ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਤੇ ਵੋਟਰਾਂ ਨਾਲ ਮੁਲਾਕਾਤ ਕੀਤੀ। 
ਇਸ ਲੜੀ ਦੇ ਤਹਿਤ ਅੱਜ ਔਜਲਾ ਅਜਨਾਲਾ ਪੁੱਜੇ।ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਵੀ ਮੌਜੂਦ ਸਨ।ਔਜਲਾ ਨੂੰ ਮਿਲਣ ਲਈ ਉਮੜੇ ਜਨ ਸੈਲਾਬ ਨੂੰ ਵੇਖਦਿਆਂ ਇਉਂ ਲਗ ਰਿਹਾ ਸੀ ਜਿਵੇਂ ਵੋਟਰਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੋਵੇ।ਹਰ ਵੋਟਰ ਗੁਰਜੀਤ ਸਿੰਘ ਔਜਲਾ ਨੂੰ ਵੇਖ ਕੇ ਖੁਸ਼ ਸੀ ਤੇ ਇਥੇ ਪੂਰਾ ਚਾਅ ਵਾਲਾ ਮਾਹੌਲ ਸੀ।ਗੁਰਜੀਤ ਸਿੰਘ ਔਜਲਾ ਨੇ ਵੀ ਹਰ ਵੋਟਰ ਨੂੰ ਉਸੇ ਉਤਸ਼ਾਹ ਵਿਚ ਜਵਾਬ ਦਿੱਤਾ ਜਿਸ ਉਤਸ਼ਾਹ ਨਾਲ ਵੋਟਰ ਮਿਲ ਰਿਹਾ ਸੀ।ਔਜਲਾ ਨੂੰ ਵੋਟਰਾਂ ਨੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਤੇ ਉਨ੍ਹਾਂ ’ਤੇ ਫੁਲ ਪੱਤੀਆਂ ਦਾ ਮੀਂਹ ਵਰ੍ਹਾ ਦਿੱਤਾ।ਅਜਨਾਲਾ ਵਿਚ ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਪੂਰੇ ਜੋਸ਼ ਨਾਲ ਗੁਰਜੀਤ ਸਿੰਘ ਔਜਲਾ ਦਾ ਸੁਆਗਤ ਕੀਤਾ।
ਇਸ ਮੌਕੇ ’ਤੇ ਔਜਲਾ ਨੇ ਕਿਹਾ ਕਿ ਪੰਜਾਬ ਦੇ ਕਾਲੇ ਦਿਨ ਖਤਮ ਹੋਣ ਵਾਲੇ ਹਨ।ਉਨ੍ਹਾਂ ਕਿਹਾ ਕਿ ਜਿਸ ਸਬਰ ਨਾਲ ਤੁਸੀਂ ਅਕਾਲੀਆਂ ਦੇ ਜਬਰ ਦਾ ਮੁਕਾਬਲਾ ਕੀਤਾ ਹੈ ਉਸ ਦੀ ਮਿਸਾਲ ਕਿਧਰੇ ਨਹੀ ਮਿਲਦੀ।ਉਨ੍ਹਾਂ ਕਿਹਾ ਕਿ ਕਾਲੇ ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ 11 ਮਾਰਚ ਦਾ ਦਿਨ ਪੰਜਾਬ ਲਈ ਇਕ ਨਵੀਂ ਸਵੇਰ ਲੈ ਕੇ ਆਏਗਾ।ਉਨ੍ਹਾਂ ਕਿਹਾ ਕਿ 11 ਮਾਰਚ ਤੋਂ ਪੰਜਾਬ ਵਿਚ ਕਾਨੂੰਨ ਦਾ ਰਾਜ ਸਥਾਪਤ ਹੋਵੇਗਾ ਤੇ ਮਾਫੀਆ ਰਾਜ ਦਾ ਅੰਤ ਹੋ ਜਾਏਗਾ।ਔਜਲਾ ਨੇ ਕਿਹਾ ਕਿ 10 ਸਾਲ ਤਕ ਪੰਜਾਬ ਵਿਚ ਜੰਗਲ ਰਾਜ ਵਾਲਾ ਮਾਹੌਲ ਸੀ।ਧੀਆਂ ਭੈਣਾਂ ਸੁਰੱਖਿਅਤ ਨਹੀਂ ਸਨ, ਪੁਲਸ ਦੇ ਕਰਮਚਾਰੀ ਨੂੰ ਆਪਣੀ ਨੌਜਵਾਨ ਧੀ ਦੀ ਇੱਜ਼ਤ ਬਚਾਉਣ ਲਈ ਸ਼ਹਾਦਤ ਦੇਣੀ ਪਈ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਨਸ਼ਿਆਂ ’ਤੇ ਲਗਾ ਦਿਤਾ ਪਰ ਹੁਣ ਅਜਿਹਾ ਨਹੀਂ ਹੋਵੇਗਾ।ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਨਸ਼ਿਆਂ ਦੇ ਕਾਰੋਬਾਰੀ ਜੇਲਾਂ ਵਿਚ ਹੋਣਗੇ, ਨਸ਼ਿਆਂ ਦਾ ਕਾਰੋਬਾਰ ਨੇਸਤੋ ਨਾਬੂਦ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦਾ ਸਰਬਪੱਖੀ ਵਿਕਾਸ ਸਿਰਫ ਕਾਂਗਰਸ ਹੀ ਕਰ ਸਕਦੀ ਹੈ।
ਆਮ ਆਦਮੀ ਪਾਰਟੀ ’ਤੇ ਵਰਦਿਆਂ ਔਜਲਾ ਨੇ ਕਿਹਾ ਕਿ ਇਹ ਪਾਰਟੀ ਸਿਰਫ ਹਵਾਈ ਕਿਲੇ ਹੀ ਉਸਾਰ ਰਹੀ ਹੈ।ਜ਼ਮੀਨੀ ਸੱਚਾਈ ਤੋਂ ਆਮ ਆਦਮੀ ਪਾਰਟੀ ਕੋਹਾਂ ਦੂਰ ਹੈ।ਉਨ੍ਹਾਂ ਕਿਹਾ ਕਿ 3 ਫਰਵਰੀ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਆਗੂ ਨਹੀ ਲੱਭਣਗੇ ਅਤੇ 11 ਮਾਰਚ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਨਾਮ ਲੈਣ ਵਾਲਾ ਕੋਈ ਨਹੀ ਹੋਵੇਗਾ।ਔਜਲਾ ਅਜਨਾਲਾ, ਸਾਰੰਗਦੇਵ, ਗਗੋਮਹਾਲ, ਰਮਦਾਸ, ਸਹਿੰਸਰਾ ਆਦਿ ਪਿੰਡਾਂ ਵਿਚ ਗਏ ਉਨ੍ਹਾਂ ਰਮਦਾਸ ਵਿਖੇ ਗੁਰੂ ਘਰ ਵਿਚ ਜਾ ਕੇ ਬਾਬਾ ਬੁੱਢਾ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ।
Punjab Post Daily Online Newspaper & Print Media