ਨਵੀਂ ਦਿੱਲੀ, 3 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਨਾਮਜਦਗੀ ਪ੍ਰਕਿਰਆ ਸ਼ੁਰੂ ਹੋਣ ਦੇ ਨਾਲ ਹੀ ਸਮੂਹ ਦਲਾਂ ਦੇ ਆਗੂਆਂ ਵੱਲੋਂ ਸਿਆਸੀ ਦੂਸ਼ਣਬਾਜ਼ੀ ਸਿੱਖਰਾਂ ’ਤੇ ਪੁੱਜ ਗਈ ਹੈ।
ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਪੱਤਰ ਭੇਜ ਕੇ ਚੋਣ ਜ਼ਾਬਤਾ ਲਾਗੂ ਹੋਣ ਦਾ ਹਵਾਲਾ ਦਿੰਦੇ ਹੋਏ ਜਰੂਰੀ ਕਾਰਵਿਹਾਰ ਕਮੇਟੀ ’ਚ ਨਾ ਕਰਨ ਦੀ ਸਲਾਹ ਦਿੱਤੀ ਹੈ। ਸਰਨਾ ਦੀ ਉਕਤ ਸਲਾਹ ਨੂੰ ਗੈਰਜਰੂਰੀ ਦੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਕੁਲਮੋਹਨ ਸਿੰਘ ਨੇ ਸਰਨਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੱਤੀ ਹੈ।
ਕੁਲਮੋਹਨ ਸਿੰਘ ਨੇ ਸਾਫ਼ ਕੀਤਾ ਕਿ ਅਕਾਲੀ ਦਲ ਨੂੰ ਚੋਣ ਜ਼ਾਬਤੇ ਦੀਆਂ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਹੈ। ਇਸ ਕਰਕੇ ਚੋਣ ਜਾਬਤੇ ਦਾ ਉਲੰਘਣ ਕਰਨ ਵਾਲੇ ਸਰਨਾ ਸਾਨੂੰ ਨਸੀਹਤ ਨਾ ਦੇਣ।ਸਰਨਾ ਦੇ ਆਪਣੇ ਕਾਰਜਕਾਲ ’ਚ ਚੋਣ ਜਾਬਤੇ ਦੌਰਾਨ 27 ਦਸੰਬਰ 2012 ਤੋਂ 27 ਜਨਵਰੀ 2013 ਤਕ ਲਗਭਗ 1 ਕਰੋੜ 24 ਲੱਖ ਰੁਪਏ ਸਿੰਘ ਸਭਾ ਗੁਰਦੁਆਰਿਆਂ ਨੂੰ ਸਹਾਇਤਾ ਰਾਸ਼ੀ ਅਤੇ 336 ਕਮੇਟੀ ਮੁਲਾਜ਼ਮਾਂ ਨੂੰ ਤਰੱਕੀ ਦਿੱਤੇ ਜਾਣ ਦਾ ਵੀ ਕੁਲਮੋਹਨ ਨੇ ਖੁਲਾਸਾ ਕੀਤਾ।
ਕੁਲਮੋਹਨ ਨੇ ਕਿਹਾ ਕਿ ਦੂਜਿਆਂ ਨੂੰ ਨਸੀਹਤ ਦੇਣ ਤੋਂ ਪਹਿਲਾ ਸਰਨਾ ਆਪਣੀਆਂ ਪੁਰਾਣੀ ਕਾਰਗੁਜਾਰੀਆਂ ਤੇ ਵੀ ਨਿਗਾਹ ਪਾ ਲਿਆ ਕਰਨ ਕਿਉਂਕਿ ਉਨ੍ਹਾਂ ਦੀਆਂ ਅਣਗਹਿਲੀਆਂ ਅਤੇ ਨਾਕਾਮੀਆਂ ਦਾ ਪਹਾੜ ਇਨ੍ਹਾਂ ਉਚਾ ਹੈ ਕਿ ਸਰਨਾ ਦੇ ਮੂੰਹ ਤੋਂ ਨਿਕਲੀ ਕੋਈ ਚੰਗੀ ਗੱਲ ਵੀ ਉਨ੍ਹਾਂ ਦੇ ਪ੍ਰਬੰਧਕੀ ਕਾਲ ਦੀਆਂ ਆਪਹੁਦਰੀਆਂ ਦੇ ਸਾਹਮਣੇ ਛੋਟੀ ਪੈ ਜਾਂਦੀ ਹੈ।
Punjab Post Daily Online Newspaper & Print Media