `ਤੇ ਹਿੰਦੂ ਧਰਮ ਨਾਲ ਜੋੜ ਕੇ ਕੀਤੀ ਅਰਦਾਸ ਦੀ ਬਾਬਾ ਰਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਹਨਾਂ ਕਿਹਾ ਕਿ ਸਿੱਖ ਧਰਮ ਦੀਆਂ ਧਾਰਮਿਕ ਪ੍ਰੰਪਰਾਵਾਂ ਅਤੇ ਰਹੁਰੀਤਾਂ ਨਾਲ ਕਿਸੇ ਵੀ ਵਿਅਕਤੀ ਨੂੰ ਖਿਲਵਾੜ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ।ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੀਆਂ ਇਥੋਂ ਤੱਕ ਜ਼ਮੀਰਾਂ ਮਰ ਚੁੱਕੀਆਂ ਹਨ ਜੋ ਖਾਲਸੇ ਦੇ ਸ਼ਾਨਾਮੱਤੇ ਇਤਿਹਾਸ ਅਤੇ ਅਰਦਾਸ ਦੀ ਜੁਗਤ ਨੂੰ ਤਿਲਾਂਜਲੀ ਦੇ ਕੇ ਨਿਵੇਕਲੇ ਢੰਗ ਤਰੀਕੇ ਅਪਣਾਉਣ ਲੱਗ ਪਏ ਹਨ, ਜਿਸ ਨਾਲ ਸਮੁੱਚੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰੇ ਗਏ ਹਨ।ਬਾਬਾ ਰਾਮ ਸਿੰਘ ਨੇ ਕਿਹਾ ਕਿ ਇਹਨਾਂ ਸਿਆਸੀ ਅਖੌਤੀ ਆਗੂਆਂ ਨੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੋਂ ਮੂੰਹ ਫ਼ੇਰ ਕੇ ਗੁਰੂ ਦੋਖੀਆਂ ਨਾਲ ਜੋ ਸਾਂਝਾਂ ਰੱਖੀਆਂ ਹਨ, ਇਹ ਬਹੁਤ ਨਿੰਦਣਯੋਗ ਹਨ।
ਉਨਾਂ ਕਿਹਾ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਲੇਕਿਨ ਸਿੱਖ ਅਰਦਾਸ ਦੀ ਨਕਲ ਕਰਕੇ ਇਸ ਨੂੰ ਅਰਦਾਸ ਦਾ ਹੂਬ-ਹੂ ਰੂਪ ਦੇਣਾ ਇਹ ਇੱਕ ਸ਼ਰਾਰਤੀ ਮਾਨਸਿਕਤਾ ਦੀ ਉਪਜ ਹੈ ਅਤੇ ਇਸ ਘਿਨਾਉਣੀ ਹਰਕਤ ਨੂੰ ਇਥੇ ਹੀ ਠੱਲ ਪਾਉਣੀ ਪਵੇਗੀ, ਨਹੀਂ ਤਾਂ ਦੋਵਾਂ ਧਰਮਾਂ ਦੇ ਰਿਸ਼ਤਿਆਂ ਵਿੱਚ ਵਧੇਰੇ ਕੜਵਾਹਟ ਵਧੇਗੀ।ਬਾਬਾ ਰਾਮ ਸਿੰਘ ਕਿਹਾ ਕਿ ਹਰ ਕਿਸੇ ਨੂੰ ਆਪਣਾ ਆਪਣਾ ਧਰਮ ਪਿਆਰਾ ਹੈ, ਲੇਕਿਨ ਇਸ ਦਾ ਅਰਥ ਇਹ ਨਹੀਂ ਕਿ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਿਸੇ ਦੇ ਵੀ ਧਰਮ ਦੀ ਮਾਣ ਮਰਿਯਾਦਾ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਸਕੇ।ਬਾਬਾ ਰਾਮ ਸਿੰਘ ਨੇ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਅਰਦਾਸ ਦੇ ਅੱਖਰ ਤਾਂ ਤੁਸੀਂ ਭਾਵੇਂ ਰਲਾ ਲਏ ਹਨ, ਪਰ ਸਿੱਖ ਕੌਮ ਜੈਸਾ ਇਤਿਹਾਸ ਕਿਥੋਂ ਸਿਰਜੋਗੇ।ਉਹਨਾਂ ਐਸੇ ਸਿਆਸੀ ਆਗੂਆਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਅਤੇ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਮੂੰਹ ਨਾ ਲਾਉਣ ਦੇ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਲਏ ਫੈਸਲੇ ਦੀ ਹਮਾਇਤ ਵੀ ਕੀਤੀ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply