
ਫਾਜਿਲਕਾ 17 ਜੂਨ (ਵਿਨੀਤ ਅਰੋੜਾ) – ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਅਤੇ ਸਾਰੇ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ ਵਿਚ ਪੁਰਾ ਕੀਤਾ ਜਾਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਜਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ਮੀਟਿੰਗ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ, ਵਿਕਾਸ ਕਾਰਜਾਂ ਅਤੇ ਸੇਵਾਵਾਂ ਦਾ ਲਾਭ ਹੇਠਲੇ ਪੱਧਰ ਤੇ ਪਹੁੰਚਣਾ ਚਾਹੀਦਾ ਹੈ ਤਾਂ ਜੋ ਇਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ । ਇਸ ਮੌਕੇ ਉਨ੍ਹਾਂ ਬਾਰਡਰ ਏਰੀਆਂ ਵਿਕਾਸ ਪ੍ਰਾਜੈਕਟ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾਂ, ਸਵਰਨ ਜਯੰਤੀ ਗ੍ਰਾਮ ਯੋਜਨਾ, ਇੰਦਰਾ ਅਵਾਸ ਯੋਜਨਾ ਸਮੇਤ ਵੱਖ ਵੱਖ ਯੋਜਨਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਸੜਕਾਂ,ਮੰਡੀਆਂ, ਸੜਕਾਂ ਦੀ ਸਪੈਸ਼ਲ ਰਿਪੇਅਰ, ਪਿੰਡਾਂ ਵਿਚ ਸੋ ਪ੍ਰਤੀਸ਼ਤ ਸੀ.ਸੀ. ਫਲੋਰਿੰਗ ਦੇ ਨਿਰਮਾਣ ਕਾਰਜਾਂ, ਫਾਜਿਲਕਾ ਵਿਖੇ ਬਣ ਰਹੇ ਆਡੀਟੋਰੀਅਮ ਦੀ ਉਸਾਰੀ, ਜਨ ਸਿਹਤ, ਸੀਵਰੇਜ, ਆਰ.ਓ.ਪਲਾਂਟ, ਨਬਾਰਡ ਦੇ ਪ੍ਰਾਜੈਕਟਾਂ, ਸ਼ਗਨ ਸਕੀਮ, ਪੈਨਸ਼ਨ ਸਕੀਮਾਂ ਆਦਿ ਦਾ ਵੀ ਜਾਇਜ਼ਾ ਲਿਆ। ਛੋਟੀਆਂ ਬੱਚਤਾਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ 37 ਕਰੋੜ ਰੁਪਏ ਇਕੱਠੇ ਕਰਕੇ ਸਰਕਾਰੀ ਖਾਤੇ ਵਿਚ ਜਮਾਂ ਕਰਵਾਏ ਗਏ। ਉਨ੍ਹਾਂ ਆਤਮਾ ਸਕੀਮ ਬਾਰੇ ਵੀ ਵਿਸਥਾਰ ਸਾਹਿਤ ਜਾਣਕਾਰੀ ਹਾਸਲ ਕੀਤੀ। ਮੱਛੀ ਪਾਲਣ ਵਿਭਾਗ ਵੱਲੋਂ ਪਿਛਲੇ ਸਾਲ 100 ਹੈਕਟੇਅਰ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ ਅਤੇ ਜ਼ਿਲ੍ਹੇ ਅੰਦਰ 289 ਹੈਕਟੇਅਰ ਰਕਬਾ ਮੱਛੀ ਪਾਲਣ ਅਧੀਨ ਹੈ। ਉਨ੍ਹਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਪੰਚਾਇਤਾਂ ਦੇ ਟਿਊਬਵਲ ਕੁਨੈਕਸ਼ਨ ਪਹਿਲ ਦੇ ਅਧਾਰ ਤੇ ਜਾਰੀ ਕਰਨ ਦੇ ਆਦੇਸ਼ ਦਿੱਤੇ।ਉਨ੍ਹਾਂ ਸਮੂੰਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮਾਂ ਕਰਵਾਏ ਜਾਣ ਅਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਉਨ੍ਹਾਂ ਨੂੰ ਲਗਾਤਾਰ ਭੇਜੀ ਜਾਵੇ।
ਜਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੜ੍ਹਕੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਸੜਕ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕੱਟੇ ਜਾਣ। ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਫਾਜਿਲਕਾ,ਅਬੋਹਰ ਅਤੇ ਜਲਾਲਾਬਾਦ ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ ਸਬੰਧੀ ਫੌਰੀ ਕਦਮ ਚੁੱਕੇ ਜਾਣ ਅਤੇ ਪਾਰਕਿੰਗ ਲਈ ਥਾਂਵਾਂ ਨਿਸ਼ਚਿਤ ਕੀਤੀਆਂ ਜਾਣ। ਉਨ੍ਹਾਂ ਜਿਲ੍ਹਾ ਟਰਾਂਸਪੋਰਟ ਅਫਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਟ੍ਰੈਫ਼ਿਕ ਸਬੰਧੀ ਸੈਮੀਨਾਰ ਕਰਵਾਏ ਜਾਣ । ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਕਿਹਾ ਕਿ ਟਰੱਕ ਯੂਨੀਅਨਾਂ ਵਿੱਚ ਅੱਖਾਂ ਦਾ ਅਤੇ ਮੈਡੀਕਲ ਚੈਕਅੱਪ ਕੈਂਪ ਲਗਵਾਏ ਜਾਣ । ਉਨ੍ਹਾਂ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਨੂੰ ਕਿਹਾ ਕਿ ਨੈਸ਼ਨਲ ਹਾਈਵੇ ਤੇ ਮਿਥੀ ਸਪੀਡ ਦੇ ਬੋਰਡ ਲਗਾਉਣ ਨੂੰ ਯਕੀਨੀ ਬਣਾਇਆ ਜਾਵੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਮਰਸ਼ੀਅਲ ਗੱਡੀਆਂ ਵਿੱਚ ਸਪੀਡ ਗਵਰਨਰ ਲਗਾਉਣ ਸਬੰਧੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਮਰਸ਼ੀਅਲ ਵਾਹਣਾਂ ਪਿੱਛੇ ਰਿਫਲੈਕਟਰ ਲਗਾਉਣ ਸਬੰਧੀ ਕਾਰਵਾਈ ਕੀਤੀ ਜਾਵੇ ਅਤੇ ਸਪੀਡ ਨਿਸ਼ਚਤ ਕਰਨ ਲਈ ਸਪੀਡ ਬਰੇਕਰ ਲਗਾਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਨੈਸ਼ਨਲ ਹਾਈਵੇ, ਰਾਜ ਮਾਰਗਾਂ ਅਤੇ ਸ਼ਹਿਰਾਂ ਦੇ ਬਜ਼ਾਰਾਂ ਵਿਚੋਂ ਨਜਾਇਜ ਕਬਜ਼ੇ ਹਟਾਏ ਜਾਣ ਤਾਂ ਜੋ ਟ੍ਰੈਫ਼ਿਕ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਅਮਿਤ ਕੁਮਾਰ, ਸ.ਪਰਮਜੀਤ ਸਿੰਘ ਐਸ.ਡੀ.ਐਮ ਜਲਾਲਾਬਾਦ, ਸ੍ਰੀ ਰਾਜ ਪਾਲ ਐਸ.ਡੀ.ਐਮ. ਅਬੋਹਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਰਾਕੇਸ਼ ਕੁਮਾਰ, ਸ੍ਰੀ ਸ਼ਿਵ ਕੁਮਾਰ ਮੰਗਲ ਕਾਰਜਕਾਰੀ ਇੰਜੀਨੀਅਰ ਪੰਚਾਇਤ ਰਾਜ, ਸ੍ਰੀ ਬਲਦੇਵ ਰਾਜ ਸਿਵਲ ਸਰਜਨ, ਸ.ਗੁਰਚਰਨ ਸਿੰਘ ਸੰਧੂ ਜਿਲ੍ਹਾ ਟਰਾਂਸਪੋਰਟ ਅਫਸਰ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media