ਮਜੀਠਾ, 8 ਫਰਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਦੇ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਉਮੀਦਵਾਰ ਲਾਲੀ ਮਜੀਠਾ ਵੱਲੋਂ ਵੋਟਰਾਂ ਨੂੰ ਭਰਮਾਉਣ ਅਤੇ ਪੈਸੇ ਆਦਿ ਵੰਡਣ ਪ੍ਰਤੀ ਕੀਤੇ ਜਾ ਰਹੇ ਕਾਰੇ ਅਤੇ ਕੋਝੀਆਂ ਚਾਲਾਂ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕਰਦਿਆਂ ਚੋਣ ਕਮਿਸ਼ਨ ਨੂੰ ਕਾਂਗਰਸ ਉਮੀਦਵਾਰ ਵੱਲੋਂ ਵੋਟਰਾਂ ਨੂੰ ਪੈਸੇ ਅਤੇ ਸ਼ਰਾਬ ਦੇ ਕੇ ਭਰਮਾਉਣ ਦੀ ਗੰਭੀਰਤਾ ਨੂੰ ਵੇਖਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ। ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਪ੍ਰਤੱਖ ਨਜ਼ਰ ਆ ਰਹੀ ਆਪਣੀ ਨਿਮੋਸ਼ੀਜਨਕ ਹਾਰ ਤੋਂ ਬੁਖਲਾ ਗਿਆ ਹੈ ਅਤੇ ਉਸ ਨੇ ਨਾਮਜ਼ਦਗੀ ਦੌਰਾਨ ਵੋਟਰਾਂ ’ਚ ਨਸ਼ਾ ਅਤੇ ਪੈਸੇ ਨਾ ਵੰਡਣ ਪ੍ਰਤੀ ਲਈ ਗਈ ਸਹੁੰ ਦੀ ਵੀ ਪ੍ਰਵਾਹ ਨਹੀਂ ਕੀਤੀ।ਉਹਨਾਂ ਦੱਸਿਆ ਕਿ ਲਾਲੀ ਮਜੀਠੀਆ ਵੋਟਰਾਂ ਨੂੰ ਆਪਣੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਰਾਹੀਂ ਪੈਸੇ ਅਤੇ ਸ਼ਰਾਬ ਵਰਤਾ ਕੇ ਚੋਣ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ।ਮਜੀਠੀਆ ਨੇ ਦੱਸਿਆ ਵੋਟਾਂ ’ਚ ਪੈਸੇ ਵੰਡਣ ਅਤੇ ਸ਼ਰਾਬ ਵਰਤਾਉਣ ਵਾਲੇ ਕੁੱਝ ਕਾਂਗਰਸੀ ਆਗੂ ਕਿ ਜੇਲ੍ਹ ਦੀ ਹਵਾ ਖਾ ਰਹੇ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਬੰਬ ਸਰਪੰਚ ਮਰੜੀ ਕਲਾਂ ਨੂੰ ਚੋਣ ਅਬਜ਼ਰਵਰ ਨੇ ਉਸ ਦੇ ਗ੍ਰਹਿ ਵਿਖੇ ਸ਼ਰਾਬ ਦੀਆਂ ਦੋ ਪੇਟੀਆਂ ਸਮੇਤ ਗ੍ਰਿਫ਼ਤਾਰ ਕੀਤਾ, ਪਰ ਉਸ ਵਕਤ ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਬੋਲੈਰੋ ਗੱਡੀ ਨੂੰ ਭਜਾਉਣ ਕਾਂਗਰਸੀ ਸਫਲ ਰਹੇ।ਮਜੀਠੀਆ ਨੇ ਮੰਗ ਕੀਤੀ ਕਿ ਸ਼ਰਾਬ ਨਾਲ ਭਰੀ ਗੱਡੀ ਪ੍ਰਤੀ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਕਾਂਗਰਸ ਦਿਹਾਤੀ ਦੇ ਇੱਕ ਹੋਰ ਮੀਤ ਪ੍ਰਧਾਨ ਤੇ ਲਾਲੀ ਮਜੀਠਾ ਦੀ ਸੱਜੀ ਬਾਂਹ ਮੋਹਨ ਸਿੰਘ ਨਿਬਰਵਿੰਡ ਵੱਲੋਂ ਪਿੰਡ ਪੰਨਵਾਂ ਵਿਖੇ ਵੋਟਰਾਂ ਨੂੰ ਪੈਸੇ ਵੰਡਦਿਆਂ ਪਿੰਡ ਵਾਸੀਆਂ ਨੇ ਫੜ ਕੇ ਪੁਲੀਸ ਹਵਾਲੇ ਕੀਤਾ।ਮਜੀਠੀਆ ਨੇ ਦੱਸਿਆ ਕਿ ਮੋਹਨ ਸਿੰਘ ਨਿਬਰਵਿੰਡ ਪਿੰਡ ਪੰਨਵਾਂ ਦੇ ਇੱਕ ਗਰੀਬ ਵਿਅਕਤੀ ਸੁਖਜਿੰਦਰ ਸਿੰਘ ਦੇ ਘਰ ਗਿਆ ਅਤੇ ਲਾਲੀ ਦੇ ਹੱਕ ’ਚ ਵੋਟ ਪਵਾਉਣ ਲਈ ਉਸ ਨੂੰ ਪੈਸੇ ਦਿੱਤੇ ਪਰ ਸੁਖਜਿੰਦਰ ਸਿੰਘ ਵੱਲੋਂ ਪੈਸੇ ਲੈਣ ਤੋਂ ਇਨਕਾਰ ਕਰਦਿਆਂ ਉਨਾਂ (ਬਿਕਰਮ ਮਜੀਠੀਆ) ਨੂੰ ਹੀ ਵੋਟ ਦੇਣ ਦੀ ਗੱਲ ਕਰਨ ’ਤੇ ਉਸ ਨਾਲ ਤਕਰਾਰ ਹੋਇਆ ਅਤੇ ਮੌਕੇ ’ਤੇ ਇਕੱਤਰ ਪਿੰਡ ਵਾਸੀਆਂ ਨੇ ਨਿਬਰਵਿੰਡ ਨੂੰ ਦਬੋਚਦਿਆਂ ਪੁਲੀਸ ਦੇ ਹਵਾਲੇ ਕਰ ਦਿਤਾ ।ਇਸੇ ਤਰਾਂ ਕਾਂਗਰਸੀ ਆਗੂ ਉਮ ਪ੍ਰਕਾਸ਼ ਗੱਬਰ ਮਜੀਠਾ ਰੋੜੀ ਵਿਖੇ ਵੋਟਰਾਂ ਨੂੰ ਪੈਸੇ ਵੰਡਦਾ ਐਸ. ਪੀ ਮਜੀਠਾ ਵੱਲੋਂ ਫੜਿਆ ਗਿਆ।ਮਜੀਠੀਆ ਨੇ ਕਿਹਾ ਕਿ ਉਕਤ ਵਰਤਾਰਿਆਂ ਤੋਂ ਪਤਾ ਲਗਦਾ ਹੈ ਕਿ ਕਾਂਗਰਸ ਉਮੀਦਵਾਰ ਆਪਣੀ ਹਾਰ ਤੋਂ ਬੁਖਲਾ ਗਿਆ ਹੈ ਅਤੇ ਹੱਤਾਸ਼ ’ਚ ਹੈ।ਉਹਨਾਂ ਕਿਹਾ ਕਿ ਕੱਲ ਹੋਣ ਜਾ ਰਹੀ ਪੋਲਿੰਗ ਲਈ ਕਾਂਗਰਸ ਉਮੀਦਵਾਰ ਅਤੇ ਕਾਂਗਰਸੀ ਵਰਕਰ ਵੋਟਰਾਂ ਨੂੰ ਭਰਮਾਉਣ ਦੇ ਨਾਲ ਨਾਲ ਡਰਾ ਧਮਕਾ ਵੀ ਰਹੇ ਹਨ।ਉਹਨਾਂ ਚੋਣ ਕਮਿਸ਼ਨ ਕੋਲ ਕੱਲ ਦੀ ਪੋਲਿੰਗ ਭੈ ਰਹਿਤ ਤੇ ਨਿਰਪੱਖ ਕਰਾਉਣ ਦੀ ਮੰਗ ਕੀਤੀ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media