Thursday, June 5, 2025
Breaking News

ਵੋਟ ਦਾ ਹੱਕ

ਮਿੰਨੀ ਕਹਾਣੀ

votesਸਰਦ ਰੁੱਤ ਦੀ ਸ਼ਾਮ ਅਤੇ ਬਾਬਾ ਬਚਨ ਸਿੰਘ ਰੋਜ਼ ਦੀ ਤਰ੍ਹਾਂ ਆਪਣੇ ਪੁੱਤਰ ਅਤੇ ਪੋਤਰਿਆਂ ਨੂੰ ਕਹਿਣ ਲੱਗਾ ਕਿ ਮੈਨੂੰ ਪ੍ਰੀਤਮ ਸਿੰਹੁ ਨਾਲ ਮਿਲਾ ਲਿਆਵੋ, ਜ਼ੋ ਕਿ ਪਿੰਡ ਤੋਂ ਕੁੱਝ ਫ਼ਰਕ `ਤੇ ਰਹਿੰਦੇ ਸਨ। ਪਹਿਲਾਂ ਤਾਂ ਸਾਰਿਆਂ ਆਨਾਕਾਨੀ ਕਰ ਛੱਡਣੀ ਅਤੇ ਕਹਿ ਛੱਡਣਾ ਬਾਪੂ ਜੀ ਰਜਾਈ `ਚ ਹੀ ਬੈਠੇ ਰਹੋ, ਐਵੇਂ ਠੰਡ ਨਾ ਲਵਾ ਲਇਓ।ਬਚਨ ਸਿੰਘ ਨੇ ਜ਼ੋਰ ਪਾ ਕੇ ਕਿਹਾ ਤਾਂ ਆਖ਼ਰ ਵੱਡੇ ਮੁੰਡੇ ਮੁਲਖ ਸਿੰਘ ਨੇ ਆਪਣੇ ਦੋਵੇ ਪੁੱਤਰਾਂ ਨੂੰ ਕਿਹਾ ਜਾਵੋ ਗੱਡੀ ਵਿੱਚ ਬਿਠਾ, ਬਾਪੂ ਜੀ ਨੂੰ ਮਿਲਾ ਲਿਆਵੋ ਪਤਾ ਨਹੀਂ ਬਾਪੂ ਜੀ ਨੇ ਕਿਹੜੀ ਗੱਲ ਕਰਨੀ ਹੋਵੇ।ਦੋਵਾਂ ਨੇ ਹੀ ਜਿੰਦਗੀ ਦੇ ਅੱਠ ਦਹਾਕਿਆਂ ਨੂੰ ਪੂਰਾ ਕਰ ਲਿਆ ਹਨ।ਮੁੰਡਿਆਂ ਨੇ ਕਿਹਾ ਚੱਲੋ ਬਾਪੂ ਜੀ ਅੱਜ ਤੁਹਾਨੂੰ ਬਾਬੇ ਪ੍ਰੀਤਮ ਸਿੰਘ ਹੋਰਾਂ ਨੂੰ ਮਿਲਾ ਹੀ ਲਿਆਂਦੇ ਹਾਂ ਅਤੇ ਅਸੀਂ ਵੀ ਅੱਜ ਵਿਹਲੇ ਹੀ ਹਾਂ ਫਿਰ ਪਤਾ ਨਹੀਂ ਸਮਾਂ ਲੱਗੇ ਜਾਂ ਨਾ ਲੱਗੇ।ਇਹ ਸੁਣ ਕੇ ਬਜ਼ੱਰੁਗ ਬਚਨ ਸਿੰਘ ਦੇ ਚਿਹਰੇ ਖੁਸ਼ੀ ਦੀ ਲਹਿਰ ਦੋੜ ਪਈ ਅਤੇ ਔਖੇ ਸੋਖੇ ਹੋ ਕੇ ਲੋਈ ਦੀ ਬੁੱਕਲ ਮਾਰੀ ਤੇ ਆਪਣੇ ਦੋਵੇ ਪੋਤਰਿਆਂ ਨਾਲ ਪ੍ਰੀਤਮ ਸਿੰਘ ਦੇ ਘਰ ਪੁੱਜੇ ਤੇ ਦੋਵੇਂ ਖੁਸ਼ੀ `ਚ ਬਗਲਗੀਰ ਹੋ ਕੇ ਮਿਲੇ।ਪ੍ਰੀਤਮ ਸਿੰਘ ਦੇ ਸਾਰੇ ਟੱਬਰ ਨੇ ਬਾਬਾ ਬਚਨ ਸਿੰਘ ਨੂੰ ਵੇਖ ਕੇ ਸਤਿਕਾਰ ਸਹਿਤ ਜੀ ਆਇਆਂ ਕਿਹਾ ਅਤੇ ਫਿਰ ਜਲਦੀ ਨਾਲ ਗਰਮ ਦੁੱਧ ਅਤੇ ਖਾਣ ਲਈ ਹੋਰ ਕਈ ਚੀਜਾਂ ਲੈ ਆਏ।ਖਾਣ ਪੀਣ ਤੋਂ ਬਾਅਦ ਪ੍ਰੀਤਮ ਸਿੰਘ ਨੇ ਪੁੱਛਿਆ `ਸੁੱਖ ਤਾਂ ਹੈ ਬਚਨ ਸਿੰਹਾਂ ਠੰਢ `ਚ ਆਏ ਹੋ` ਤਾਂ ਬਚਨ ਸਿੰਘ ਨੇ ਕਿਹਾ `ਪ੍ਰੀਤਮ ਸਿੰਹਾਂ ਤੈਨੂੰ ਤਾਂ ਪਤਾ ਹੈ ਆਪਾਂ ਤੇ ਆਪਣੇ ਬਜੁਰਗਾਂ ਨੇ ਕਿੰਨੇ ਤਸੀਹੇ ਕੱਟੇ ਸਨ, ਅਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨੀਆਂ ਮਾਵਾਂ ਦੇ ਲਾਲ ਅਤੇ ਸੁਹਾਗ ਬਲੀ ਚੜੇ ਤਾਂ ਜਾ ਕੇ ਆਜ਼ਾਦ ਹਿੰਦ ਦੇ ਵਾਸੀ ਕਹਾਉਣ ਦਾ ਹੱਕ ਪਾਇਆ।
ਫਿਰ ਉਸ ਤੋਂ ਬਾਅਦ 26 ਜਨਵਰੀ 1951 ਨੂੰ ਲੋਕਤੰਤਰੀ ਮੁਲਕ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਸਹੂਲਤਾਂ ਦੇ ਨਾਲ ਅੋਰਤਾਂ ਅਤੇ ਮਰਦਾਂ ਸਭ ਤੋਂ ਵੱਡਾ ਹੱਕ ਵੋਟ ਪਾਉਣ ਦਾ ਦਿੱਤਾ ਗਿਆ।ਇਸ ਲਈ ਕਹਿਣ ਆਇਆ ਹਾਂ ਕਿ ਐਨੇ ਤਸੀਹੇ ਕੱਟ ਕੇ ਇਹ ਜ਼ੋ ਹੱਕ ਮਿਲਿਆ, ਓਸ ਦਾ ਇਸਤੇਮਾਲ ਜਰੂਰ ਕਰੀਂ, ਕਿਤੇ ਘਰੇ ਹੀ ਨਾ ਬੈਠਾ ਰਹੀਂ 4 ਫਰਵਰੀ ਨੂੰ।ਪੰਜਾਂ ਸਾਲਾਂ ਬਾਅਦ ਮਿਲਦਾ ਹੈ ਇਹ ਮੌਕਾ।ਲੋਕਤੰਤਰ ਦੀ ਨੀਂਹ ਪੱਕੀ ਕਰਨ ਲਈ ਆਪਾਂ ਆਪਣਾ ਫਰਜ਼ ਜਰੂਰ ਨਿਭਾਉਣਾ ਹੈ।ਅੋਖਾ ਸੋਖਾ ਹੋ ਕੇ ਇਸ ਵਾਰ ਵੋਟ ਪਾ ਆਵੀਂ ਫਿਰ ਪਤਾ ਨਹੀਂ ਕਦੇ ਮੌਕਾ ਮਿਲੇ ਜਾਂ ਨਾ“ ।
ਅਲਵਿਦਾ ਲੈ ਕੇ ਬਚਨ ਸਿੰਘ ਤੁਰਨ ਲੱਗਾ ਤਾਂ ਸਾਰੇ ਪਰਿਵਾਰ ਨੂੰ ਮੁਖਾਤਿਬ ਹੁੰਦਿਆਂ ਕਹਿਣ ਲੱਗਾ  “ਬੱਚਿਓ ਤੁਸੀਂ ਵੀ ਆਪਣੇ ਹੱਕ ਦੀ ਵਰਤੋਂ ਜਰੂਰ ਕਰਨੀ ਐਵੇਂ ਘੌਲ ਨਾ ਕਰ ਜਾਣੀ ਅਤੇ ਪ੍ਰੀਤਮ ਸਿੰਘ ਨੂੰ ਵੀ ਯਾਦ ਨਾਲ ਲੈ ਕੇ ਜਾਣਾ, ਇਹ ਆਪਣਾ ਅਸਲੀ ਹੱਕ ਜੋ ਹੋਇਆ“।ਹਾਂ ਸੱਚ ਵੋਟ ਵੀ ਓਸ ਉਮੀਦਵਾਰ ਨੂੰ ਪਾਇਓ ਜਿਹੜਾ ਲੋਕਾਂ ਦਾ ਹਮਦਰਦ `ਤੇ ਦੁੱਖ ਸੁੱਖ ਦਾ ਭਾਈਵਾਲ ਹੋਵੇ।ਅੱਛਾ ਫਿਰ ਚਲਦਾਂ ਮੈਂ ਵੀ ਕੱਲ ਵੋਟ ਪਾਉਣ ਦੀ ਤਿਆਰੀ ਜੋ ਕਰਨੀ ਹੋਈ।ਇੰਨਾਂ ਕਹਿ ਕੇ ਬਚਨ ਸਿੰਘ ਕਾਹਲੀ ਨਾਲ ਆਪਣੇ ਪੋਤਿਆਂ ਦੀ ਗੱਡੀ `ਚ ਜਾ ਬੈਠਾ।

Vinod Fakira

ਵਿਨੋਦ ਫ਼ਕੀਰਾ (ਸਟੇਟ ਐਵਾਰਡੀ),
 ਆਰੀਆ ਨਗਰ, ਕਰਤਾਪੁਰ,
 ਜਲੰਧਰ।
 ਮੋ. 98721 97326

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …

Leave a Reply