ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਨੀਤੀ ਆਯੋਗ ਅਤੇ ਵਿਤ ਵਿਭਾਗ ਵੱਲੋਂ ਅੰਮ੍ਰਿਤਸਰ ਪ੍ਰਸ਼ਾਸਨ ਦੀ ਮਦਦ ਨਾਲ ਸਥਾਨਕ ਗੁਰੂ ਨਾਨਕ ਭਵਨ ਵਿਚ ਡਿਜ਼ੀ ਧਨ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਵੱਖ-ਵੱਖ ਬੈਂਕਾਂ, ਅਧਾਰ, ਇੰਡੀਅਨ ਆਇਲ ਅਤੇ ਹੋਰ ਡਿਜ਼ੀਟਲ ਲੈਣ-ਦੇਣ ਕਰਨ ਵਾਲੇ ਅਦਾਰਿਆਂ ਵੱਲੋਂ ਸਟਾਲ ਲਗਾ ਕੇ ਲੋਕਾਂ ਨੂੰ ਡਿਜ਼ੀਟਲ ਲੈਣ-ਦੇਣ ਦੇ ਲਾਭ ਦੱਸ ਕੇ ਉਨਾਂ ਦੇ ਮਨ ਵਿਚੋਂ ਇਸ ਪ੍ਰਤੀ ਸ਼ੰਕੇ ਨਿਵਰਤ ਕੀਤੇ ਗਏ। ਲੋਕਾਂ ਦੇ ਅਧਾਰ ਕਾਰਡ, ਕਰੈਡਿਟ ਕਾਰਡ ਆਦਿ ਵੀ ਮੌਕੇ ’ਤੇ ਬਣਾਏ ਗਏ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਨੀਤੀ ਕਮਿਸ਼ਨ ਦੇ ਸਲਾਹਕਾਰ ਸ੍ਰੀਮਤੀ ਸੁਨੀਤਾ ਸਾਂਘੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਭਾਰਤ ਨੂੰ ਡਿਜ਼ੀਟਲ ਤਕਨੀਕ ਨਾਲ ਜੁੜਨ ਦਾ ਜੋ ਕੰਮ ਚੁੱਕਿਆ ਹੈ, ਉਹ ਸਲਾਹੁਣਯੋਗ ਹੈ ਅਤੇ ਇਹ ਸੰਭਵ ਹੈ ਕਿਉਂਕਿ ਭਾਰਤ ਵਿਚ ਇਸ ਵਕਤ 90 ਕਰੋੜ ਲੋਕਾਂ ਦੇ ਬੈਂਕ ਖਾਤੇ ਹਨ ਅਤੇ ਇੰਨੇ ਹੀ ਮੋਬਾਈਲ ਲੋਕ ਵਰਤ ਰਹੇ ਹਨ। 108 ਕਰੋੜ ਲੋਕਾਂ ਕੋਲ ਅਧਾਰ ਕਾਰਡ ਹਨ ਅਤੇ ਅਜਿਹੇ ਵਿਚ ਕੁੱਝ ਵੀ ਅਸੰਭਵ ਨਹੀਂ ਹੈ। ਉਨਾਂ ਕਿਹਾ ਕਿ ਰੋਜ਼ ਮਰਾ ਦਾ ਲੈਣ ਦੇਣ ਡਿਜ਼ੀਟਲ ਤਰੀਕੇ ਨਾਲ ਕਰਨਾ ਕੋਈ ਔਖਾ ਨਹੀਂ, ਬਲਕਿ ਸੁਰੱਖਿਅਤ ਅਤੇ ਅਸਾਨ ਹੈ। ਉਨਾਂ ਦੱਸਿਆ ਕਿ ਇਸ ਲੈਣ-ਦੇਣ ’ਤੇ ਰੋਜ਼ਾਨਾ 15 ਹਜ਼ਾਰ ਲੋਕਾਂ ਦੇ ਲੱਕੀ ਡਰਾਅ ਅਤੇ ਹਫਤੇ ਬਾਅਦ ਵੀ ਇੰਨੇ ਹੀ ਲੋਕਾਂ ਅਤੇ ਵਪਾਰੀਆਂ ਦੇ ਲੱਕੀ ਡਰਾਅ ਕੱਢੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪਹਿਲਾ ਲੱਕੀ ਡਰਾਅ 30 ਜਨਵਰੀ ਨੂੰ ਨਰਿੰਦਰ ਮੋਦੀ ਨੇ ਦਿੱਲੀ ਵਿਖੇ ਕੱਢਿਆ ਸੀ ਅਤੇ ਦੂਸਰਾ ਡਰਾਅ ਅੱਜ ਗੁਰੂ ਨਗਰੀ ਵਿਚ ਕੱਢਿਆ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਬਸੰਤ ਗਰਗ ਨੇ ਕਿਹਾ ਕਿ ਕੈਸ਼ਲੈਸ ਭੁਗਤਾਨ ਦਾ ਕੋਈ ਨੁਕਸਾਨ ਨਹੀਂ, ਬਲਿਕ ਸੈਂਕੜੇ ਫਾਇਦੇ ਹਨ। ਉਨਾਂ ਦੱਸਿਆ ਕਿ ਲੋਕ ਮਨਾਂ ਵਿਚੋਂ ਇਸ ਬਾਰੇ ਸ਼ੱਕ, ਸ਼ੰਕੇ, ਡਰ ਕੱਢਣ ਦੀ ਲੋੜ ਹੈ ਅਤੇ ਇਸ ਬਾਬਤ ਅੱਜ ਦਾ ਉਪਰਾਲਾ ਸੁਲਾਹਣਯੋਗ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਡਿਜ਼ੀ ਭੁਗਤਾਨ ’ਤੇ ਖਰੀਦ ਅਤੇ ਵਪਾਰ ਕਰਨ ਦਾ ਉਪਰਾਲਾ ਕਰਨ ਅਤੇ ਇਸ ਬਾਬਤ ਹੋਰ ਲੋਕਾਂ ਨੂੰ ਵੀ ਜਾਣੂੰ ਕਰਵਾਉਣ। ਉਨਾਂ ਕੇਂਦਰੀ ਟੀਮ ਨੂੰ ਭਰੋਸਾ ਦਿੱਤਾ ਕਿ ਅੰਮ੍ਰਿਤਸਰ ਦੇ ਲੋਕ ਇੰਨਾਂ ਅਗਾਂਹਵਧੂ ਤਕਨੀਕਾਂ ਨੂੰ ਅਪਨਾਉਂਦੇ ਹੋਏ ਨਰਿੰਦਰ ਮੋਦੀ ਵੱਲੋਂ ਉਲੀਕੇ ਸੁਪਨੇ ਨੂੰ ਪੂਰਾ ਕਰਨ ਵਿਚ ਵੱਡਾ ਯੋਗਦਾਨ ਪਾਉਣਗੇ। ਉਨਾਂ ਇਸ ਮੌਕੇ ਡਿਜ਼ੀ ਗਾਹਕ ਲੱਕੀ ਡਰਾਅ ਵੀ ਕੱਢਿਆ।ਇਸ ਮੌਕੇ ਰਾਸ਼ਟਰੀ ਪੇਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਪੁਸ਼ਪਿੰਦਰ ਸਿੰਘ, ਜਤਿੰਦਰ ਸਿੰਘ, ਹਾਕੀ ਸਟਾਰ ਗਗਨਅਜੀਤ ਸਿੰਘ ਤੇ ਜੁਗਰਾਜ ਸਿੰਘ ਨੇ ਦੂਸਰਾ ਰਾਸ਼ਟਰੀ ਡਿਜ਼ੀ ਗਾਹਕ ਡਰਾਅ ਦੇ ਜੇਤੂ ਐਲਾਨੇ। ਮੈਡਮ ਸਾਂਘੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਡਿਜ਼ੀਟਲ ਇੰਡੀਆ ਸਬੰਧੀ ਸਕੂਲਾਂ ਵਿਚ ਕਰਵਾਏ ਗਏ ਪੇਂਟਿੰਗ, ਕਵਿਤਾ ਤੇ ਸਲੋਗਨ ਲਿਖਣ ਦੇ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ ਕੇ ਮਰਵਾਹਾ, ਅਸ਼ੋਕ ਗੁਪਤਾ, ਅਨਿਲ ਭਾਟੀਆ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸੰਦੀਪ ਰਿਸ਼ੀ, ਵਿਕਾਸ ਜੀ ਏ ਟੂ ਡੀ. ਸੀ. ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media