ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ)- ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਜਥੇਦਾਰ ਸ਼ਿਵ ਸਿੰਘ ਖੁਸ਼ੀਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਗਈ, ਜਿਸ ਤੋਂ ਪੜਦਾ ਹਟਾਉਣ ਦੀ ਰਸਮ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੀਤੀ।ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਸਲਵਿੰਦਰ ਸਿੰਘ ਨੇ ਕੀਤੀ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਪੰਥਕ ਸ਼ਖਸੀਅਤ ਜਥੇਦਾਰ ਸ਼ਿਵ ਸਿੰਘ ਖੁਸ਼ੀਪੁਰ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕਰਨਾ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ, ਕਿਉਂਕਿ ਪੰਥਕ ਸੋਚ ਦੇ ਧਾਰਨੀ ਜਥੇਦਾਰ ਸ਼ਿਵ ਸਿੰਘ ਖੁਸ਼ੀਪੁਰ ਨੇ ਹਮੇਸ਼ਾਂ ਹੀ ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਲਈ ਕੌਮ ਦੇ ਲੇਖੇ ਲਾਇਆ।ਉਨ੍ਹਾਂ ਕਿਹਾ ਕਿ ਜਥੇਦਾਰ ਖੁਸ਼ੀਪੁਰ ਜਿਥੇ ਤਕਰੀਬਨ 18 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਉਥੇ 8 ਵਾਰ ਅੰਤ੍ਰਿੰਗ ਕਮੇਟੀ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਬਾਖੂਬੀ ਢੰਗ ਨਾਲ ਨਿਭਾਈਆਂ।
ਜਥੇਦਾਰ ਸ਼ਿਵ ਸਿੰਘ ਖੁਸ਼ੀਪੁਰ ਦੇ ਪਰਿਵਾਰਕ ਮੈਂਬਰਾਂ ਜਿਨਾਂ ਵਿਚ ਉਨ੍ਹਾਂ ਦੇ ਸਪੁੱਤਰ ਭੁਪਿੰਦਰ ਸਿੰਘ, ਸਪੁੱਤਰੀਆਂ ਬੀਬੀ ਦਵਿੰਦਰ ਕੌਰ ਤੇ ਬੀਬੀ ਜੋਗਿੰਦਰ ਕੌਰ, ਅਮਰਜੀਤ ਸਿੰਘ ਦਾਮਾਦ, ਕਰਨਬੀਰ ਸਿੰਘ ਪੋਤਰਾ, ਬੀਬੀ ਅਮਨਦੀਪ ਕੌਰ (ਪੋਤ-ਨੂੰਹ), ਬੀਬੀ ਅਨੂਪ ਕੌਰ ਨੂੰਹ, ਬੀਬੀ ਦਰਸ਼ਨ ਕੌਰ ਨੂੰਹ, ਬੀਬੀ ਪਰਮਿੰਦਰ ਕੌਰ ਨੂੰਹ, ਰਘਬੀਰ ਸਿੰਘ ਮੰਡ ਮੈਨੇਜਰ (ਲੰਗਰ ਸ੍ਰੀ ਗੁਰੂ ਰਾਮਦਾਸ) ਤੇ ਜਸਬੀਰ ਸਿੰਘ ਘੁੰਮਣ, ਨਿਰਮਲ ਸਿੰਘ ਸਰਪੰਚ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਗਏ।ਇਸ ਮੌਕੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਦਲਬੀਰ ਸਿੰਘ, ਅਮਰਜੀਤ ਸਿੰਘ ਸੇਖਵਾਂ, ਸਤਨਾਮ ਸਿੰਘ ਮਾਂਗਾਸਰਾਏ ਐਡੀ: ਮੈਨੇਜਰ, ਇਕਬਾਲ ਸਿੰਘ ਮੁਖੀ ਕਿਉਰੇਟਰ ਤੇ ਵਧੀਕ ਮੈਨੇਜਰ, ਗੁਰਿੰਦਰਪਾਲ ਸਿੰਘ ਚਿੱਤਰਕਾਰ ਤੇ ਸ੍ਰੀ ਦਰਬਾਰ ਸਾਹਿਬ ਦਾ ਸਟਾਫ ਹਾਜ਼ਰ ਸੀ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media