ਚੰਡੀਗੜ੍ਹ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਨੇ ਆਪਣੀ ਚੋਣ ਮੁਹਿੰਮ ਨੂੰ ਕੁਝ ਨਵੇਂ ਰੰਗ ਪ੍ਰਦਾਨ ਕਰਦਿਆਂ ਅੱਜ ਇੱਕ ਵਿਲੱਖਣ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸਾਰੇ ਪ੍ਰਮੁੱਖ ਚੋਣ ਹਲਕਿਆਂ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਆਮ ਲੋਕਾਂ ਨੂੰ ਪਾਰਟੀ-ਪ੍ਰੋਗਰਾਮਾਂ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣ ਲਈ ‘ਜਾਗੋ’ ਕੱਢੀ ਗਈ।ਚੋਣ ਮੁਹਿੰਮ ਨੂੰ ਪੰਜਾਬੀ ਸਭਿਆਚਾਰ ਦੀ ਵਿਸ਼ੇਸ਼ ਰੰਗਤ ਪ੍ਰਦਾਨ ਕਰਦਿਆਂ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੇ ਅੰਮ੍ਰਿਤਸਰ (ਪੂਰਬੀ), ਕਾਦੀਆਂ, ਗੁਰਦਾਸਪੁਰ ਸ਼ਹਿਰ, ਪਟਿਆਲਾ, ਬਠਿੰਡਾ ਅਤੇ ਜਲੰਧਰ ਦੇ ਚੋਣ-ਹਲਕਿਆਂ ਵਿੱਚ ‘ਜਾਗੋ’ ਕੱਢੀ।
ਆਮ ਆਦਮੀ ਪਾਰਟੀ ਦੀਆਂ ਸੈਂਕੜੇ ਮਹਿਲਾ ਕਾਰਕੁੰਨਾਂ ਨੇ ਸਮੁੱਚੇ ਪੰਜਾਬ ਦੇ 150 ਤੋਂ ਵੀ ਵੱਧ ਸਥਾਨਾਂ ’ਤੇ ਇਸ ‘ਜਾਗੋ’ ਵਿੱਚ ਸ਼ਿਰਕਤ ਕੀਤੀ, ਜਿਸ ਦੌਰਾਨ ਇੱਕ ਮੁਟਿਆਰ ਮਿੱਟੀ ਦੇ ਦੀਵੇ ਆਪਣੇ ਸਿਰ ਉੱਤੇ ਚੁੱਕ ਕੇ ਤੁਰਦੀ ਹੈ। ਜਿੱਥੋਂ ਵੀ ਇਹ ਜਾਗੋ ਨਿੱਕਲੀ, ਉੱਥੇ ਹੀ ਸ਼ਹਿਰਾਂ ਵਿੱਚ ਆਵਾਜਾਈ ਇਹ ਵਿਲੱਖਣ ਮੁਹਿੰਮ ਵੇਖਣ ਲਈ ਰੁਕ ਗਈ। ‘ਜਾਗੋ’ ਵਿੱਚ ਸ਼ਾਮਲ ਹੋਈਆਂ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਨਾਅਰੇ ਲਾਏ ‘‘ਲੈ ਗਿਆ ਬਈ ਲੈ ਗਿਆ, ਝਾੜੂ ਵਾਲਾ ਲੈ ਗਿਆ। ਜੀਜੇ ਦੀ ਨਾ ਸਾਲ਼ੀ ਦੀ, ਸਰਕਾਰ ਬਣੇਗੀ ਝਾੜੂ ਵਾਲੇ ਦੀ। ਬੇਟੇ ਦੀ ਨਾ ਬਾਪ ਦੀ, ਸਰਕਾਰ ਬਣੇਗੀ ਆਪ ਦੀ ਅਤੇ ਚਿੱਟੇ ਤੇ ਨਾ ਦਾਰੂ ਤੇ, ਮੋਹਰ ਲੱਗੇਗੀ ਝਾੜੂ ਤੇ’’। ਵੇਖਦਿਆਂ ਹੀ ਵੇਖਦਿਆਂ ਆਮ ਰਾਹਗੀਰਾਂ ਨੇ ਵੀ ਢੋਲ ਦੀ ਤਾਲ ਆਮ ਆਦਮੀ ਪਾਰਟੀ ਦੇ ਇਸ ਗੀਤ ਉੱਤੇ ਨੱਚਣਾ ਸ਼ੁਰੂ ਕਰ ਦਿੱਤਾ ‘‘ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ… ਬਾਦਲਾਂ ਨੂੰ ਸਬਕ ਸਿਖਾ ਦਿਓ ਪੰਜਾਬੀਓ…’’।ਜਲੰਧਰ (ਛਾਉਣੀ) ਚੋਣ ਹਲਕੇ ’ਚ, ਆਮ ਆਦਮੀ ਪਾਰਟੀ ਦੇ ਉਮੀਦਵਾਰ ਐੱਚ.ਐੱਸ. ਵਾਲੀਆ ਦੀ ਪਤਨੀ ਨੇ ਹਲਕੇ ਦੇ ਮੁੱਖ ਬਾਜ਼ਾਰ ਵਿੱਚ ‘ਜਾਗੋ’ ਕੱਢੀ, ਜਿੱਥੇ ਉਸ ‘ਜਾਗੋ’ ਦੇ ਨਾਲ-ਨਾਲ ਚੱਲਣ ਲਈ ਆਪਣੀਆਂ ਦੁਕਾਨਾਂ ਛੱਡ ਕੇ ਬਾਹਰ ਆ ਗਏ। ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਇੱਕ ਉਤਸ਼ਾਹੀ ਵੋਟਰ, ਇੱਕ ਮਹਿਲਾ ਵੋਟਰ ਸਰਬਜੀਤ ਕੌਰ ਆਪਣੇ ਜਜ਼ਬਾਤ ਲੁਕਾ ਨਾ ਸਕੇ ਤੇ ਉਨਖ਼ਾਂ ਆਖਿਆ ‘‘ਸ਼ਾਇਦ, ਪਹਿਲੀ ਵਾਰ ਅਸੀਂ ਪੰਜਾਬ ਵਿੱਚ ਕਿਸੇ ਸਿਆਸੀ ਪਾਰਟੀ ਦਾ ਇੰਨਾ ਜ਼ਿਆਦਾ ਉਤਸ਼ਾਹ ਵੇਖਿਆ ਹੈ ਅਤੇ ਇਹ ਵਿਲੱਖਣ ਮੁਹਿੰਮ ਨਿਸ਼ਚਤ ਤੌਰ ’ਤੇ ਆਮ ਜਨਤਾ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰੇਗੀ।’’
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media