ਗੁਰਜੰਟ ਸਿੰਘ ਮੰਡੇਰਾਂ
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਸਾਰੇ ਉਮੀਦਵਾਰਾਂ ਦੀ ਵਿਧਾਨ ਸਭਾ ਦੀਆਂ ਚੋਣਾਂ ਲਈ ਸੂਚੀ ਜਾਰੀ ਕਰ ਦਿੱਤੀ।ਜਿਸ ਵਿੱਚ ਜਿਨਾਂ ਉਮੀਦਵਾਰਾਂ ਦੇ ਨਾਂ ਸੂਚੀ ਹਨ ਉਹ ਤਾਂ ਆਪਣੀ ਪਾਰਟੀ ਦੇ ਪ੍ਰਚਾਰ ਮੁਹਿੰਮ ਵਿੱਚ ਜੁਟ ਗਏ ਹਨ, ਪਰ ਕੁੱਝ ਅਜਿਹੇ ਉਮੀਦਵਾਰ ਵੀ ਹਨ ਜਿਨਾਂ ਨੂੰ ਆਪਣਾ ਨਾਮ ਸੂਚੀ ਵਿੱਚ ਆਉਣ ਦੀ ਆਸ ਸੀ ਪਰ ਆਇਆ ਨਹੀਂ।ਅਜਿਹੇ ਉਮੀਦਵਾਰਾਂ ਨੇ ਆਪਣੀ ਜੱਦੀ ਪਾਰਟੀ ਜਿਸ ਦਾ ਉਹ ਪਿਛਲੇ ਕੋਈ ਮਹੀਨੇ ਜਾਂ ਕਈ ਸਾਲਾਂ ਤੋਂ ਦਿਨ ਰਾਤ ਗੁਣਗਾਣ ਕਰ ਰਹੇ ਸੀ ਉਸ ਪਾਰਟੀ ਦੇ ਵਿਰੋਧੀ ਹੋ ਗਏ ਹਨ।ਪਹਿਲਾਂ ਜਿਸ ਪਾਰਟੀ ਦੇ ਗੁਣ ਗਾਉਂਦੇ ਜਾਂ ਪ੍ਰਚਾਰ ਕਰਦੇ ਨਹੀਂ ਸੀ ਥੱਕਦੇ ਹੁਣ ਉਸ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡਦੇ।ਪਾਰਟੀ ਦੇ ਸਾਰੇ ਭੇਦ ਖੋਲ ਦਿੰਦੇ ਹਨ ਅਜਿਹੇ ਉਮੀਦਵਾਰਾਂ ਨੂੰ ਜੋ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਆਉਂਦੇ ਹਨ, ਵਿਰੋਧੀ ਪਾਰਟੀ ਵੱਲੋਂ ਉਸ ਦਾ ਸਵਾਗਤ ਆਪਣੇ ਉਮੀਦਵਾਰਾਂ ਦੀ ਸੂਚੀ ਵਿੱਚ ਨਾਂ ਪਾ ਕੇ ਜਾਂ ਕਿਸੇ ਹੋਰ ਉੱਚ ਅਹੁਦੇ ਨਾਲ ਨਿਵਾਜ ਕੇ ਕੀਤਾ ਜਾਂਦਾ ਹੈ।ਅਜਿਹੇ ਵਿਅਕਤੀ ਜੋ ਆਪਣੀ ਇੱਕ ਪਾਰਟੀ ਦੇ ਨਹੀਂ ਹੋ ਸਕਦੇ, ਅਹੁਦੇ ਲਈ ਦੂਜੀ ਪਾਰਟੀ ਦਾ ਲੜ ਫੜ ਲੈਂਦੇ ਹਨ ਜਿਸ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਨੀਤੀਆਂ ਦਸਦੇ ਸਨ, ਉਸ ਨਾਲ ਜਾ ਰਲ਼ਦੇ ਹਨ ਉਹ ਆਮ ਜਨਤਾ ਦਾ ਕਦੋਂ ਭਲੇ ਕਰਨਗੇ ਜਾਂ ਦੇਸ਼ ਦਾ ਕਦੋਂ ਵਿਕਾਸ ਕਰਨਗੇ।ਅਜਿਹੇ ਵਿਅਕਤੀ ਸਿਰਫ ਅਹੁੱਦਿਆਂ ਦੇ ਭੁੱਖੇ ਹੁੰਦੇ ਹਨ।ਕਈ ਪਾਰਟੀਆਂ ਆਪਣੇ ਪਾਰਟੀ ਵਰਕਰਾਂ ਨੂੰ ਨਰਾਜ਼ ਨਾ ਕਰਦੀਆਂ ਹੋਈਆਂ ਆਪਣੇ ਵਰਕਰਾਂ ਨੂੰ ਕਈ ਹੋਰ ਉੱਚੇ ਅਹੁਦੇ ਨਾਲ ਨਿਵਾਜ਼ ਦਿੰਦੀਆਂ ਹਨ ਫਿਰ ਚਾਹੇ ਉਹ ਵਿਅਕਤੀ ਉਸ ਅਹੁਦੇ ਦੀਆਂ ਯੋਗਤਾਵਾਂ ਪੂਰੀਆਂ ਕਰਦਾ ਹੋਵੇ, ਚਾਹੇ ਨਾ।ਅਜਿਹੀਆਂ ਪਾਰਟੀਆਂ ਜੋ ਸਿਰਫ ਆਪਣੇ ਪਾਰਟੀ ਦੇ ਵਰਕਰਾਂ ਲਈ ਹੀ ਸੋਚਦੇ ਹਨ, ਆਮ ਜਨਤਾ ਬਾਰੇ ਨਹੀਂ। ਕਿਥੋਂ ਅਸੀਂ ਆਪਣੀ ਦੇਸ਼ ਦੀ ਤਰੱਕੀ ਭਾਲ ਰਹੇ ਹਾਂ? ਸਾਡੀ ਨੌਜਵਾਨ ਪੀੜੀ ਦਿਨ ਰਾਤ ਇੱਕ ਕਰ ਪੜਾਈ ਕਰ ਰਹੀ ਹੈ ਤਾਂ ਕਿ ਆਪਣੇ ਜ਼ਿੰਦਗੀ ਵਿੱਚ ਕੁਝ ਬਣ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਣ ਪਰ ਅਜਿਹੀਆਂ ਪਾਰਟੀਆਂ ਜੋ ਆਪਣੇ ਘੱਟ ਪੜੇ ਲੀਡਰਾਂ ਨੂੰ ਵੀ ਵੱਡੇ ਅਹੁਦੇ ਦੇ ਨਿਵਾਜ਼ ਦੀਆਂ ਹਨ ਅਜਿਹਾ ਦੇਖ ਸਾਡੀ ਨੌਜਵਾਨ ਪੀੜੀ ਦਾ ਪੜਾਈ ਵਿਚੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਆਪਣੇ ਦੇਸ਼ ਪ੍ਰਤੀ ਕੁਝ ਕਰਨ ਦਾ ਜ਼ਜਬਾ ਖਤਮ ਹੁੰਦਾ ਜਾ ਰਿਹਾ ਹੈ। ਨਤੀਜਾ ਸਾਡੇ ਸਾਹਮਣੇ ਹੈ ਸਾਡੀ ਅੱਜ ਦੀ ਪੀੜੀ ਦਾ ਵਿਦੇਸ਼ਾਂ ਵੱਲ ਰੁਖ ਵਧਦਾ ਜਾ ਰਿਹਾ ਹੈ।
ਅਜਿਹੇ ਵਿੱਚ ਆਮ ਸ਼ਹਿਰੀ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਜਿਨਾਂ ਦੀ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਵੱਖਰੀ ਪਛਾਣ ਹੈ ਉਹ ਵੀ ਅਜਿਹਾ ਕਰਨ ਤੋਂ ਗੁਰੇਜ਼ ਨਹੀਂ ਕਰਦੇ।ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਭਾਰਤੀ ਟੀਮ ਦੇ ਮਸ਼ਹੂਰ ਕ੍ਰਿਕਟ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਦੀ।ਨਵਜੋਤ ਸਿੰਘ ਸਿੱਧੂ ਆਪਣੀ ਬੱਲੇਬਾਜ਼ੀ ਨਾਲ ਪੂਰੇ ਦੁਨੀਆਂ ਦੇ ਗੇਦਬਾਜ਼ਾਂ ਤੋਂ ਆਪਣਾ ਲੋਹਾ ਮੰਨਵਾ ਚੁੱਕੇ ਹਨ।ਕ੍ਰਿਕਟ `ਚ ਸਨਿਆਸ ਤੋਂ ਬਾਅਦ ਆਪਣੇ ਜਾਨਦਾਰ ਸ਼ਬਦਾਂ ਨਾਲ ਕੁਮੈਂਟਰੀ ਵਿੱਚ ਲੋਕਾਂ ਦਾ ਦਿਲ ਜਿੱਤ ਚੁੱਕੇ ਹਨ।ਪਹਿਲਾਂ ਦੁਨੀਆਂ ਉਨਾਂ ਦੀ ਬੱਲੇਬਾਜ਼ੀ ਦੀ ਫੈਨ ਸੀ ਤੇ ਹੁਣ ਕੁਮੈਂਟਰੀ ਵਿੱਚ ਉਨਾਂ ਦੇ ਜਾਲ ਰੂਪੀ ਸ਼ਬਦਾਂ ਦੀ।ਕ੍ਰਿਕਟ ਇਤਿਹਾਸ ਵਿੱਚ ਸਿੱਧੂ ਦਾ ਨਾਂ ਪੂਰੇ ਸਨਮਾਨ ਨਾਲ ਲਿਆ ਜਾਂਦਾ ਹੈ।ਇਸ ਤੋਂ ਇਲਾਵਾ ਸਿੱਧੂ ਜੀ ਨੇ ਟੀ.ਵੀ ਸ਼ੋਅ ਵਿੱਚ ਬਤੌਰ ਜੱਜ ਕੰਮ ਕੀਤਾ।ਗੱਲ ਕਰੀਏ ਸਿੱਧੂ ਜੀ ਦੇ ਰਾਜਨੀਤੀ ਜੀਵਨ ਦੀ ਤਾਂ ਉਨਾਂ 2009 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਅੰਮ੍ਰਿਤਸਰ ਤੋਂ ਵੱਡੇ ਅੰਤਰ ਨਾਲ ਚੋਣ ਜਿੱਤੀ ਸੀ।ਇਸ ਤੋਂ ਬਾਅਦ ਸਿੱਧੂ ਜੀ ਨੇ ਕਈ ਪਾਰਟੀਆਂ ਨਾਲ ਰਾਬਤਾ ਕਾਇਮ ਕੀਤਾ ਪਰ ਕਿਤੇ ਦਾਲ ਨਹੀਂ ਗਲੀ।ਅਖੀਰ ਵਿੱਚ 15 ਜਨਵਰੀ 2017 ਨੂੰ ਕਾਂਗਰਸ ਪਾਰਟੀ ਨੇ ਸਿੱਧੂ ਜੀ ਨੂੰ ਆਪਣੀ ਪਾਰਟੀ ਵਿੱਚ ਸ਼ਰਨ ਦਿੱਤੀ। ਦਲ ਬਦਲੂ ਮੋਹਰ ਲੱਗਣ ਕਾਰਨ ਉਨਾਂ ਦੇ ਬਹੁਤ ਸਾਰੇ ਫੈਨ ਜੋ ਉਨਾਂ ਦੇ ਨਾਲ ਸੀ ਸਭ ਉਨਾਂ ਤੋਂ ਮੂੰਹ ਮੋੜ ਗਏ ।ਸਿੱਧੂ ਜੀ ਦੇ ਇਸ ਬਿਆਨ ਨੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ “ਕਿ ਮੈਂ ਤਾਂ ਜਮਾਂਦਰੂ ਕਾਂਗਰਸੀ ਹਾਂ“ ਜਦ ਕਿ ਸਿੱਧੂ ਸਾਹਿਬ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਰਹਿ ਚੁੱਕੇ ਸਨ। ਸਿੱਧੂ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਹਲਕੇ ਅੰਮ੍ਰਿਤਸਰ ਈਸਟ ਤੋਂ ਚੋਣ ਲੜਨ ਜਾ ਰਹੇ ਹਨ।ਹੁਣ ਦੇਖਣਾ ਇਹ ਹੈ ਕਿ ਊਠ ਕਿਸ ਕਰਵਟ ਬੈਠੇਗਾ?
ਦਲ ਬਦਲੂਆਂ ਵਿੱਚ ਗਾਇਕ ਹੰਸ ਰਾਜ ਹੰਸ ਵੀ ਸ਼ਾਮਲ ਹਨ।ਪਹਿਲਾਂ ਸ੍ਰੋਮਣੀ ਅਕਾਲੀ ਦਲ ਵਿੱਚ ਫਿਰ ਭਾਰਤੀ ਜਨਤਾ ਪਾਰਟੀ ਵਿੱਚ ਤੇ ਹੁਣ ਕਾਂਗਰਸ ਪਾਰਟੀ ਦੇ ਲੜ ਲੱਗ ਚੁੱਕੇ ਹਨ।ਜਿਨਾਂ ਨੇ ਅਨੇਕਾਂ ਪਾਰਟੀਆਂ ਬਦਲ ਕੇ ਆਪਣੇ ਸਰੋਤਿਆਂ ਅਤੇ ਪ੍ਰਸੰਸਕਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ।
ਅਜਿਹੇ ਪਾਰਟੀਆਂ ਬਦਲਣ ਵਾਲਿਆਂ ਸਬੰਧੀ ਸਰਕਾਰ ਨੂੰ ਸਖ਼ਤ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਕਿ ਜੋ ਵਿਅਕਤੀ ਆਪਣੀ ਪਾਰਟੀ ਬਦਲ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਉਨਾਂ ਨੂੰ ਪੰਜ ਸਾਲ ਲਈ ਚੋਣ ਨਾ ਲੜਨ ਦਿੱਤੀ ਜਾਵੇ। ਅਜਿਹੇ ਕਾਨੂੰਨ ਪਾਸ ਹੋਣ ਨਾਲ ਦਲ ਬਦਲੂਆਂ ਦੀ ਗਿਣਤੀ ਘਟ ਜਾਵੇਗੀ। ਇਸ ਤੋਂ ਇਲਾਵਾ ਆਮ ਜਨਤਾ ਨੂੰ ਵੀ ਅਜਿਹੇ ਦਲ ਬਦਲੂ ਸਬੰਧੀ ਸਖ਼ਤ ਰਵੱਈਆ ਧਾਰ ਕੇ ਇਨਾਂ ਦਾ ਵਿਧਾਨ ਸਭਾ ਚੋਣਾਂ `ਚੋਂ ਬਾਈਕਾਟ ਕੀਤਾ ਜਾਵੇ ਫਿਰ ਚਾਹੇ ਉਹ ਉਮੀਦਵਾਰ ਵਜੋਂ ਕਿਸੇ ਵੀ ਪਾਰਟੀ ਨਾਲ ਸਬੰਧ ਕਿਉਂ ਨਾ ਰੱਖਦਾ ਹੋਵੇ। ਕੀ 2017 ਦੀਆਂ ਚੋਣਾਂ ਵਿੱਚ ਅਜਿਹੇ ਦਲ ਬਦਲੂ ਅਤੇ ਆਪਣੇ ਪਾਰਟੀ ਵਰਕਰਾਂ ਨੂੰ ਅਹੁੱਦਿਆਂ ਨਾਲ ਨਿਵਾਜ਼ਣ ਵਾਲੀਆਂ ਪਾਰਟੀ ਨੂੰ ਆਮ ਜਨਤਾ ਜਰੂਰ ਸਬਕ ਸਿਖਾਵੇਗੀ?
ਗੁਰਜੰਟ ਸਿੰਘ ਮੰਡੇਰਾਂ
ਪਿੰਡ ਮੰਡੇਰਾਂ, ਤਹਿਸੀਲ ਖਮਾਣੋਂ,
ਜ਼ਿਲਾ ਫਤਹਿਗੜ੍ਹ ਸਾਹਿਬ
ਮੋਬਾ: 97814-08731
ਨੋਟ- ਇਸ ਲੇਖ ਵਿੱਚ ਪ੍ਰਗਟਾਏ ਵਿਚਾਰ ਉਨ੍ਹਾਂ ਦੇ ਆਪਣੇ ਨਿੱਜੀ ਹਨ।