ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੱਲ ਬੱਚੇ ਦੇ ਜਨਮ ਦੀਆਂ ਦਰਦਾਂ ਝੇਲ ਰਹੀ ਇੱਕ ਗਰਭਵਤੀ ਔਰਤ ਨੂੰ ਘੰਟਿਆਂਬੱਧੀ ਹਸਪਤਾਲ ਦੀਆਂ ਪੌੜੀਆਂ `ਤੇ ਤੜਪਨਾ ਪਿਆ, ਲੇਕਿਨ ਕਿਸੇ ਨੇ ਉਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ।ਇਹ ਦੋਸ਼ ਲਾਉਂਦਿਆਂ ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਮੈਡਮ ਲਛਮੀ ਕਾਂਤਾ ਚਾਵਲਾ ਨੇ ਕਿਹਾ ਕਿ ਇਹ ਕੋਈ ਨਵੀ ਗੱਲ ਨਹੀਂ ਇਸ ਹਸਪਤਾਲ ਵਿੱਚ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ, ਜਦ ਮਰੀਜ ਕਦੇ ਹਸਪਤਾਲ ਵਿਚੋਂ ਬਾਹਰ ਸੁੱਟੇ ਗਏ ਹਨ ਜਾਂ ਇਲਾਜ ਨਾ ਹੋਣ ਕਰਕੇ ਉਹ ਖਤਮ ਹੋ ਗਏ ਹਨ।

ਮੈਡਮ ਚਾਵਲਾ ਨੇ ਕਿਹਾ ਕਿ ਸਵਾਲ ਇਹ ਹੈ ਕਿ ਹਸਪਤਾਲ ਵਲੋਂ ਦੋ ਫਰਲਾਂਗ ਦੀ ਦੂਰੀ ਉੱਤੇ ਰਹਿਣ ਵਾਲਾ ਮੈਡੀਕਲ ਸਿਖਿਆ ਮੰਤਰੀ ਹਸਪਤਾਲ ਵੱਲ ਧਿਆਨ ਕਿਉਂ ਨਹੀਂ ਦਿੰਦਾ ? ਉਨਾਂ ਕਿਹਾ ਕਿ ਅਜਕਲ ਤਾਂ ਚੋਣਾਂ ਚੱਲ ਰਹੀਆਂ ਹਨ ਹਨ, ਲੇਕਿਨ ਚੋਣਾਂ ਤੋਂ ਪਹਿਲਾਂ ਇਸ ਹਸਪਤਾਲ ਵਿੱਚ ਜਨਤਾ ਦੀ ਹਾਲਤ ਬਹੁਤ ਤਰਸਯੋਗ ਤੇ ਨਾਜ਼ੁਕ ਰਹੀ ਹੈ ।ਪੰਜਾਬ ਸਰਕਾਰ ਸਰਕਾਰੀ ਹਸਪਤਾਲ ਵਿੱਚ ਲੋੜੀਂਦੀਆਂ ਸਹੂਲਤਾਂ ਤੇ ਦਵਾਈਆਂਂ ਉਪਲੱਬਧ ਕਰਵਾਉਣ ਵਿੱਚ ਅਸਫਲ ਰਹੀ ਹੈ ।ਉਨਾਂ ਕਿਹਾ ਕਿ ਸਟਾਫ ਦੀ ਕਮੀ ਵੀ ਇਸ ਹਸਪਤਾਲ ਦੀ ਦੁਰਦਸ਼ਾ ਦਾ ਵੱਡਾ ਕਾਰਨ ਹੈ, ਅਫਸੋਸ ਤਾਂ ਇਹ ਹੈ ਕਿ ਮੰਤਰੀ ਅਤੇ ਨੇਤਾ ਉਦਘਾਟਨਾਂ ਦੇ ਨਾਮ `ਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਤਾਂ ਵਿਖਾ ਦਿੰਦੇ ਹਨ, ਫੋਟੋ ਵੀ ਖਿਚਵਾ ਲੈਂਦੇ ਹੈ, ਪਰ ਹਸਪਤਾਲਾਂ ਦੀਆਂ ਇਮਾਰਤਾਂ ਦੇ ਅੰਦਰ ਮਰੀਜਾਂ ਲਈ ਕੁੱਝ ਹੈ ਜਾਂ ਨਹੀਂ, ਇਸ ਦੀ ਚਿੰਤਾ ਨਹੀਂ ਕਰਦੇ ।
ਮੈਡਮ ਲਛਮੀਕਾਂਤਾ ਚਾਵਲਾ ਨੇ ਕਿਹਾ ਕਿ ਕਿੰਨਾ ਚੰਗਾ ਹੋਵੇ ਜੇਕਰ ਪੰਜਾਬ ਵਿੱਚ ਹੁਣ ਨਵੀਂ ਬਨਣ ਵਾਲੀ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਇਹ ਆਦੇਸ਼ ਜਰੂਰ ਜਾਰੀ ਕਰੇ ਕਿ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਸਰਕਾਰੀ ਹਸਪਤਾਲਾਂ ਵਿੱਚ ਹੀ ਆਪਣਾ ਤੇ ਪਰਿਵਾਰਕ ਮੈਂਬਰਾਂ ਦਾ ਇਲਾਜ਼ ਕਰਵਾਉਣ ਅਤੇ ਅਜਿਹਾ ਨਾ ਕਰ ਕੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ `ਤੇ ਉਨਾਂ ਨੂੰ ਸਰਕਾਰ ਵਲੋਂ ਕੋਈ ਵੀ ਖਰਚ ਨਾ ਦਿਤਾ ਜਾਵੇ ।ਮੈਡਮ ਚਾਵਲਾ ਨੇ ਕਿਹਾ ਅਜਿਹੇ ਹੁਕਮ ਜਾਰੀ ਹੋਣ `ਤੇ ਹੀ ਮੰਤਰੀ ਤੇ ਅਧਿਕਾਰੀ ਹਸਪਤਾਲਾਂ ਦੀ ਅਸਲੀ ਹਾਲਤ ਤੋਂ ਜਾਣੂ ਹੋ ਸਕਣਗੇ।
Punjab Post Daily Online Newspaper & Print Media