ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਡਿਪਟੀ ਕਮਿਸ਼ਨਰ ਬਠਿੰਡਾ ਘਣਸ਼ਿਆਮ ਥੋਰੀ ਨੇ ਕਿਹਾ ਕਿ 31 ਜਨਵਰੀ 2017 ਨੂੰ ਮੌੜ ਵਿਖੇ ਹੋਏ ਬੰਬ ਧਮਾਕੇ ’ਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਨੂੰ 36.50 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਥੋਰੀ ਨੇ ਕਿਹਾ ਕਿ ਇਸ ਹਾਦਸੇ ’ਚ 6 ਲੋਕਾਂ ਦੀ ਜਾਨ ਗਈ, 3 ਦੀ ਹਾਲਤ ਨਾਜ਼ੁਕ ਹੈ, 1 ਜ਼ਖਮੀ ਦੇ 40 ਪ੍ਰਤੀਸ਼ਤ ਜ਼ਖਮ ਹਨ ਅਤੇ ਬਾਕੀ ਦੇ 10 ਨੂੰ ਇਲਾਜ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ’ਚ ਮਾਰੇ ਗਏ ਅਸ਼ੋਕ ਕੁਮਾਰ, ਬਰਖਾ ਰਾਣੀ, ਹਰਪਾਲ ਪਾਲੀ, ਸੌਰਵ ਸਿੰਗਲਾ, ਰਿਪਨਦੀਪ ਸਿੰਘ ਅਤੇ ਜਪਸਿਮਰਨ ਸਿੰਘ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਪ੍ਰਤੀ ਵਿਅਕਤੀ ਦਿੱਤਾ ਜਾਵੇਗਾ।ਇਸੇ ਤਰ੍ਹਾਂ ਹਾਦਸੇ ਵਿਚ ਜ਼ਖਮੀ ਹੋਏ ਜਸਕਰਨ ਸਿੰਘ, ਅਮਰੀਕ ਸਿੰਘ, ਅੰਕੁਸ਼, ਰੌਕੀ ਗਰਗ, ਦਰਸ਼ਨ ਸਿੰਘ, ਰਾਜੀਵ, ਮਨੀ ਮਿੱਤਲ, ਡੀ ਰਾਮ ਬਾਬੂ, ਹਿਮਾਂਸ਼ੂ, ਰਾਹੁਲ ਅਤੇ ਲਖਰਾਜ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਪ੍ਰਤੀ ਵਿਅਕਤੀ ਦਿੱਤਾ ਜਾ ਰਿਹਾ ਹੈ। ਥੋਰੀ ਨੇ ਦੱਸਿਆ ਕਿ ਸਾਰੇ ਹੀ ਪੀੜ੍ਹਤ ਗਰੀਬ ਪਰਿਵਾਰਾਂ ’ਚੋਂ ਹਨ ਇਸ ਕਰਕੇ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਇਨ੍ਹਾਂ ਨੂੰ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ। ਭਾਰਤ ਚੋਣ ਕਮਿਸ਼ਨ ਵਲੋਂ ਮਨਜ਼ੂਰੀ ਲੈਣ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਇਹ ਰਾਸ਼ੀ ਦਫ਼ਤਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤੀ ਗਈ ਹੈ ਅਤੇ ਹੁਣ ਇਸ ਨੂੰ ਦਫ਼ਤਰ ਉਪਮੰਡਲ ਮੈਜਿਸਟ੍ਰੇਟ ਮੌੜ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਇਹ ਰਾਸ਼ੀ ਸਰਕਾਰੀ ਅਫ਼ਸਰਾਂ ਦੁਆਰਾ ਦਿੱਤੀ ਜਾਵੇਗੀ ਅਤੇ ਇਸ ਪ੍ਰਕਿਰਿਆ ’ਚ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media