ਜ਼ਿਲ੍ਹੇ ਦੇ 160910 ਬੱਚਿਆਂ ਤੱਕ ਪਹੁੰਚੇਗਾ ਸਿਹਤ ਵਿਭਾਗ
ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) : ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਦੇ ਬੱਚਿਆਂ ਨੂੰ 29 ਤੋਂ 31 ਜਨਵਰੀ ਤੱਕ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਅਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਜਰਨੈਲ ਸਿੰਘ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ 0 ਤੋਂ 5 ਸਾਲ ਦੇ 160190 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਲਈ ਜ਼ਿਲ੍ਹੇ ਵਿਚ 657 ਬੂਥ ਲਗਾਏ ਜਾਣਗੇ। ਇਸ ਕੰਮ ਨੂੰ ਹੋਰ ਸਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 39 ਟਰਾਂਜਿਟ ਅਤੇ 28 ਮੋਬਾਇਲ ਟੀਮਾਂ ਦੇ ਨਾਲ ਨਾਲ 136 ਸੁਪਰਵਾਈਜ਼ਰਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਦਿਨਾਂ ਤੋਂ ਬਾਅਦ 1236 ਟੀਮਾਂ ਵੱਲੋਂ 182525 ਘਰਾਂ ਵਿਚ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਇਸ ਕੰਮ ਵਿਚ ਸਿਹਤ ਵਿਭਾਗ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਝੁੱਗੀਆਂ ਝੌਂਪੜੀਆਂ, ਭੱਠਿਆਂ, ਸਲੱਮ ਬਸਤੀਆਂ ਵਿਚ ਵੀ ਟੀਮਾਂ ਵੱਲੋਂ ਪਹੁੰਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਜਾਗਰੂਕਤਾ ਲਈ ਜਾਗਰੂਕ ਰੈਲੀਆਂ ਦਾ ਵੀ ਆਯੋਜਨ ਕੀਤਾ ਜਾਵੇ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਦੀਪ ਧੂੜੀਆ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਨੀਤਾ ਰਾਣੀ, ਡੀਐਸਪੀ ਸੁਬੇਗ ਸਿੰਘ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media