ਬਠਿੰਡਾ, 30 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਉੱਤਰੀ ਭਾਰਤ ਵਿੱਚ ਮਾਲਵਾ ਖਿੱਤੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਪਿਛਲੇ ਵਾਰ ਦੀ ਤਰ੍ਹਾਂ ਸੰਸਥਾ ਅਤੇ ਇਲਾਕੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਅੰਤਰਰਾਸ਼ਟਰੀ ਪੱਧਰ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਤਕਨੀਕੀ, ਪ੍ਰਬੰਧਕੀ, ਸੱਭਿਆਚਾਰਕ, ਗਿਆਨ ਅਤੇ ਮਨੋਰੰਜਨ ਆਦਿ ਰੰਗਾਂ ਦੇ ਸੁਮੇਲ ਵਾਲਾ ਪੰਜਵਾਂ ਅੰਤਰਰਾਸ਼ਟਰੀ ਮੇਲਾ ‘ਵਿਬਗਿਓਰ-17’ ਦ ਪ੍ਰਿੰਸਟਾਨ ਰੀਵਿਊ ਦੇ ਸਹਿਯੋਗ ਨਾਲ ਅੱਜ ਬਾਬਾ ਫ਼ਰੀਦ ਕੈਂਪਸ, ਬਠਿੰਡਾ ਵਿਖੇ ਧੂਮ ਧਾਮ ਨਾਲ ਸ਼ੁਰੂ ਕੀਤਾ ਗਿਆ।ਇਸ ਮੇਲੇ ਦਾ ਰਸਮੀ ਉਦਘਾਟਨ ਮਿਸਟਰ ਡੀ.ਐਸ ਬੈਂਸ ਆਈ.ਏ.ਐਸ (ਰਿਟਾ.), ਚੇਅਰਮੈਨ, ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ । 
ਇਸ ਤੋ ਪਹਿਲਾ ਆਪਣੇ ਸਵਾਗਤੀ ਭਾਸ਼ਣ ਦੌਰਾਨ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮੇਲੇ ਦਾ ਮੰਤਵ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਮੈਨੇਜਮੇਂਟ ਅਤੇ ਟੈਕਨਾਲੋਜੀ ਦੇ ਪੱਖ ਤੋਂ ਵਿਸ਼ਵ ਪੱਧਰੀ ਗਿਆਨ, ਤਕਨੀਕ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਭਾਰਤ ਅਤੇ ਵਿਦੇਸ਼ਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ ਅਤੇ ਇਹ ਹਰ ਸਾਲ ‘ਵਿਬਗਿਓਰ’ ਫੈਸਟ ਸੰਸਥਾ ਦੇ ਸਲਾਨਾ ਦਿਵਸ ਦੇ ਤੌਰ ’ਤੇ ਮਨਾਇਆ ਜਾਦਾਂ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੰਸਥਾ ਵਲੋਂ ਇਹ ਵਰ੍ਹਾ 2017 ‘ਇੰਟਰਪ੍ਰੀਨਿਓਰਸ਼ਿਪ’ ਨੂੰ ਸਮਰਪਿਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਕੇਵਲ ਨੌਕਰੀ ਦੀ ਤਲਾਸ਼ ਕਰਨ ਵਾਲੇ ਨਾ ਬਨਣ ਸਗੋਂ ਨੌਕਰੀਆਂ ਦੇਣ ਵਾਲੇ ਵੀ ਬਨਣ।ਉਹਨਾਂ ਨੇ ਕਿਹਾ ਕਿ ਜਿੰਦਗੀ ਦੇ ਮੁਕਾਮ ਨੂੰ ਹਾਸਲ ਕਰਨ ਲਈ ਸਵੈ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਸਵੈ ਵਿਕਾਸ ਕਰਕੇ ਸਵੈ ਕੰਮ ਕਰਨ ਨਾਲ ਜ਼ਿੰਦਗੀ ਦੀ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਸੰਸਥਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਐਲਾਨ ਕੀਤਾ ਕਿ ਇਸ ਸਾਲ ਦੁਨੀਆਂ ਦੀ ਪ੍ਰਸਿੱਧ ਚੋਟੀ ਦੀ ਕੰਪਨੀ ‘ਦ ਪ੍ਰਿੰਸਟਾਨ ਰੀਵਿਊ’ ਨਾਲ ਸੰਸਥਾ ਨੇ ਹੱਥ ਮਿਲਾਇਆ ਹੈ ਜਿਸ ਸਦਕਾ ਹੁਣ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਮਾਲਵਾ ਖਿੱਤੇ ਦੇ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਜਿਵੇਂ ਆਈਲੈਟਸ, ਟੋਫਲ, ਜੀਮੈਟ, ਜੀ.ਆਰ.ਈ ਆਦਿ ਟੈਸਟਾਂ ਦੀ ਤਿਆਰੀ ਅਤੇ ਵੀਜ਼ਾ ਕੌਂਸਲਿੰਗ ਅਤੇ ਟਰੇਨਿੰਗ ਆਦਿ ਸਹੂਲਤਾਂ ਇੱਕ ਛੱਤ ਥੱਲੇ ਮਿਲਣਗੀਆਂ।ਇਸ ਲਈ ਸੰਸਥਾ ਵਿਖੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਤਹਿਤ ਮੁਫ਼ਤ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ ਅਤੇ 31 ਮਾਰਚ ਤੱਕ ਫੀਸ ਵਿੱਚ 50 ਫੀਸਦੀ ਲਾਂਚਿੰਗ ਡਿਸਕਾਊਂਟ ਦਿੱਤਾ ਜਾਵੇਗਾ। ਉਹਨਾਂ ਨੇ ਇਲਾਕੇ ਦੇ ਨੋਜਵਾਨ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਮੁੱਖ ਮਹਿਮਾਨ ਮਿਸਟਰ ਡੀ.ਐਸ. ਬੈਂਸ ਆਈ.ਏ.ਐਸ (ਰਿਟਾ.), ਚੇਅਰਮੈਨ, ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਮੁੱਚੀ ਮੈਨੇਜਮੈਂਟ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਵਿਬਗਿਓਰ’ ਵਰਗੇ ਫੈਸਟ ਆਯੋਜਿਤ ਕਰਕੇ ਨੌਜਵਾਨ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਗਿਆਨ ਪ੍ਰਦਾਨ ਕੀਤਾ ਹੈ।ਜਿਸ ਨਾਲ ਇਹ ਨੋਜਵਾਨ ਹਰ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਆਪਣਾ ਭਵਿੱਖ ਸੁਨਹਿਰੀ ਬਣਾ ਰਹੇ ਹਨ।ਉਹਨਾਂ ਨੇ ਕਿਹਾ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਇੱਕ ਚੰਗਾ ਵਿੱਦਿਅਕ ਅਦਾਰਾ ਹੈ ਜਿਸ ਕੋਲ ਚੰਗਾ ਬੁਨਿਆਦੀ ਵਿੱਦਿਅਕ ਢਾਚਾਂ ਅਤੇ ਯੋਗ ਤਜ਼ਰਬੇਕਾਰ ਫੈਕਲਟੀ ਅਤੇ ਹੋਣਹਾਰ ਵਿਦਿਆਰਥੀ ਹਨ।ਜਿਸ ਸਦਕਾ ਇਸ ਸੰਸਥਾ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਚੰਗੀ ਪਹਿਚਾਣ ਬਣਾਈ ਹੈ ।ਅੱਜ ਮੇਲੇ ਦੇ ਪਹਿਲੇ ਦਿਨ ਮੁੱਖ ਸਟੇਜ ਤੇ ਮਿਸਟਰ ‘ਵਿਬਗਿਓਰ’ ਅਤੇ ਮਿਸ ‘ਵਿਬਗਿਓਰ’ ਦੇ ਖਿਤਾਬ ਲਈ 15-28 ਸਾਲ ਦੀ ਉਮਰ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗੁਰਪ੍ਰੀਤ ਸਿੰਘ ਨੂੰ ਮਿਸਟਰ ਵਿਬਗਿਓਰ ਅਤੇ ਤਨੂੰ ਸ੍ਰੀ ਨੂੰ ਮਿਸ ਵਿਬਗਿਓਰ ਦਾ ਖਿਤਾਬ ਦਿੱਤਾ ਗਿਆ।ਇਹਨਾਂ ਜੇਤੂਆਂ ਨੂੰ ਸੰਸਥਾ ਵੱਲੋਂ 21000/- ਰੁਪਏ ਦੇ ਨਕਦ ਇਨਾਮ ਵੀ ਦਿੱਤੇ ਗਏ। ਇਸ ਤੋਂ ਇਲਾਵਾ ਸਮਾਜਿਕ ਕਾਰਜਾਂ ਵਿੱਚ ਵਧੀਆ ਯੋਗਦਾਨ ਪਾਉਣ ਵਾਲੇ ਪਹਿਲੇ ਪੰਜ ਵਿਦਿਆਰਥੀ ਯੂਨਿਟਾਂ ਨੂੰ 51000, 31000, 21000, 11000 ਅਤੇ 5100 ਰੁਪਏ ਦੇ ਨਗਦ ਇਨਾਮ ਵੰਡੇ ਗਏ। ਇਸ ਤੋਂ ਇਲਾਵਾ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ, ਭਾਰਤ ਸਰਕਾਰ ਅਤੇ ਵਰਲਡ ਸਕਿੱਲਜ਼ ਇੰਡੀਆ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਸਕਿੱਲ ਇੰਡੀਆ ਮੁਹਿੰਮ ਅਧਾਰਤ ਵੈਬ ਡਿਜ਼ਾਈਨ,ਆਈ.ਟੀ. ਸਾਫ਼ਟਵੇਅਰ ਸ਼ਲੂਸਨਜ਼ ਫਾਰ ਬਿਜ਼ਨਸ, ਮਕੈਨੀਕਲ ਇੰਜ. ਡਿਜ਼ਾਈਨ-ਕੈਡ ਅਤੇ ਮੋਬਾਈਲ ਰੋਬੋਟਿਕਸ ਦੇ ਸਕਿੱਲ ਕੰਪੀਟੀਸ਼ਨ ਵੀ ਕਰਵਾਏ ਗਏ। ਟੈਕਨੋਵਰਲਡ ਤਹਿਤ ਤਕਨੀਕੀ ਮੁਕਾਬਲਿਆਂ ਜਿਵੇਂ ਰੋਬੋਟਾਂ ਦੇ ਭੇੜ,ਅਕਸਟ੍ਰੀਮ ਵਾਰੀਅਰ, ਸੂਮੋ ਵਾਰੀਅਰ, ਲਾਈਨ ਫੋਲੋਅਰ, ਬਰਿੱਜ ਓ ਮਾਨੀਆ, ਫਾਸਟ ਐਂਡ ਫਿਊਰੀਅਸ, ਸਾਈਕਲੋਮਾਨੀਆ, ਏਰੋ ਮਾਡਲਿੰਗ, ਕੁਆਡਕੋਪਟਰ , ਰੋਬੋ ਸ਼ੋਕਰ, ਰੋਬੋ ਗੋਲਫ ਅਤੇ ਪ੍ਰੋਜੈਕਟ ਮਾਨੀਆ ਆਦਿ ਵਿੱਚ ਦੇਸ਼ ਭਰ ਤੋਂ ਆਈ.ਆਈ.ਟੀ ਅਤੇ ਹੋਰ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਆਪਣੀ ਪ੍ਰਤਿਭਾ ਦੇ ਜੌਹਰ ਵਿਖਾ ਰਹੇ ਸਨ। ਇਹਨਾਂ ਮੁਕਾਬਲਿਆਂ ਦਾ ਉਦਘਾਟਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ (ਡਾ.) ਮੋਹਨ ਪਾਲ ਸਿੰਘ ਈਸ਼ਰ ਨੇ ਕੀਤਾ ।
ਇਸੇ ਤਰ੍ਹਾਂ ਮੈਗਨੈੱਟ ਤਹਿਤ ਨਾਨ-ਤਕਨੀਕੀ ਮੁਕਾਬਲਿਆਂ ਜਿਵੇਂ ਕਾਲਜ ਰੋਡੀਜ਼, ਆਰ. ਜੇ. ਹੰਟ, ਐਡ ਮੈਡ ਸ਼ੋਅ, ਬਿਜ਼ਨਸ ਪਲਾਨ, ਬਿਜ਼ ਕੁਇਜ਼, ਪੋਸਟਰ ਮੇਕਿੰਗ, ਟੀ ਸਰਟ ਪੇਂਟਿੰਗ ਅਤੇ ਫੇਸ ਪੇਂਟਿੰਗ ਆਦਿ ਵਿੱਚ ਵੀ ਆਈ.ਆਈ.ਐਮ, ਯੂਨੀਵਰਸਿਟੀਆਂ, ਮੈਨੇਜਮੇਂਟ ਅਤੇ ਉੱਘੇ ਬੀ-ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਤੋਂ ਇਲਾਵਾ ਸਪੈਕਟਰਾ ਤਹਿਤ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਸੋਲੋ ਡਾਂਸ, ਪੱਗ ਬੰਨਣ, ਨੇਲ ਆਰਟ, ਟੈਟੂ ਮੇਕਿੰਗ, ਸਕੈਚਿੰਗ, ਸਾਇੰਸ ਮਾਨੀਆ ਦੇ ਮੁਕਾਬਲੇ ਕਰਵਾਏ ਗਏ।ਦੱਸਣਯੋਗ ਹੈ ਕਿ ਇਸ ਫੈਸਟ ਵਿੱਚ ਤਕਨੀਕੀ ਅਤੇ ਨਾਨ-ਤਕਨੀਕੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਮੁੱਚੇ ਭਾਰਤ ਤੋਂ ਆਈ.ਆਈ.ਟੀ, ਆਈ.ਆਈ.ਐਮ, ਯੂਨੀਵਰਸਿਟੀਆਂ, ਇੰਜਨੀਅਰਿੰਗ ਕਾਲਜਾਂ, ਪੋਲੀਟੈਕਨਿਕ, ਮੈਨੇਜਮੇਂਟ ਅਤੇ ਉੱਘੇ ਬੀ-ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।ਇਹਨਾਂ ਮੁਕਾਬਲਿਆਂ ਦੇ ਜੇਤੂਆਂ ਲਈ ਕੁੱਲ 20 ਲੱਖ ਰੁਪਏ ਦੇ ਆਕਰਸ਼ਕ ਇਨਾਮ ਰੱਖੇ ਗਏ ਹਨ। ‘ਵਿਬਗਿਓਰ-17’ ਦੌਰਾਨ ਗਲੋਬਲ ਵਿਲੇਜ ਵਿੱਚ ਚੀਨ, ਸ਼੍ਰੀ ਲੰਕਾ, ਕੋਲੰਬੀਆ, ਤੁਰਕੀ, ਤਾਇਵਾਨ, ਅਫਗਾਨੀਸਤਾਨ, ਵੀਅਤਨਾਮ, ਥਾਈਲੈਂਡ, ਇਜਿਪਟ, ਰੋਮਾਨੀਆ ਆਦਿ 10 ਦੇਸ਼ਾਂ ਦੇ ਡੇਲੀਗੇਟ ਆਪਣੇ-ਆਪਣੇ ਦੇਸ਼ ਦੇ ਸੱਭਿਆਚਾਰ ਦੀ ਪੇਸ਼ਕਾਰੀ ਕਰ ਰਹੇ ਸਨ।ਇਸ ਤੋ ਇਲਾਵਾ ਲੋਕਾਂ ਦੀ ਭਾਰੀ ਮੰਗ ਤੇ ਵੱਡੇ ਪੱਧਰ ਦਾ ਆਲ ਬਰੀਡ ਓਪਨ ਡਾੱਗ ਸ਼ੋਅ ਵੀ ਆਯੋਜਿਤ ਕੀਤਾ ਗਿਆ।ਜਿਸ ਵਿੱਚ ਵੱਖ ਵੱਖ ਨਸਲਾਂ ਦੇ ਡਾੱਗ ਦੇਖਣ ਲਈ ਨੋਜਵਾਨ ਵਿਦਿਆਰਥੀਆਂ ਵਿੱਚ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ। ਆਟੋ ਸ਼ੋਅ ਦੀ ਪ੍ਰਦਰਸ਼ਨੀ ਵਿੱਚ ਚੋਟੀ ਦੀਆਂ ਕੰਪਨੀਆਂ ਨੇ ਆਪਣੀਆਂ ਕਾਰਾਂ ਦੇ ਨਵੀਨ ਮਾਡਲ ਅਤੇ ਮੋਟਰ ਸਾਇਕਲਾਂ ਦੇ ਵਿਸ਼ੇਸ਼ ਆਧੁਨਿਕ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ।ਇਸੇ ਤਰ੍ਹਾਂ ਇਸ ਫੈਸਟ ਵਿੱਚ ਐਗਰੀ ਐਕਸਪੋ ਤਹਿਤ ਐਗਰੀਕਲਚਰ ਨਾਲ ਸੰਬੰਧਤ ਪ੍ਰਸਿੱਧ ਕੰਪਨੀਆਂ ਵੱਲੋਂ ਪ੍ਰਦਰਸ਼ਿਤ ਖੇਤੀਬਾੜੀ ਦੀ ਨਵੀਨ ਅਤੇ ਆਧੁਨਿਕ ਕਿਸਮ ਦੀ ਮਸ਼ੀਨਰੀ ਵੀ ਵੇਖਣਯੋਗ ਸੀ।ਇਸ ਐਗਰੀ ਐਕਸਪੋ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਆਪਣੇ ਖੇਤੀ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਅਤੇ ਕਿਸਾਨੀ ਨਾਲ ਸੰਬੰਧਤ ਲੋਕਾਂ ਨੂੰ ਬਿਹਤਰ ਖੇਤੀ ਲਈ ਨਵੇਂ ਬੀਜਾਂ ਅਤੇ ਸਰਕਾਰੀ ਸਬਸਿਡੀ ਅਤੇ ਯੋਜਨਾਵਾਂ ਬਾਰੇ ਸਲਾਹ ਦਿੱਤੀ ਗਈ। ਡਿਫੈਂਸ ਪ੍ਰਦਰਸ਼ਨੀ ਵਿੱਚ ਭਾਰਤੀ ਫੌਜ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਸ ਵਿੱਚ ਲੰਮੀ ਦੂਰੀ ਤੇ ਮਾਰ ਕਰਨ ਵਾਲੀਆਂ ਤੋਪਾਂ, ਟੈਂਕ ਅਤੇ ਹੋਰ ਹਥਿਆਰਾਂ ਦੀਆਂ ਪ੍ਰਦਰਸ਼ਨੀਆਂ ਨੋਜਵਾਨਾਂ ਲਈ ਖਾਸ ਖਿੱਚ ਦਾ ਕੇਂਦਰ ਬਣੀ ਹੋਈ ਸੀ । ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜੀਅਮ ਵੱਲੋਂ ਵਿਦਿਆਰਥੀਆਂ ਨੂੰ ਖੇਡ-ਖੇਡ ਵਿੱਚ ਵਿਗਿਆਨ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ।
. ਇਸ ਮੇਲੇ ਵਿੱਚ ਕੁਰੂਕਸ਼ੇਤਰ ਪੇਨੋਰਮਾ ਐਂਡ ਵਿਗਿਆਨ ਕੇਂਦਰ, ਭਾਰਤ ਸਰਕਾਰ ਦੀ ਚਲਦੀ ਫਿਰਦੀ ਵਿਗਿਆਨ ਪ੍ਰਦਰਸ਼ਨੀ ਵੀ ਦੇਖਣਯੋਗ ਹੈ।ਜਿਸ ਵਿੱਚ ਵੱਖ-ਵੱਖ ਵਿਗਿਆਨ ਦੇ ਸਿਧਾਤਾਂ ਨੂੰ ਬੜੇ ਹੀ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਹੈ।ਮੋਟਰ ਸਾਇਕਲਾਂ ਦੀ ਪ੍ਰਸਿੱਧ ਕੰਪਨੀ ਕੇ.ਟੀ.ਐਮ ਦੁਆਰਾ ਬਾਈਕ ਸਟੰਟ ਅਤੇ ਗੱਤਕੇ ਦੇ ਹੈਰਤਅੰਗੇਜ਼ ਕਰਤੱਬ ਵੀ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।ਆਰਟ ਗੈਲਰੀ ਵਿੱਚ ਬੈਸਟ ਆਉਟ ਆਫ਼ ਵੇਸਟ ਤੋਂ ਬਣਾਈਆਂ ਹੋਈਆਂ ਬਹੁਤ ਹੀ ਖੂਬਸੂਰਤ ਕਲਾਕ੍ਰਿਤੀਆਂ ਵੀ ਵੇਖਣਯੋਗ ਸਨ ਦਰਸ਼ਕਾਂ ਅਤੇ ਵਿਦਿਆਰਥੀਆਂ ਦੇ ਭਰਪੂਰ ਮੰਨੋਰਜਨ ਲਈ ਦਿੱਲੀ ਦੀ ਪ੍ਰਸਿੱਧ ਕੰਪਨੀ ਵੱਲੋਂ ਅਮੀਊਜ਼ਮੈਂਟ ਪਾਰਕ ਵਿੱਚ ਵੱਖ-ਵੱਖ ਤਰਾਂ ਦੇ ਝੂਲੇ ਅਤੇ ਚੰਡੋਲ ਲਗਾਏ ਗਏ ਹਨ ਜਿਸ ਦਾ ਸਾਰਾ ਦਿਨ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।ਇਸ ਤੋਂ ਇਲਾਵਾ ਫੂਡ ਕੋਰਟ ਤਹਿਤ ਵੱਖ-ਵੱਖ ਤਰ੍ਹਾਂ ਦੇ ਅੰਤਰਰਾਸ਼ਟਰੀ ਬਰਾਂਡਜ਼ ਵੱਲੋਂ ਚਾਈਨਜ, ਸਾਊਥ ਇੰਡੀਅਨ ਅਤੇ ਪੰਜਾਬੀ ਪਕਵਾਨਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਹਨ। ਅੰਤ ਵਿੱਚ ਮੁੱਖ ਸਟੇਜ ਤੇ ਪੰਜਾਬੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਪੂਰੇ ਮੇਲੇ ਦੇ ਦਰਸ਼ਕਾਂ ਨੂੰ ਆਪਣੇ ਗੀਤਾਂ ਤੇ ਖੂਬ ਨਚਾਇਆ ਅਤੇ ਸਾਰਿਆਂ ਦਾ ਲਗਾਤਾਰ 3 ਘੰਟੇ ਭਰਪੂਰ ਮੰਨੋਰੰਜਨ ਕੀਤਾ। ਕੱਲ੍ਹ ਮੁੱਖ ਸਟੇਜ ਤੇ ਅੰਤਰਰਾਸ਼ਟਰੀ ਪੇਸ਼ਕਾਰੀਆਂ ਤੋਂ ਇਲਾਵਾ ਪੰਜਾਬੀ ਦੇ ਮਸ਼ਹੂਰ ਗਾਇਕ ਮਨਮੋਹਨ ਵਾਰਿਸ, ਹਰਭਜਨ ਮਾਨ, ਜੋਰਡਨ ਸੰਧੂ, ਗਗਨ ਅਨਮੋਲ ਮਾਨ, ਰੇਸ਼ਮ ਸਿੰਘ ਅਨਮੋਲ, ਮਹਿਤਾਬ ਵਿਰਕ, ਗਿਤਾਜ ਬਿੰਦਰਖੀਆ,ਦੀਪ ਕਰਨ ਆਦਿ ਪੰਜਾਬੀ ਫ਼ਨਕਾਰ ਆਪਣੀ ਕਲਾ ਦੇ ਰੰਗ ਬਿਖੇਰਣਗੇ ਅਤੇ ਇਸ ਮੇਲੇ ਦੀਆਂ ਰੌਣਕ ਨੂੰ ਵਧਾਉਣਗੇ। ਸੰਸਥਾ ਵੱਲੋਂ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਨੂੰ ਇਹ ਮੇਲਾ ਵੇਖਣ ਲਈ ਖੁੱਲ੍ਹਾ ਸੱਦਾ ਹੈ। ਦੱਸਣਯੋਗ ਹੈ ਕਿ ਪੂਰੀ ਦੁਨੀਆਂ ਵਿੱਚ ਇਸ ਪੰਜਵੇਂ ਅੰਤਰਰਾਸ਼ਟਰੀ ਮੇਲੇ ‘ਵਿਬਗਿਓਰ-17’ ਨੂੰ ਸੰਸਥਾ ਦੇ ਯੂ-ਟਿਊਬ ਚੈਨਲ ਅਤੇ ਫੇਸਬੁੱਕ ਪੇਜ ’ਤੇ ਵੀ ਲਾਈਵ ਦਿਖਾਇਆ ਜਾ ਰਿਹਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media