
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਇਤਿਹਾਸਕ ਖ਼ਾਲਸਾ ਕਾਲਜ ਵਿਖੇ ਅੱਜ ਫੋਕਲੋਰ ਰਿਸਰਚ ਅਕਾਦਮੀ ਚੰਡੀਗੜ੍ਹ ਅਤੇ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ‘ਵਾਹਗਾ ਸਰਹੱਦ ’ਤੇ ਝੰਡਾ ਉਤਾਰਣ ਦੀ ਰਸਮ: ਸੁਖਾਵੇਂ ਮਾਹੌਲ ਦੀ ਲੋੜ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ’ਚ ਦੇਸ਼-ਵਿਦੇਸ਼ ਤੋਂ ਆਏ ਬੁਲਾਰਿਆਂ ਨੇ ਵਾਹਗਾ ਸਰਹੱਦ ’ਤੇ ਝੰਡਾ ਉਤਾਰਣ ਦੀ ਰਸਮ ਨੂੰ ਦੋਸਤਾਨਾ ਅਤੇ ਸੰਨ 1947 ਦੇ ਬਟਵਾਰੇ ਦੇ ਦੁਖਾਂਤ ਕਾਰਨ ਦਿਲਾਂ ’ਚ ਪਈਆਂ ਵਿਥਾਂ ਦੇ ਸੰਤਾਪ ਨੂੰ ਆਪਣੇ-ਆਪਣੇ ਕੁੰਜੀਵਤ ਭਾਸ਼ਣ ਦੌਰਾਨ ਬਿਆਨ ਕੀਤਾ।
ਸੈਮੀਨਾਰ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ: ਬਾਵਾ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣਾਂ ਦੌਰਾਨ ਹਿੰਦ-ਪਾਕਿ ਰਿਸ਼ਤਿਆਂ ’ਚ ਆਈਆਂ ਤਰੇੜਾਂ ਨੂੰ ਮਿਟਾ ਕੇ ਆਪਸੀ ਭਾਈਚਾਰਕ ਸਾਂਝੀ ’ਤੇ ਜ਼ੋਰ ਦਿੱਤਾ। ਛੀਨਾ ਨੇ ਕਿਹਾ ਕਿ ਪੰਜਾਬ ਦਾ ਵਿਰਸਾ, ਬੋਲੀ ਅਤੇ ਸੱਭਿਆਚਾਰ ਸਾਂਝ ਹੈ।ਪਰ ਸਮੇਂ ਦੇ ਨਾਲ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਸਦਕਾ ਭਾਰਤ-ਪਾਕਿ ਵੰਡ ਉਪਰੰਤ ਪੈਦਾ ਹੋਏ ਹਾਲਾਤਾਂ ਨੇ ਦੋਹਾਂ ਮੁਲਕਾਂ ’ਚ ਨਫ਼ਰਤ ਨੂੰ ਜਨਮ ਦਿੱਤਾ, ਜਿਸਦੇ ਸਿੱਟੇ ਵਜੋਂ ਅੱਜ ਵੀ ਗੁਆਂਢੀ ਮੁਲਕ ਇਕ-ਦੂਜੇ ਨੂੰ ਕਰੋਧੀ ਨਿਗਾਂਹ ਨਾਲ ਵੇਖਦੇ ਹਨ। ਛੀਨਾ ਨੇ ਕਿਹਾ ਕਿ ਇਸ ਦੀ ਜਿੰਦਾ ਮਿਸਾਲ ਰੋਜਾਨਾ ਸਰਹੱਦ ਵਿਖੇ ਬੀ.ਐਸ.ਐਫ਼ ਅਤੇ ਪਾਕਿ ਰੇਂਜਰਜ਼ ਵਿਚਾਲੇ ਹੋਣ ਵਾਲੀ ਪਰੇਡ ਦੌਰਾਨ ਜੋਸ਼ਾਲੂ ਈਰਖਾ ਦਾ ਪ੍ਰਦਰਸ਼ਨ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵੱਧਦੇ ਵਪਾਰਿਕ ਰਿਸ਼ਤਿਆਂ ਅਤੇ ਆਮ ਲੋਕਾਂ ’ਚ ਮਿਲਣ ਦੀ ਚਾਹਤ ਦੋਹਾਂ ਮੁਲਕਾਂ ਨੂੰ ਇਕ ਨਾ ਇਕ ਦਿਨ ਨਜ਼ਦੀਕ ਲੈ ਕੇ ਆਵੇਗੀ।
ਇਸ ਮੌਕੇ ਸੁਰਿੰਦਰ ਸਿੰਘ ਮੰਡ ਪ੍ਰਿੰਸੀਪਲ ਸਰਕਾਰੀ ਕਾਲਜ ਤਲਵਾੜਾ, ਅਜੈਬ ਸਿੰਘ ਸੰਘਾ ਕੈਨੇਡਾ, ਡਾ. ਸਲੀਮ ਮੁਹੰਮਦ ਲੈਕਚਰਾਰ ਮਲੇਰਕੋਟਲਾ, ਦਿਲਬਾਗ ਸਿੰਘ ਆਦਿ ਬੁਲਾਰਿਆਂ ਨੇ ਆਪਣੇ-ਆਪਣੇ ਭਾਸ਼ਣਾਂ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵੰਡ ਵੇਲੇ ਵਾਪਰੀ ਦਰਦਨਾਕ ਅਣਹੋਣੀ ਨੂੰ ਭਾਵੁਕ ਸ਼ਬਦਾਂ ’ਚ ਬਿਆ ਕੀਤਾ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਦੋਹਾਂ ਮੁਲਕਾਂ ਦੀ ਅਵਾਮ ਦੇ ਜਖ਼ਮਾਂ ’ਤੇ ਮਲ੍ਹੱਮ ਲਗਾਉਣ ਦੀ ਭੂਮਿਕਾ ਅਦਾ ਕਰਦਾ ਹੈ ਬਸ਼ਰਤੇ ਜੇਕਰ ਵਾਹਗਾ ਸਰਹੱਦ ’ਤੇ ਕੀਤੀ ਜਾਂਦੀ ਪਰੇਡ ਅਤੇ ਨਾਅਰੇਬਾਜ਼ੀ ਨੂੰ ਦੋਸਤਾਨਾ ਢੰਗ ਨਾਲ ਕੀਤਾ ਜਾਵੇ। ਇਸ ਮੌਕੇ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਨੇ ਆਈਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਹੱਦ ’ਤੇ ਕੀਤੀ ਜਾਣ ਵਾਲੀ ਪਰੇਡ ਦੋਸਤਾਨਾ ਤਰੀਕੇ ਪੇਸ਼ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਂਦੇ ਸੈਲਾਨੀ ਆਪਸੀ ਸਾਂਝ ਦਾ ਸੰਦੇਸ਼ ਲੈ ਕੇ ਜਾਣ ਤਾਂ ਦੋਹਾਂ ਮੁਲਕਾਂ ਦੇ ਸਬੰਧ ਮਜ਼ਬੂਤ ਹੋ ਸਕਦੇ ਹਨ।
ਸੈਮੀਨਾਰ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਦੇਵ ਦਰਦ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਛੀਨਾ, ਪ੍ਰੋ: ਬਾਵਾ ਸਿੰਘ ਨੇ 2 ਪੁਸਤਕਾਂ ‘ਸਾਂਝਾ ਦਾ ਪਵਿੱਤਰ ਪੁਲ ਸਾਈਂ ਮੀਆਂ ਮੀਰ’ ਜਿਸਦੇ ਸੰਪਾਦਕ ਸੁਲੱਖਣ ਸਰਹੱਦੀ ਤੇ ਹਰਭਜਨ ਸਿੰਘ ਬਰਾੜ ਅਤੇ ‘ਸਾਂਝਾਂ ਆਰ-ਪਾਰ’ ਜਿਸ ਦੇ ਲੇਖਕ ਬਰਾੜ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੰਚ ’ਤੇ ਉਨ੍ਹਾਂ ਨਾਲ ਮੌਜ਼ੂਦ ਸਨ। ਇਸ ਮੌਕੇ ਸਾਬਕਾ ਐਮ.ਪੀ ਮੇਜ਼ਰ ਸਿੰਘ ਉਬੋਕੇ, ਡਾ. ਹਰਦਿਆਲ ਸਿੰਘ, ਮਾਸਟਰ ਅਬਦੁਲ ਹਮੀਦ ਪ੍ਰਧਾਨ ਕੰਬੋਜ ਫ਼ੋਰਮ ਪੰਜਾਬ, ਹਰਦੀਪ ਗਿੱਲ ਅਦਾਕਾਰ, ਇਕਬਾਲ ਸਿੰਘ ਤੁੰਗ, ਸੁਖਜੀਤ ਕੌਰ ਮੁੱਖੀ ਧਾਰਮਿਕ ਵਿਭਾਗ ਚੀਫ਼ ਖ਼ਾਲਸਾ ਦੀਵਾਨ, ਪ੍ਰੋ: ਸੂਬਾ ਸਿੰਘ, ਅਨਵਰ ਅਹਿਮਦ ਸਦੀਕੀ, ਕ੍ਰਿਸ਼ਨ ਕੁਮਾਰ ਅਹੂਜਾ, ਦਿਲਜੀਤ ਸਿੰਘ ਬੇਦੀ, ਕੌਂਸਲ ਦੇ ਮੈਂਬਰ ਹਰਮਿੰਦਰ ਸਿੰਘ, ਸਾਬਰ ਅਲੀ ਜੁਬੈਰੀ ਮਲੇਰਕੋਟਲਾ ਲੈਕਚਰਾਰ ਹਿਸਟਰੀ, ਨਰਿੰਦਰ ਸਿੰਘ ਖ਼ਾਲਸਾ, ਹਰਬੰਸ ਸਿੰਘ ਜੰਮੂ, ਸ਼੍ਰੋਮਣੀ ਕਮੇਟੀ ਸਾਬਕਾ ਸਕੱਤਰ ਗੁਰਬਚਨ ਸਿੰਘ ਬਚਨ ਆਦਿ ਕਈ ਹੋਰ ਸਖਸ਼ੀਅਤਾਂ ਮੌਜ਼ੂਦ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media