ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਬਿਊਰੋ) – 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਦਿੱਲੀ ਤੋਂ ਆਈ ਭਾਰਤੀ ਯੁਵਾ ਮੋਰਚਾ ਦੀ ਟੀਮ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਸੱਤਾ ਹਾਸਲ ਕਰਨ ਲਈ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਪੋਲ ਖੋਲਣ ਲਈ ਭੰਡਾਰੀ ਪੁੱਲ ਵਿਖੇ ਲੋਕਾਂ ਨੂੰ ਕੇਜਰੀਵਾਲ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਦਿੱਲੀ ਸਰਕਾਰ `ਤੇ ਕੇਜ਼ਰੀਵਾਲ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਸਮੇਂ ਦਿੱਲੀ ਯੁਵਾ ਮੋਰਚਾ ਪ੍ਰਧਾਨ ਸੁਨੀਲ ਯਾਦਵ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਦਿੱਲੀ ਵਿੱਚ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ 70 ਵਾਅਦੇ ਕੀਤੇ ਗਏ ਸਨ, ਲੇਕਿਨ ਹੁਣ ਦਿੱਲੀ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਖੁੱਭ ਚੁੱਕੀ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਨੌਜਵਾਨਾਂ ਨੂੰ ਵਾਈ.ਫਾਈ ਇੰਟਰਨੈਟ ਦੀ ਸਹੂਲਤ ਦੇਣ, 20 ਯੂਨੀਵਰਸਿਟੀਆਂ ਅਤੇ 20 ਕਾਲਜ਼ ਬਨਾਉਣ, 15 ਲੱਖ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਔਰਤਾਂ ਦੀ ਸੁਰੱਖਿਆ ਨਿਸ਼ਚਿਤ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, 8 ਲੱਖ ਨਵੇਂ ਰੋਜ਼ਗਾਰ ਪੈਦਾ ਕਰਨ, ਮੁਫਤ ਪਾਣੀ ਅਤੇ ਬਿਜ਼ਲੀ ਦੇਣ ਆਦਿ ਤੋਂ ਇਲਾਵਾ ਕਈ ਹੋਰ ਵਾਅਦੇ ਕੀਤੇ ਸਨ, ਜਿੰਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ 350 ਨਵੇਂ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਦਾ ਸਟੇਟਸ ਖਤਮ ਕਰਨ ਦੇਣ ਕਰਕੇ ਬੈਂਕਾਂ ਵੱਲੋਂ 2.5 ਫੀਸਦ ਦੀ ਬਜਾਏ ਹੁਣ 8.5 ਫੀਸਦ ਵਿਆਜ ਚਾਰਜ ਕੀਤਾ ਜਾ ਰਿਹਾ ਹੈ। ਇਸ ਲਈ ਜੇਕਰ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਕੀਤੇ ਵਾਅਦੇ ਪੂਰੇ ਕਰਨ ਵਿੱਚ ਕਾਮਯਾਬ ਨਹੀਂ ਰਹੀ ਤਾਂ ਪੰਜਾਬ ਵਿੱਚ ਵੀ ਉਸ ਨੇ ਕੁੱਝ ਨਹੀਂ ਕਰਨਾ, ਇਸ ਲਈ ਅਜਿਹੀ ਪਾਰਟੀ ਨੂੰ ਵੋਟ ਮੰਗਣ ਦਾ ਕੋਈ ਹੱਕ ਨਹੀਂ। ਸੁਨੀਲ ਯਾਦਵ ਨੇ ਕਿਹਾ ਕਿ ਦਿੱਲੀ ਵਿਚੋਂ 230 ਮੈਂਬਰੀ ਯੂਵਾ ਮੋਰਚਾ ਟੀਮ ਆਈ ਹੈ ਜੋ ਪੰਜਾਬ ਵਿੱਚ ਭਾਜਪਾ ਵਲੋਂ ਲੜੇ ਜਾ ਰਹੇ 23 ਵਿਧਾਨ ਸਭਾ ਹਲਕਿਆਂ ਵਿੱਚ ਕੇਜਰੀਵਾਲ ਦਾ ਪਰਦਾਫਾਸ਼ ਕਰੇਗੀ।ਇਸ ਮੌਕੇ ਪ੍ਰੀਕਸ਼ਤ ਦਾਗਰ, ਹੇਮੰਤ ਭਾਰਦਵਾਜ, ਰਾਹੁਲ, ਦੀਪਕ ਵਸ਼ਿਸ਼ਟ, ਪ੍ਰਵੇਸ਼ ਰਤਨ, ਰਾਘਵ, ਦੀਵਾਨ, ਨੀਰਜ਼ ਝਾਅ, ਪ੍ਰਵਾਨ ਸਾਹਨੀ ਆਦਿ ਹਾਜ਼ਰ ਸਨ।
Punjab Post Daily Online Newspaper & Print Media