ਬਠਿੰਡਾ, 5 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਅਕਾਲੀ/ਭਾਜਪਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਤੰਗ ਆ ਕੇ ਸੁਵਿਧਾ

ਕਰਮਚਾਰੀ ਡਾਇਰੈਕਟਰ ਆਫ਼ ਗਵਰਨਰਸ ਰਿਫਾਰਮਸ, ਪੰਜਾਬ, ਸੈਕਟਰ-34-ਏ, ਜ਼ਿਲ੍ਹਾ ਚੰਡੀਗੜ੍ਹ ਦੇ ਦਫ਼ਤਰ ਦੀ ਸਭ ਤੋਂ ਉੱਪਰਲੀ ਛੱਤ ਤੇ ਚੜ੍ਹ ਗਏ। ਅਕਾਲੀ-ਭਾਜਪਾ ਸਰਕਾਰ ਵਲੋਂ ਰੈਗੂਲਰ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਕਰਕੇ ਸੁਵਿਧਾ ਕਰਮਚਾਰੀਆਂ ਨੇ ਮਜਬੂਰ ਹੋ ਕੇ ਇਹ ਕਦਮ ਚੁੱਕਿਆ।ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੇ ਆਪਣੀਆਂ ਨੌਕਰੀਆਂ ਵਾਪਿਸ ਪਾਉਣ ਲਈ ਪਿਛਲੇ 120 ਦਿਨਾਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ ਪਰ ਇਹ ਅਕਾਲੀ/ਭਾਜਪਾ ਦੀ ਗੂੰਗੀ ਬੋਲੀ ਸਰਕਾਰ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ। ਨੌਕਰੀਆਂ ਗਵਾ ਚੁੱਕੇ ਸੁਵਿਧਾ ਕਰਮਚਾਰੀਆਂ ਦੇ ਮਨਾਂ ਵਿੱਚ ਰੋਸ ਦੀ ਭਾਵਨਾ ਵੱਧਣ ਕਰਕੇ ਅੱਜ ਉਨ੍ਹਾਂ ਨੇ ਸਵੇਰੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਡਾਇਰੈਕਟਰ ਆਫ਼ ਗਵਰਨਰਸ ਰਿਫਾਰਮਸ, ਪੰਜਾਬ ਦੇ ਦਫ਼ਤਰ ਦੀ ਸਭ ਤੋਂ ਮੁੱਢਲੀ ਮੰਜ਼ਿਲ ਤੇ ਜਾ ਧਰਨਾ ਲਗਾਇਆ।
ਇਸ ਧਰਨੇ ਤੋਂ ਬਾਅਦ ਪ੍ਰਸ਼ਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਜਿਹੜੇ ਪ੍ਰਮੁੱਖ ਅਧਿਕਾਰੀ ਕੱਲ ਤੱਕ ਗੱਲ ਸੁੰਨਣ ਲਈ ਵੀ ਰਾਜ਼ੀ ਨਹੀਂ ਸੀ ਅੱਜ ਧਰਨੇ ਵਿੱਚ ਆ ਕੇ ਉਨ੍ਹਾਂ ਵਲੋਂ ਸੁਵਿਧਾ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ।ਇਸ ਗੱਲਬਾਤ ਦੌਰਾਨ ਮਾਨਯੋਗ ਐਚ.ਐਸ. ਕੰਡੋਲਾ ਜੀ ਨੇ ਸੁਵਿਧਾ ਕਰਮਚਾਰੀਆਂ ਨੂੰ ਕਿਹਾ ਕਿ ਮੈਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ, ਸ਼ਨੀਵਾਰ ਅਤੇ ਐਤਵਾਰ ਦੀ ਛੁਟੀ ਹੈ, ਸੋਮਵਾਰ ਨੂੰ ਤੁਹਾਡਾ ਜ਼ਰੂਰ ਕੁਝ ਕੀਤਾ ਜਾਵੇਗਾ। ਜਨਰਲ ਸਕੱਤਰ ਵਰਿੰਦਰਪਾਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ/ਭਾਜਪਾ ਸਰਕਾਰ ਨੇ 12-12 ਸਾਲਾਂ ਤੋਂ ਕੰਮ ਕਰ ਰਹੇ ਸੁਵਿਧਾ ਕਰਮਚਾਰੀਆਂ ਦੇ ਭਵਿੱਖ ਬਾਰੇ ਕੁਝ ਵੀ ਨਹੀਂ ਕੀਤਾ ਜਿਸ ਕਰਕੇ ਅੱਜ ਨੌਕਰੀਆਂ ਗੁਆ ਚੁੱਕੇ, ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ’ਚ ਅਸਮਰਥ ਇਹ ਕਰਮਚਾਰੀ ਆਪਣੀਆਂ ਜਾਨਾਂ ਤੱਕ ਗੁਆਉਣ ’ਚ ਗੁਰੇਜ਼ ਨਹੀਂ ਕਰ ਰਹੇ।ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਰਵਿੰਦਰ ਸਿੰਘ ਜ਼ਿਲ੍ਹਾ ਫਰੀਦਕੋਟ, ਜਸਪ੍ਰੀਤ ਸਿੰਘ ਜ਼ਿਲ੍ਹਾ ਮੋਗਾ, ਹਰਗੁਣ ਸਿੰਘ ਜ਼ਿਲ੍ਹਾ ਲੁਧਿਆਣਾ, ਕਰਮਜੀਤ ਕੌਰ ਜ਼ਿਲ੍ਹਾ ਬਠਿੰਡਾ, ਕਮਲੇਸ਼ ਚੋਧਰੀ ਜ਼ਿਲ੍ਹਾ ਰੋਪੜ, ਮਨਪ੍ਰੀਤ ਕੌਰ ਜ਼ਿਲ੍ਹਾ ਪਟਿਆਲਾ ਤੋਂ ਸਾਥੀ ਡਾਇਰੈਕਟਰ ਆਫ਼ ਗਵਰਨਰਸ ਰਿਫਾਰਮਸ, ਪੰਜਾਬ, ਸੈਕਟਰ-34-ਏ, ਜ਼ਿਲ੍ਹਾ ਚੰਡੀਗੜ੍ਹ ਦਫ਼ਤਰ ਦੀ ਉੱਪਰੀ ਮੰਜ਼ਿਲ ਧਰਨੇ ਤੇ ਹਨ। ਜਦ ਤੱਕ ਉਨ੍ਹਾਂ ਦੇ ਸਾਥੀ ਉੱਪਰ ਰਹਿਣਗੇ ਉਸ ਸਮੇਂ ਤੱਕ ਇਹ ਧਰਨਾ ਦਫ਼ਤਰ ਦੇ ਬਾਹਰ ਦਿਨ-ਰਾਤ ਜਾਰੀ ਰਹੇਗਾ। ਜੇਕਰ ਇਸ ਦਰਮਿਆਨ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਪ੍ਰਮੁੱਖ ਅਧਿਕਾਰੀਆਂ ਦੀ ਹੋਵੇਗੀ ।
Punjab Post Daily Online Newspaper & Print Media