ਧੂਰੀ, 3 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਜਿੱਥੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਇੰਚਾਰਜ ਰਾਜਿੰਦਰ ਸਿੰਘ ਮੂੰਡ ਦੀ ਅਗਵਾਈ ਹੇਠ ਹਲਕੇ ਦੇ ਦਰਜਨਾਂ ਪਿੰਡਾਂ ਦਾ ਆਪਣੇ ਹਜਾਰਾਂ ਸਮੱਰਥਕਾਂ ਤੇ ਵਰਕਰਾਂ ਨਾਲ ਮਹਾਂ ਰੋਡ ਸ਼ੋਅ ਕਰਦਿਆਂ ਜਿੱਥੇ ਵਿਰੋਧੀਆਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ, ਉਥੇ ਅੱਜ ਉਨ੍ਹਾਂ ਪੋਲਿੰਗ ਵਾਲੇ ਦਿਨ ਵੋਟਰਾਂ ਨੂੰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਪਣੀ ਹਾਰ ਨੂੰ ਵੇਖਦਿਆਂ ਬੁਰੀ ਤਰ੍ਹਾਂ ਬੌਖਲਾ ਚੁੱਕਾ ਹੈ। ਉਨ੍ਹਾਂ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਨਾਭਾ, ਅਮਰਗੜ੍ਹ ਅਤੇ ਧੂਰੀ ਵਾਲਿਆਂ ਦੀ ਸਿਆਸੀ ਲੜ੍ਹਾਈ ਵਿੱਚ ਯਕੀਨਨ ਹੀ ਧੂਰੀ ਦੇ ਲੋਕ ਤੱਕੜੇ ਹੋ ਕੇ ਆਪਣੀ ਜਿੱਤ ਦਾ ਫ਼ੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਧੂਰੀ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਸਾਂਸਦ ਅਤੇ ਪਾਰਟੀ ਨੇ ਕੁੱਝ ਵੀ ਨਹੀਂ ਕੀਤਾ, ਸਗੋਂ ਵਿਕਾਸ ਦੀਆਂ ਗੱਲਾਂ ਕਰਨ ਵਾਲੇ ਅਕਾਲੀ ਦਲ ਦਾ ਕੀਤਾ ਵਿਕਾਸ ਕਿਧਰੇ ਵੀ ਨਜਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਤਿੰਨ ਸਾਲ ਹਲਕੇ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਹਲਕੇ ਦੇ ਵਿਕਾਸ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ, ਸਗੋਂ ਉਨ੍ਹਾਂ ਦੀ ਗਰਾਂਟ ਲੈਪਸ ਹੋਈ ਹੈ ਅਤੇ ਭਗਵੰਤ ਮਾਨ ਆਪਣੀਆਂ ਆਪਹੁਦਰੀਆਂ ਕਾਰਵਾਈਆਂ ਕਰਕੇ ਹਲਕਾ ਵਿਰੋਧੀ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਉਮੀਦਵਾਰ ਨੇ ਜਿੱਤ ਕੇ ਹਲਕੇ ਦਾ ਮੂੰਹ ਨਹੀਂ ਵੇਖਿਆ, ਅਜਿਹੇ ਪਾਰਟੀ ਉਮੀਦਵਾਰਾਂ ਤੋਂ ਹਲਕੇ ਦੇ ਵਿਕਾਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਵਿਰੋਧੀ ਤਾਕਤਾਂ ਨੂੰ ਹਮਾਇਤ ਦੇ ਰਿਹਾ ਹੈ ਅਤੇ ਉਸਦੇ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧ ਜੱਗ ਜਾਹਿਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਤੌਰ ਮੁੱਖ ਮੰਤਰੀ ਫੇਲ੍ਹ ਹੋਇਆ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਤਰਾਂ ਤਰ੍ਹਾਂ ਦੇ ਵਾਅਦੇ ਕਰਨ ਵਾਲਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਅਤੇ ਆਪਣੇ ਸਿਆਸੀ ਗੁਰੂ ਅੰਨਾ ਹਜਾਰੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜਨਮ ਤੋਂ ਹੀ ਹਲਕੇ ’ਚ ਰਹਿ ਰਹੇ ਹਨ ਅਤੇ ਪਿਛਲੇ 10 ਸਾਲਾਂ ਤੋਂ ਹਲਕੇ ਦੇ ਚੌਕੀਦਾਰ ਬਣ ਕੇ ਸੇਵਾ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।
Punjab Post Daily Online Newspaper & Print Media