ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਬੀਤੀ ਸ਼ਾਮ ‘ਆਪ’ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੇ ਗਏ ਪ੍ਰਭਾਵਸ਼ਾਲੀ ਰੋਡ ਸ਼ੋਅ ਦੇ ਨਤੀਜੇ ਵਜੋਂ ਸਮੁੱਚੇ ਮਾਝੇ ਖੇਤਰ ਵਿੱਚ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ ਸਿਖਰਾਂ ‘ਤੇ ਪਹੁੰਚਾ ਦਿੱਤੀ ਹੈ।
ਸੰਧੂ ਨੇ ਕਿਹਾ ਕਿ ਬੀਤੀ ਸ਼ਾਮ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਵੱਖ-ਵੱਖ ਇਲਾਕਿਆਂ ਦੇ ਰੋਡ ਸ਼ੋਅ ਵਿੱਚ ਉਮੜ ਕੇ ਆਏ ਹਰੇਕ ਵਰਗ ਦੇ ਲੋਕਾਂ ਵਿੱਚ ਆਪਣੇ ਮਹਿਬੂਬ ਨੇਤਾ ਦੀ ਝਲਕ ਵੇਖਣ ਨੂੰ ਉਤਸ਼ਾਹ ਪਾਇਆ ਗਿਆ।ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਤੋਂ ਸ਼ੁਰੂ ਹੋਏ ਰੋਡ ਸ਼ੋਅ ਵਿੱਚ ਸ਼ਹਿਰ ਦੀ ਸੰਘਣੀ ਆਬਾਦੀ ‘ਚ ਵੱਖ-ਵੱਖ ਖਿਤਿਆਂ ਨਾਲ ਜੁੜੇ ਕਾਰੋਬਾਰੀ, ਦੁਕਾਨਦਾਰ, ਮਜ਼ਦੂਰ, ਉਦਯੋਗਪਤੀ ਆਦਿ ਲੋਕ ਜਿਸ ਤਰ੍ਹਾਂ ਇਸ ਰੋਡ ਸ਼ੋਅ ਵਿੱਚ ਉਨ੍ਹਾਂ ਲੋਕਾਂ ਦੀ ਸ਼ਮੂਲੀਅਤ ਨੂੰ ਵੇਖ ਕੇ ਜਿੱਥੇ ਵਿਰੋਧੀਆਂ ਦੇ ਸਾਹ ਸੂਤੇ ਗਏ ਉਥੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਵੱਲੋਂ ਵਿਖਾਏ ਗਏ ਅਥਾਹ ਪਿਆਰ ਅਤੇ ਸਤਿਕਾਰ ਨੂੰ ਵੇਖ ਕੇ ਸ੍ਰੀ ਅਰਵਿੰਦ ਕੇਜਰੀਵਾਲ ਗਦ-ਗਦ ਹੋ ਉੱਠੇ।ਸੰਧੂ ਨੇ ਕਿਹਾ ਕਿ ਪੰਥਕ ਸਰਕਾਰ ਦੀ ਹਕੁਮਤ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਅਥਾਹ ਘਟਨਾਵਾਂ, ਨਸ਼ੇ ਨਾਲ ਗਲ ਚੁੱਕੀ ਪੰਜਾਬ ਦੀ ਜਵਾਨੀ, ਉਜੜ ਚੁੱਕੇ ਚੁੱਲ੍ਹੇ, ਪੰਜਾਬ ਵਿੱਚੋਂ ਬਰਬਾਦ ਹੋਏ ਕਾਰੋਬਾਰ, ਵਿਕਾਸ ਦੇ ਨਾਅ ‘ਤੇ ਸਰਕਾਰੀ ਖਜ਼ਾਨੇ ਦੀ ਹੋਈ ਲੁੱਟ, ਵੱਖ-ਵੱਖ ਮਹਿਕਮਿਆਂ ਨਾਲ ਸਬੰਧਤ ਮੁਲਾਜ਼ਮਾ ਤੋਂ ਇਲਾਵਾ ਰੁਜ਼ਗਾਰ ਦੀ ਮੰਗ ਕਰਨ ਵਾਲੇ ਬੇਰੁਜ਼ਗਾਰਾਂ ‘ਤੇ ਕੀਤੇ ਗਏ ਅਥਾਹ ਜ਼ੁਲਮਾਂ ਆਦਿ ਕਰਕੇ ਅਕਾਲੀ ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ ਪੰਜਾਬ ਵਿੱਚ ਪਿੱਛਲੇ ਵੱਖ-ਵੱਖ ਸਮੇਂ ਦੌਰਾਨ ਹਕੁਮਤਾਂ ਦੀ ਆਪਸੀ ਸਾਂਝ ਦੇ ਜੱਗ ਜ਼ਾਹਿਰ ਹੋਣ ਪਿਛੋਂ ਚੱਲਦਾ ਕਰਨ ਲਈ ਉਤਾਵਲੇ ਹਨ।ਸੰਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਪ੍ਰਤੀ ਆਪਣੇ ਭਰੋਸੇ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਹ ਆਪਣੇ ਜਜ਼ਬੇ ਨੂੰ ਇਸੇ ਤਰ੍ਹਾਂ ਕਾਇਮ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਹਰੇਕ ਉਮੀਦਵਾਰ ਨੂੰ ਕਾਮਯਾਬ ਕਰਨ ਤਾਂ ਜੋ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ‘ਚ ਉਨ੍ਹਾਂ ਦੀਆਂ ਆਸਾਂ ‘ਤੇ ਫੁੱਲ ਚੜਾਉਣ ਲਈ ਇੱਕ ਨਵੇਂ ਸਾਫ-ਸੁਥਰੇ ਨਸ਼ਾ-ਮੁਕੱਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।
Punjab Post Daily Online Newspaper & Print Media