ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਾਬਕਾ ਮੈਂਬਰ ਪਾਰਲੀਮੈਂਟ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਅੰਮ੍ਰਿਤਸਰ ਦੀ ਅਵਾਜ਼ ਗੁਰਜੀਤ ਸਿੰਘ ਔਜਲਾ ਨੂੰ 2 ਲੱਖ ਵੋਟਾਂ ਦੀ ਲੀਡ ਦੇ ਨਾਲ ਜੇਤੂ ਬਨਾਉਣ। ਅੱਜ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਸ੍ਰ ਸਿੱਧੂ ਨੇ ਕਿਹਾ ਕਿ ਇੰਨ੍ਹਾਂ ਚੋਣਾਂ ਵਿਚ ਸ੍ਰ. ਗੁਰਜੀਤ ਸਿੰਘ ਔਜਲਾ ਹੀ ਜੇਤੂ ਜਰਨੈਲ ਬਣ ਕੇ ਸਾਹਮਣੇ ਆਉਣਗੇ ਬਾਕੀ ਸਭ ਦੀਆਂ ਜਮਾਨਤਾਂ ਵੀ ਜ਼ਬਤ ਹੋ ਜਾਣਗੀਆਂ। ਸ੍ਰ ਸਿੱਧੂ ਨੇ ਬਾਦਲ ਪਰਵਾਰ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ 11 ਮਾਰਚ ਤੋਂ ਬਾਅਦ ਬਾਦਲਾਂ ਤੋਂ ਪੰਜਾਬ ਨਾਲ ਕੀਤੇ ਇਕ-ਇਕ ਧੱਕੇ ਦਾ ਹਿਸਾਬ ਲਵਾਂਗੇ।ਉਨ੍ਹਾਂ ਕਿਹਾ ਕਿ ਇਨਾਂ 10 ਸਾਲਾਂ ਵਿਚ ਪੰਜਾਬ ਵਿਚ ਮਹਿੰਗਾਈ ਅਤੇ ਬਾਦਲਾਂ ਦੀ ਜਾਇਦਾਦ ਛੱੜਪੇ ਮਾਰ ਕੇ ਵਧੀ ਹੈ।ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੀ ਨੁਹਾਰ ਬਦਲ ਦੇਵੇਗੀ।
ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਦੀ ਅਵਾਜ਼ ਕਹਿ ਕੇ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰਾ ਛੋਟਾ ਭਰਾ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਲਈ ਇਕ ਨਵਾਂ ਜੋਸ਼ ਤੇ ਜਨੂੰਨ ਲੈ ਕੇ ਪਾਰਲੀਮੈਂਟ ਵਿਚ ਜਾ ਰਿਹਾ ਹੈ।ਇਹ ਨਾ ਸਿਰਫ ਅੰਮ੍ਰਿਤਸਰ ਦੀ ਨੁਹਾਰ ਬਦਲੇਗਾ ਬਲਕਿ ਅੰਮ੍ਰਿਤਸਰ ਲਈ ਆਸ ਦੀ ਇਕ ਨਵੀਂ ਕਿਰਨ ਵੀ ਹੈ।ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਗੁਰਜੀਤ ਸਿੰਘ ਔਜਲਾ ਦਾ ਕੰਮ ਦੱਸੇਗਾ ਕਿ ਉਹ ਕਿਸ ਜਜ਼ਬੇ ਦਾ ਮਾਲਕ ਹੈ।ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਇਸ ਦਸ ਸਾਲ ਦੇ ਕਾਰਜਕਾਲ ਨੂੰ ਪੰਜਾਬ ਦੇ ਇਤਿਹਾਸ ਦੇ ਕਾਲੇ ਦੌਰ ਵਜੋਂ ਯਾਦ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਮੌਤ ਨੂੰ ਮਖੌਲ ਕਰਨ ਵਾਲੇ ਪੰਜਾਬੀ ਨੋਜਵਾਨਾਂ ਨੂੰ ਨਸ਼ੇਈ ਵਜੋ ਪੇਸ਼ ਕੀਤਾ ਜਾ ਰਿਹਾ ਹੈ।ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਪੰਜਾਬ ਵਿਚ 70 ਫੀਸਦੀ ਨੌਜਵਾਨ ਨਸ਼ਿਆਂ ਵਿਚ ਡੁੱਬੇ ਹੋਏ ਹਨ। ਇਸ ਦਾ ਜਿੰਮੇਵਾਰ ਕੌਣ ਹੈ ਇਹ ਲੋਕ ਭਲੀ ਭਾਂਤ ਜਾਣਦੇ ਹਨ। ਸ੍ਰ ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਪੰਜਾਬੀ ਨੌਜਵਾਨਾਂ ਦੇ ਨਸ਼ਿਆਂ ਦੀ ਚਿੰਤਾ ‘ਮਨ ਕੀ ਬਾਤ’ ਵਿਚ ਹੀ ਕਰਦੇ ਹਨ ਉਨ੍ਹਾਂ ਨੂੰ ਜੇਕਰ ਸਚਮੁਚ ਪੰਜਾਬੀ ਨੌਜਵਾਨਾਂ ਦਾ ਫਿਕਰ ਹੁੰਦਾ ਤਾਂ ਉਹ ਪੰਜਾਬ ਵਿਚ ਨਸ਼ਿਆਂ ਦੇ ਵਧ ਫੁੱਲ ਰਹੇ ਕਾਰੋਬਾਰ ਨੂੰੂ ਰੋਕਣ ਲਈ ਗੰਭੀਰਤਾ ਨਾਲ ਯਤਨ ਜ਼ਰੂਰ ਕਰਦੇ।
ਉਨ੍ਹਾਂ ਕਿਹਾ ਕਿ ਕਰਜੇ ਦੀ ਮਾਰ ਹੇਠ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।ਔਜਲਾ ਨੇ ਕਿਹਾ ਕਿ ਮੈਂ ਅੰਮ੍ਰਿਤਸਰ ਦੇ ਕਈ ਪਿੰਡ ਅਜਿਹੇ ਵੀ ਦੇਖੇ ਹਨ ਜਿੰਨਾਂ ਵਿਚ ਕੋਈ ਵੀ ਪਰਵਾਰ ਆਪਣੇ ਬਚਿੱਆਂ ਦਾ ਰਿਸ਼ਤਾ ਕਰਨ ਲਈ ਵੀ ਤਿਆਰ ਨਹੀਂ।ਉਨ੍ਹਾਂ ਕਿਹਾ ਕਿ 11ਮਾਰਚ ਦਾ ਦਿਨ ਪੰਜਾਬ ਲਈ ਇਕ ਨਵੀਂ ਸਵੇਰ ਲੈ ਕੇ ਆਏਗਾ।ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਸ੍ਰ ਔਜਲਾ ਨੇ ਕਿਹਾ ਕਿ ਇਸ ਪਾਰਟੀ ਕੋਲ ਪੰਜਾਬ ਲਈ ਕੋਈ ਪ੍ਰੋਗਰਾਮ ਨਹੀ ਹੈ।ਇਹ ਸਿਰਫ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਪੰਜਾਬ ਵਿਚ ਪੈਰ ਪਸਾਰ ਰਹੀ ਹੈ। ਇਸ ਮੌਕੇ ’ਤੇ ਯੂਥ ਆਗੂ ਸ੍ਰੀ ਦਿਨੇਸ਼ ਬੱਸੀ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media