Monday, June 24, 2024

ਪਹਿਲੀ ਬਰਸੀ ਮੌਕੇ —ਕਾ: ਸਤਪਾਲ ਡਾਂਗ ਜੀ ਦੇ ਜੀਵਨ ਦੇ ਮੁੱਖ ਅੰਸ਼

ਪਹਿਲੀ ਬਰਸੀ ਮੌਕੇ —

 ਕਾ: ਸਤਪਾਲ ਡਾਂਗ ਜੀ ਦੇ ਜੀਵਨ ਦੇ ਮੁੱਖ ਅੰਸ਼

PPA150602

ਅਮਰਜੀਤ ਸਿੰਘ ਆਸਲ
9814262561

ਕਾਮਰੇਡ ਸਤਪਾਲ ਡਾਂਗ ਜੀ ਦਾ ਜਨਮ 4 ਅਕਤੂਬਰ 1920 ਨੂੰ ਰਾਮਨਗਰ (ਰਸੂਲ ਨਗਰ) ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ ਮਿਡਲ ਤੱਕ ਦੀ ਵਿਦਿਆ ਪਿੰਡ ਵਿੱਚ ਹੀ ਹਾਸਿਲ ਕੀਤੀ। 10ਵੀਂ ਅਤੇ ਇੰਟਰਮੀਡੀਏਟ ਲਾਇਲਪੁਰ ਵਿਖੇ ਕੀਤੀ ਅਤੇ 10ਵੀਂ ਅਤੇ ਇੰਟਰਮੀਡੀਏਟ ਵਿੱਚ ਮੈਰਿਟ ਵਿੱਚ ਰਹਿ ਕੇ ਵਜੀਫਾ ਹਾਸਿਲ ਕੀਤਾ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਸਰਕਾਰੀ ਕਾਲਜ ਲਹੌਰ ਤੋਂ ਬਹੁਤ ਹੀ ਚੰਗੀ ਪੁਜ਼ੀਸ਼ਨ ਵਿੱਚ ਕੀਤੀ। ਲਾਇਲਪੁਰ ਵਿਖੇ ਪੜਦਿਆਂ ਹੀ ਉਹ ਅਜਾਦੀ ਦੀ ਲਹਿਰ ਵੱਲ ਖਿੱਚੇ ਗਏ ਅਤੇ ਉਸ ਸਮੇਂ ਦੀ ਪ੍ਰਮੁੱਖ ਵਿਦਿਆਰਥੀ ਜੱਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਅਤੇ ਆਗੂ ਬਣ ਗਏ। ਲਹੌਰ ਕਾਲਜ ਵਿੱਚ ਪੜਦਿਆਂ ਉਹ ਪੰਜਾਬ ਦੇ ਮੰਨੇ ਪ੍ਰਮੰਨੇ ਵਿਦਿਆਰਥੀ ਆਗੂ ਦੇ ਤੌਰ ਤੇ ਉੱਭਰ ਕੇ ਆਏ। ਕੁਝ ਸਮੇਂ ਬਾਅਦ ਉਹ ਆਲ ਇੰਡੀਆ ਸਟੂਡੈਂਟਸ ਫੇਡਰੇਸ਼ਨ ਦੇ ਕੁੱਲ ਹਿੰਦੂ ਜਨਰਲ ਸਕੱਤਰ ਬਣ ਗਏ ਅਤੇ ਵਿਦਿਆਰਥੀ ਫੈਡਰੇਸ਼ਨ ਦੇ ਮੁੱਖ ਦਫਤਰ ਮੁੰਬਈ ਚਲੇ ਗਏ। ਉਸ ਸਮੇਂ ਭਾਰਤ ਦੇ ਵਿਦਿਆਰਥੀਆਂ ਦੀ ਇੱਕੋ ਇੱਕ ਸੰਗਰਾਮੀ ਜੱਥੇਬੰਦੀ ਆਲ ਸਟੂਡੈਂਟਸ ਫੈਡਰੇਸ਼ਨ ਹੀ ਸੀ। 1946 ਵਿੱਚ ਮੁੰਬਈ ਵਿਖੇ ਨੇਵੀ ਦੇ ਜਹਾਜੀਆਂ ਵੱਲੋਂ ਕੀਤੀ ਗਈ ਬਗਾਵਤ ਦੀ ਵੱਧ ਚੜ ਕੇ ਹਿਮਾਇਤ ਕੀਤੀ ਅਤੇ ਉਨ੍ਹਾਂ ਦੀ ਮਦਦ ਲਈ ਹੋਰ ਵਿਦਿਆਰਥੀਆਂ ਅਤੇ ਲੋਕਾਂ ਨੂੰ ਨਾਲ ਲੈ ਕੇ ਹਰ ਤਰਾਂ ਦੀ ਸਹਾਇਤਾ ਪਹੁੰਚਾਈ। 1947 ਵਿੱਚ ਪਹਿਲੀ ਵਾਰੀ ਵਰਲਡ ਯੂਥ ਫੈਸਟੀਵਲ ਪਰਾਗ ਵਿਖੇ ਹੋਇਆ ਜਿਸ ਵਿੱਚ ਭਾਰਤ ਵਿੱਚੋਂ ਇਕੱਲੇ ਕਾ: ਸਤਪਾਲ ਡਾਂਗ ਹੀ ਬਤੌਰ ਡੈਲੀਗੇਟ ਸ਼ਾਮਿਲ ਹੋਏ ਅਤੇ ਉੱਥੇ ਇੱਕ ਟਰਮ ਲਈ ਵਰਲਡ ਯੂਥ ਫੈਡਰੇਸ਼ਨ ਦੇ ਉਪ ਪ੍ਰਧਾਨ ਚੁਣੇ ਗਏ। 1943 ਵਿੱਚ ਬੰਗਾਲ ਦੇ ਅਕਾਲ ਪੀੜ੍ਹਤਾਂ ਦੀ ਮਦਦ ਲਈ ਲਹੌਰ ਤੋਂ 4 ਵਿਦਿਆਰਥੀ ਆਗਆਂ ਦਾ ਜੱਥਾ ਰਲੀਫ ਇਕੱਠੀ ਕਰਕੇ ਬੰਗਾਲ ਗਿਆ ਅਤੇ ਪੀੜ੍ਹਤਾਂ ਦੀ ਮਦਦ ਕੀਤੀ। ਉਨ੍ਹਾਂ ਦੇ ਨਾਲ ਕਾਮਰੇਡ ਵਿਮਲਾ ਡਾਂਗ ਜੀ ਵੀ ਸਨ ਜੋ ਉਸ ਸਮੇਂ ਖੁਦ ਵਿਦਿਆਰਥੀ ਆਗੂ ਸਨ, ਜੋ ਬਾਅਦ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਅਨ ਵਿੱਚ ਭਾਰਤ ਦੇ ਨੁਮਾਇੰਦੇ ਬਣੇ। 1952 ਵਿੱਚ ਡਾਂਗ ਜੀ ਦੀ ਸ਼ਾਦੀ ਮੁੰਬਈ ਵਿਖੇ ਵਿਮਲਾ ਡਾਂਗ ਜੀ ਨਾਲ ਹੋਈ। ਇਸ ਤੋਂ ਬਾਅਦ ਉਹ ਪੰਜਾਬ ਆ ਕੇ ਅੰਮ੍ਰਿਤਸਰ (ਛੇਹਰਟਾ) ਵਿਖੇ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਲੱਗੇ ਅਤੇ ਜਲਦੀ ਹੀ ਪ੍ਰਮੁੱਖ ਮਜਦੂਰ ਆਗੂ ਬਣ ਕੇ ਉੱਭਰੇ ਅਤੇ ਪੰਜਾਬ ਏਟਕ ਦੇ ਲਗਾਤਾਰ ਕਈ ਸਾਲ ਮੀਤ ਪ੍ਰਧਾਨ ਰਹੇ ਅਤੇ ਏਟਕ ਦੀਆਂ ਕੁੱਲ ਹਿੰਦ ਕਾਨਫਰੰਸਾਂ ਵਿੱਚ ਹਿੱਸਾ ਲੈਂਦੇ ਰਹੇ। ਮਜਦੂਰਾਂ ਦੀਆਂ ਰੋਜ਼ਾਨਾ ਮੁਸ਼ਕਲਾਂ ਹੱਲ ਕਰਨ ਦੇ ਨਾਲ-ਨਾਲ ਲੇਬਰ ਕੋਰਟ ਅਤੇ ਇੰਡਸਟਰੀਅਲ ਟਰੀਬਿਊਨਲ ਵਿੱਚ ਮਜਦੂਰਾਂ ਦੇ ਕੇਸ ਲੜਦੇ ਰਹੇ। ਮਾਲਕਾਂ ਵੱਲੋਂ ਪੇਸ਼ ਹੋਏ ਹਾਈਕੋਰਟ ਪੱਧਰ ਦੇ ਵਕੀਲਾਂ ਨੂੰ ਵੀ ਦਲੀਲਾਂ ਨਾਲ ਲਾ-ਜਵਾਬ ਕਰ ਦਿੰਦੇ ਸਨ। ਮਜਦੂਰਾਂ ਵਿੱਚ ਇਹਨਾਂ ਗੱਲਾਂ ਦੀ ਉਸ ਸਮੇਂ ਬਹੁਤ ਚਰਚਾ ਹੁੰਦੀ ਸੀ।
1953 ਵਿੱਚ ਪਹਿਲੀ ਵਾਰ ਮਿਉਂਸੀਪਲ ਕਮੇਟੀ ਛੇਹਰਟਾ ਬਣੀ ਜਿਸ ਵਿੱਚ 9 ਦੇ 9 ਨੁਮਾਇੰਦੇ ਮਜਦੂਰ ਮੁਹਾਜ ਦੇ ਜਿੱਤ ਗਏ ਅਤੇ ਕਮੇਟੀ ਦੇ ਪਹਿਲੇ ਪ੍ਰਧਾਨ ਕਾਮਰੇਡ ਸਤਪਾਲ ਡਾਂਗ ਜੀ ਬਣੇ ਅਤੇ 1967 ਤੱਕ ਲਗਾਤਾਰ ਮਿਉਂਸੀਪਲ ਕਮੇਟੀ ਦੇ ਪ੍ਰਧਾਨ ਰਹੇ। ਛੇਹਰਟਾ ਮਿਉਂਸੀਪਲ ਕਮੇਟੀ ਪੰਜਾਬ ਵਿੱਚ ਇੱਕ ਮਾਡਲ ਕਮੇਟੀ ਦੇ ਤੌਰ ਤੇ ਪ੍ਰਸਿੱਧ ਹੋਈ। 1967 ਵਿੱਚ ਕਾ: ਵਿਮਲਾ ਡਾਂਗ ਜੀ ਇਸ ਕਮੇਟੀ ਦੇ ਪ੍ਰਧਾਨ ਬਣੇ ਅਤੇ ਉਸ ਸਮੇਂ ਤੱਕ ਰਹੇ ਜਦੋਂ ਤੱਕ ਕਿ ਇਸ ਕਮੇਟੀ ਨੂੰ ੧੯੭੫ ਵਿੱਚ ਮਿਉਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਿੱਚ ਮਿਲਾ ਨਹੀਂ ਦਿੱਤਾ ਗਿਆ।
1965 ਵਿੱਚ ਜੰਗ ਸਮੇਂ ਛੇਹਰਟੇ ਵਿੱਚ ਫੌਜੀਆਂ ਦੀ ਮਦਦ ਲਈ ਕੰਟੀਨ ਚਲਾਈ ਜਿੱਥੇ ਹਰ ਤਰਾਂ ਦੀਆਂ ਚੀਜਾਂ ਫੋਜੀਆਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਸਨ ਅਤੇ ਛੇਹਰਟਾ ਵਿਖੇ 1965  ਵਿੱਚ ਕੀਤੀ ਬੰਬਾਰਮੈਂਟ ਵਿੱਚ ਦਰਜਨਾਂ ਲੋਕਾਂ ਦੇ ਮਾਰੇ ਜਾਨ ਅਤੇ ਜਖਮੀ ਹੋਣ ਉਪਰ ਪੀੜ੍ਹਤਾਂ ਦੀ ਰਾਤ ਦਿਨ ਇੱਕ ਕਰਕੇ ਜੀ-ਜਾਨ ਨਾਲ ਮਦਦ ਕੀਤੀ।
1967 ਦੀਆਂ ਅਸੰਬਲੀ ਚੋਣਾਂ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਨੂੰ 10000 ਵੋਟਾਂ ਦੇ ਫਰਕ ਨਾਲ ਹਰਾ ਕੇ ਐਮ.ਐਲ.ਏ ਬਣੇ ਅਤੇ ਜਸਟਿਸ ਗੁਰਨਾਮ ਸਿੰਘ ਦੇ ਮੁੱੱਖ ਮੰਤਰੀ ਕਾਲ ਵਿੱਚ ਮੰਤਰੀ ਬਣੇ। 1967 ਤੋਂ ਲੈ ਕੇ 1980 ਤੱਕ ਲਗਾਤਾਰ ੪ ਵਾਰ ਐਮ.ਐਲ.ਏ ਚੁਣੇ ਗਏ। 1992ਵਿੱਚ ਫਿਰ ਇਸ ਸੀਟ ਤੋਂ ਕਾ: ਵਿਮਲਾ ਡਾਂਗ ਜਿੱਤ ਕੇ ਵਿਧਾਨ ਸਭਾ ਦੇ ਮੈਂਬਰ ਬਣੇ। ਲੋਕਾਂ ਦੀਆਂ ਮੰਗਾਂ ਲਈ ਚਲੇ ਅੰਦੋਲਨਾਂ ਵਿੱਚ ਉਨ੍ਹਾਂ ਨੇ ਕਈ ਵਾਰ ਜੇਲ ਯਾਤਰਾ ਵੀ ਕੀਤੀ। ਉਹ 1940 ਵਿੱਚ ਲਹੌਰ ਵਿਖੇ ਪੜ੍ਹਾਈ ਦੌਰਾਨ ਹੀ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ ਅਤੇ ਲੰਮਾਂ ਸਮਾਂ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਬਣੇ ਅਤੇ ਕੇਂਦਰੀ ਐਗਜੈਕਟਿਵ ਦੇ ਮੈਂਬਰ ਵੀ ਰਹੇ।
ਲੋਕਾਂ ਦੀਆਂ ਮੰਗਾਂ ਤੇ ਲੋਕ ਮਸਲਿਆਂ ਲਈ ਕਈ ਵਾਰ ਗ੍ਰਿਫਤਾਰ ਹੋਏ ਅਤੇ ਉਨ੍ਹਾਂ ਨੇ ਕਈ ਵਾਰ ਜੇਲ ਯਾਤਰਾ ਵੀ ਕੀਤੀ।
1997 ਦੀਆਂ ਚੋਣਾਂ ਵਿੱਚ ਇਹਨਾਂ ਦੋਵਾਂ ਨੇ ਜਿਆਦਾ ਉਮਰ ਕਾਰਨ ਆਪਣੇ ਆਪ ਨੂੰ ਸਰਗਰਮ ਸਿਆਂਸਤ ਤੋਂ ਰਿਟਾਇਰ ਕਰ ਲਿਆ। ਉਨ੍ਹਾਂ ਨੇ ਸਿਆਸੀ ਅਤੇ ਸਮਾਜਿਕ ਮਸਲਿਆਂ ਉਪਰ ਅਨੇਕਾਂ ਲੇਖ ਅਖਬਾਰਾਂ, ਰਸਾਲਿਆਂ ਵਿੱਚ ਪ੍ਰਕਾਸ਼ਿਤ ਕਰਵਾਏ। ਉਨ੍ਹਾਂ ਦੇ ਲੇਖਾਂ ਦੀ ਖਾਸੀਅਤ ਇਹ ਸੀ ਕਿ ਉਹ ਮਸਲੇ ਨੂੰ ਪੇਸ਼ ਕਰਦਿਆਂ ਉਸ ਦਾ ਹੱਲ ਵੀ ਨਾਲ ਹੀ ਪੇਸ਼ ਕਰਦੇ ਸਨ।
ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਉਨ੍ਹਾਂ ਜੀ ਦੀ ਅਗਵਾਈ ਵਿੱਚ ਕਮਿਊੀਨਸਟ ਪਾਰਟੀ ਨੇ ਅੱਤਵਾਦ ਵਿਰੁੱਧ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਜਾਤੀ ਤੌਰ ਤੇ ਵੀ ਉਨ੍ਹਾਂ ਨੇ ਅੱਤਵਾਦ ਦਾ ਡੱਟ ਕੇ ਮੁਕਾਬਲਾ ਕੀਤਾ। ਪਬਲਿਕ ਮੀਟਿੰਗਾਂ, ਰੈਲੀਆਂ, ਜਲਸੇ, ਮੁਜਾਹਰੇ ਕਰਕੇ ਅਤੇ ਅਖਬਾਰਾਂ ਵਿੱਚ ਲੇਖਾਂ ਰਾਹੀਂ ਅੱਤਵਾਦੀ ਵਿਚਾਰਧਾਰਾ ਨੂੰ ਨਕਾਰਿਆ। ਇਸ ਅਰਸੇ ਵਿੱਚ ਉਨ੍ਹਾਂ ਨੇ ਅੱਤਵਾਦੀ ਵਿਚਾਰਧਾਰਾ ਦੇ ਵਿਰੁੱਧ 3 ਕਿਤਾਬਾਂ ਵੀ ਸੰਪਾਦਿਤ ਕੀਤੀਆਂ।
੧. ਅੱਤਵਾਦ ਦੀਆਂ ਜੜ੍ਹਾਂ ਕਿੱਥੇ ਹਨ
੨. ਪੰਜਾਬ ਵਿੱਚ ਅੱਤਵਾਦ
੩. ਰਾਜ, ਧਰਮ ਅਤੇ ਸਿਆਸਤ
ਅੱਤਵਾਦ ਦੇ ਸਮੇਂ ਦੌਰਾਨ ਉਹ ਛੇਹਰਟਾ ਵਿਖੇ ਹੀ ਰਹੇ ਅਤੇ ਅੱਤਵਾਦੀ ਪੀੜ੍ਹਤਾਂ ਦੀ ਸਹਾਇਤਾ ਕਰਦੇ ਰਹੇ। ਅੱਤਵਾਦੀ ਪੀੜ੍ਹਤ ਪਰਿਵਾਰਾਂ ਨੂੰ ਸਰਕਾਰੀ ਸਹੂਲਤਾਂ ਦਿਵਾਉਣ ਅਤੇ ਉਨ੍ਹਾਂ ਦੀਆਂ ਭਲਾਈ ਸਕੀਮਾਂ ਬਨਾਉਣ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ। ਅੱਤਵਾਦੀ ਪੀੜ੍ਹਤ ਪਰਿਵਾਰਾਂ ਦੀ ਸਹਾਇਤਾ ਲਈ “ਇਸਤਰੀ ਸਭਾ ਰਲੀਫ ਟਰੱਸਟ” ਦੀ ਸਥਾਪਨਾ ਕੀਤੀ। ਜਿਸ ਦੇ ਰਾਹੀਂ ਸੈਂਕੜੇ ਅੱਤਵਾਦੀ ਪੀੜ੍ਹਤ ਪਰਿਵਾਰਾਂ ਦੀ ਮਦਦ ਕੀਤੀ ਗਈ।
1997 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ‘ਪਦਮ ਭੂਸ਼ਨ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
10 ਮਈ 2009 ਨੂੰ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਵਿਮਲਾ ਡਾਂਗ ਉਨ੍ਹਾਂ ਨੂੰ ਵਿਛੋੜਾ ਦੇ ਗਏ ਜਿਸ ਦਾ ਡਾਂਗ ਜੀ ਨੂੰ ਬਹੁਤ ਭਾਰੀ ਸਦਮਾ ਲੱਗਾ। ਪਰੰਤੂ ਉਨ੍ਹਾਂ ਨੇ ਆਪਣੇ ਜੀਵਨ ਦੇ ਉਦੇਸ਼ਾਂ ਦੇ ਚਲਦਿਆਂ ਆਪਣੀਆਂ ਸਰਗਰਮੀਆਂ ਵਿੱਚ ਘਾਟ ਨਹੀਂ ਆਉਣ ਦਿੱਤੀ।
ਕਾ: ਸਤਪਾਲ ਡਾਂਗ ਜੀ ਦੇਸ਼ ਵਿੱਚ ਸਨਮਾਨੇ ਜਾਣ ਵਾਲੇ ਉਨ੍ਹਾਂ ਕੁਝ ਆਗੂਆਂ ਵਿੱਚੋਂ ਸਨ, ਜਿੰਨ੍ਹਾਂ ਨੇ ਅਜਾਦੀ ਦੀ ਲਹਿਰ ਤੋਂ ਲੈ ਕੇ ਆਖਰ ਤੱਕ ਕੁਰਬਾਨੀ ਭਰੀ ਜਿੰਦਗੀ ਜੀਵੀ ਹੈ। ਦੱਬੇ ਕੁੱਚਲੇ ਲੋਕਾਂ ਦੀ ਮਦਦ ਕੀਤੀ ਅਤੇ ਜਿੰਦਗੀ ਭਰ ਆਪਣੇ ਉਪਰ ਦਾਗ ਨਹੀਂ ਲੱਗਣ ਦਿੱਤਾ। ਸਾਫ ਸੁੱਥਰੀ ਅਤੇ ਸਾਦਾ ਜੀਵਨ ਸ਼ੈਲ਼ੀ ਵਾਲੇ ਇਸ ਵੱਡੇ ਆਗੂ ਨੂੰ ਅੰਮ੍ਰਿਤਸਰ ਅਤੇ ਦੇਸ਼ ਦੇ ਲੋਕ ਹਮੇਸ਼ਾ ਹੀ ਸਤਿਕਾਰ ਨਾਲ ਦੇਖਦੇ ਰਹੇ ਹਨ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਲੇਕਿਨ ਕਾ: ਸਤਪਾਲ ਡਾਂਗ ਜੀ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਹਮੇਸ਼ਾ ਹੀ ਧਿਆਨ ਨਾਲ ਦੇਖਿਆ ਜਾਂਦਾ ਰਿਹਾ ਅਤੇ ਉਨ੍ਹਾਂ ਦਾ ਹਲ ਵੀ ਕੀਤਾ ਜਾਂਦਾ ਰਿਹਾ। ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਉਨ੍ਹਾਂ ਨੇ ਲੋਕਾਂ ਦੇ ਕਈ ਅਹਿਮ ਮਸਲੇ ਉਠਾ ਕੇ ਹੱਲ ਕਰਾਉਣ ਵਿੱਚ ਮਦਦ ਕੀਤੀ ਅਤੇ ਲੋਕ ਭਲਾਈ ਦੇ ਕਈ ਅਹਿਮ ਕਾਨੂੰਨ ਅਤੇ ਨਿਯਮ ਬਣਾਉਣ ਵਿੱਚ ਸਰਕਾਰ ਦੀ ਮਦਦ ਕੀਤੀ।
ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਾਦਾ ਅਤੇ ਬੰਧੇਜਬੰਧ ਬਤੀਤ ਕੀਤਾ। ਵਿਧਾਨ ਸਭਾ ਮੈਂਬਰ ਵਜੋਂ ਆਪਣੀ ਤਨਖਾਹ ਤੇ ਪੈਨਸ਼ਨ ਦਾ ਵੱਡਾ ਹਿੱਸਾ ਪਾਰਟੀ ਨੂੰ ਦਿੰਦੇ ਰਹੇ ਅਤੇ ਆਖਰੀ ਬਚਤ ਵੀ ਪਾਰਟੀ ਅਤੇ ਰਲੀਫ ਟਰੱਸਟ ਨੂੰ ਦੇ ਦਿੱਤੀ।
ਉਨ੍ਹਾਂ ਦਾ ਸਾਰਾ ਪਰਿਵਾਰ ਵੀ ਦੇਸ਼ ਭਗਤੀ ਦੀ ਲਗਨ ਵਾਲਾ ਪਰਿਵਾਰ ਹੀ ਰਿਹਾ ਹੈ। ਡਾਂਗ ਜੀ ਦੇ ਚਾਰ ਭਰਾ ਅਤੇ ਚਾਰ ਭੈਣਾਂ ਵਾਲਾ ਇਹ ਵੱਡਾ ਪਰਿਵਾਰ ਹਮੇਸ਼ਾਂ ਹੀ ਅਸੂਲਾਂ ਤੇ ਚਲਦਾ ਰਿਹਾ ਹੈ। ਕਾ: ਸਤਪਾਲ ਡਾਂਗ ਅਤੇ ਵਿਮਲਾ ਡਾਂਗ ਨੇ ਬਕਾਇਦਾ ਫੈਸਲਾ ਕਰਕੇ ਕੋਈ ਬੱਚਾ ਵੀ ਪੈਦਾ ਨਹੀਂ ਕੀਤਾ ਤਾਂ ਕਿ ਲੋਕ ਸੇਵਾ ਵਿੱਚ ਕੋਈ ਰੁਕਾਵਟ ਨਾ ਆਵੇ। ਇਹ ਬਹੁਤ ਹੀ ਵੱਡਾ ਫੈਸਲਾ ਸੀ, ਜਿਸ ਉਪਰ ਉਨ੍ਹਾਂ ਨੇ ਕਦੀ ਵੀ ਅਫਸੋਸ ਪ੍ਰਗਟ ਨਹੀਂ ਕੀਤਾ।
15 ਜੂਨ 2013 ਨੂੰ ਉਹ ਸਦਾ ਲਈ ਵਿਛੋੜਾ ਦੇ ਗਏ। ਲੋਕ ਯੁੱਧ ਦੇ ਇਸ ਮਹਾਂਬਲੀ ਨੂੰ ਅੱਜ ਉੁਨ੍ਹਾਂ ਦੀ ਪਹਿਲੀ ਬਰਸੀ ਉਪਰ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਜੱਥੇਬੰਦੀਆਂ ਦੇ ਕਾਰਕੁੰਨ ਸ਼ਰਧਾਂਜਲੀਆਂ ਭੇਂਟ ਕਰਨਗੇ।

 

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …

Leave a Reply