ਨਿਰੋਲ ਗੁਰਮਤਿ ਵਿਦਿਆ ਦੇ ਸਾਧਨਾਂ ਦੀ ਵੱਡੇ ਪੱਧਰ ਤੇ ਕਰੇ ਸ਼ੁਰੂਆਤ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਦੇ ਅਮੀਰ ਇਤਿਹਾਸ ਨੂੰ ਹਮੇਸ਼ਾਂ ਜਾਗਰਤ ਰੱਖਣ ਲਈ ਸ਼੍ਰੌਮਣੀ ਕਮੇਟੀ ਛੋਟੀ ਸਿੱਖ ਪਨੀਰੀ ਵੱਲ ਵਿਸ਼ੇਸ਼ ਧਿਆਨ ਦੇਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਸ੍ਰ. ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਜਥੇਬੰਦੀ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾਂ ਸ਼ੱਕ ਸਿੱਖੀ ਦੇ ਪ੍ਰਚਾਰ ਲਈ ਕੰਮ ਕਰਦੀ ਆ ਰਹੀ ਹੈ ਪਰ ਹੁਣ ਵੱਡੇ ਪੱਧਰ ਤੇ ਯਤਨ ਕਰਨ ਦੀ ਖਾਸ ਲੋੜ ਹੈ। ਸ਼੍ਰੋਮਣੀ ਕਮੇਟੀ ਉੱਚ ਦਰਜੇ ਦੀਆਂ ਸਰਾਵਾਂ, ਹਸਪਤਾਲਾਂ ਦੀ ਗਿਣਤੀ ਤਾਂ ਲਗਾਤਾਰ ਵਧਾ ਰਹੀ ਹੈ ਪਰ ਨਿਰੋਲ ਗੁਰਮਤਿ ਵਿਦਿਆ ਦੇ ਢਾਂਚੇ ਨੂੰ ਵਿਸ਼ਵ ਪੱਧਰੀ ਸਥਾਪਤ ਕਰਨ ਦੀ ਅਜੇ ਕਾਫੀ ਪਿੱਛੇ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸੰਗਤਾਂ ਦੀ ਸਹੂਲਤਾਂ ਨੂੰ ਮੁੱਖ ਰੱਖ ਕੇ ਹਸਪਤਾਲ ਜਾਂ ਸਰਾਵਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਪਰ ਕਿਤੇ ਅਸੀਂ ਇਥੋਂ ਤੱਕ ਹੀ ਸੀਮਤ ਨਾ ਰਹਿ ਜਾਈਏ ਕਿਉਂਕਿ ਛੋਟੀ ਸਿੱਖ ਪਨੀਰੀ ਨੂੰ ਗੁਰੂ ਸਾਹਿਬਾਨਾਂ ਦੇ ਇਤਿਹਾਸ ਅਤੇ ਉਹਨਾਂ ਵੱਲੋਂ ਦੱਸੇ ਮਾਰਗ ਪ੍ਰਤੀ ਦਿਲਚਸਪੀ ਪੈਦਾ ਕਰਨ ਦੀ ਬੇਹੱਦ ਲੋੜ ਹੈ ਕਿਉਂਕਿ ਅੱਜਕੱਲ੍ਹ ਵੇਖਣ ਨੂੰ ਮਿਲ ਰਿਹਾ ਹੈ ਕਿ ਸਿੱਖ ਬੱਚੇ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ ਅਤੇ ਜਿੰਨ੍ਹਾਂ ਨੇ ਯਾਦ ਰੱਖਿਆ ਹੈ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਗਿਣਤੀ ਦੇ ਵਾਧੇ ਲਈ ਸ਼੍ਰੌਮਣੀ ਕਮੇਟੀ ਵੱਲੋਂ ਵਿਸ਼ਵ ਪੱਧਰੀ ਸਕੂਲ, ਕਾਲਜ ਅਤੇ ਹੋਰ ਬਿਹਤਰ ਸੰਸਥਾਵਾਂ ਦਾ ਨਿਰਮਾਣ ਕੀਤਾ ਜਾਵੇ ਜਿਨ੍ਹਾਂ ਦਾ ਪ੍ਰਬੰਧ ਸਿੱਖ ਪੰਥ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਉਚ ਕੋਟੀ ਦੇ ਇਹਾਸਕਾਰਾਂ ਨੂੰ ਸੌਪਿਆਂ ਜਾਵੇ ਤਾਂ ਜੋ ਅਸੀਂ ਇਕ ਮਿਆਰੀ ਢਾਂਚਾ ਸਿੱਖ ਪਨੀਰੀ ਨੂੰ ਉਪਲੱਬਧ ਕਰਵਾ ਸਕੀਏ ਅਤੇ ਜਿਹੜੇ ਬੱਚੇ, ਬੱਚੀਆਂ, ਨੌਜੁਆਨ ਇਹਨਾਂ ਸੰਸਥਾਵਾਂ ਵਿੱਚ ਅਹਿਮ ਸਥਾਨ ਪ੍ਰਾਪਤ ਕਰਨ ਉਹਨਾਂ ਦੀ ਹੌਸਲਾ ਅਫਜਾਈ ਅਤੇ ਹੋਰ ਬੱਚਿਆਂ ਵਿੱਚ ਚੇਤਨਾ ਪੈਦਾ ਕਰਨ ਲਈ ਚੰਗੇ ਵੱਡੇ ਇਨਾਮ, ਸ਼੍ਰੌਮਣੀ ਕਮੇਟੀ ਵਿੱਚ ਚੰਗੀਆਂ ਨੌਕਰੀਆਂ ਅਤੇ ਹੋਰ ਯੋਗ ਸਾਧਨ ਮੁਹੱਈਆ ਕਰਵਾਏ ਜਾਣ ਜਿਸ ਨਾਲ ਸਿੱਖੀ ਦਾ ਛੋਟਾ ਬੂਟਾ ਇਕ ਵੱਡਾ ਰੁੱਖ ਬਣ ਕੇ ਸਥਾਪਿਤ ਹੋਵੇ ਕਿਉਂਕਿ ਜੇਕਰ ਅਸੀਂ ਕੈਂਪਾ ਰਾਂਹੀ ਹੀ ਪ੍ਰਚਾਰ ਨੂੰ ਅੱਗੇ ਵਧਾਉਣ ਦਾ ਸਾਧਨ ਮੰਨ ਨੇ ਚੱਲਾਂਗੇ ਤਾਂ ਇਹ ਇਕ ਪ੍ਰਚਾਰ ਦਾ ਛੋਟਾ ਹਿੱਸਾ ਹੋਵੇਗਾ ਪਰ ਸਾਨੂੰ ਹੁਣ ਵੱਡੇ ਸਾਧਨਾਂ ਦੀ ਖੋਜ ਕਰਨੀ ਹੋਵੇਗੀ। ਕੰਵਰਬੀਰ ਸਿੰਘ ਨੇ ਕਿਹਾ ਕਿ ਅੱਜਕਲ੍ਹ ਬੱਚਿਆਂ ਨੂੰ ਉਚ ਪੱਧਰੀ ਸਿੱਖਿਆ, ਡਿਗਰੀਆਂ ਨਾਲ ਲੈੱਸ ਤਾਂ ਕੀਤਾ ਜਾ ਰਿਹਾ ਹੈ, ਪਰ ਅਪਣੀਆਂ ਜੜ੍ਹਾ ਤੋਂ ਬੱਚੇ ਟੁੱਟਦੇ ਜਾ ਰਹੇ ਹਨ। ਬਹੁਤੇ ਸਿੱਖ ਬੱਚਿਆਂ ਨੂੰ ਮੂਲ ਮੰਤਰ, ਦਸ ਗੁਰੂ ਸਾਹਿਬਾਨਾਂ, ਪੰਜ ਪਿਆਰਿਆਂ, ਚਾਰ ਸਾਹਿਬਜਾਦਿਆਂ ਤੱਕ ਦੇ ਨਾਮ ਨਹੀਂ ਯਾਦ ਜੋ ਆਣ ਵਾਲੇ ਸਮੇਂ ਲਈ ਬਹੁਤ ਹੀ ਮੰਦਭਾਗਾ ਹੈ। ਇਸ ਕਰਕੇ ਸ਼੍ਰੌਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਜਿਸ ਵਿੱਚ ਸਾਧਨਾਂ ਦੀ ਵੀ ਕੋਈ ਘਾਟ ਨਹੀਂ, ਇਸ ਲਈ ਆਪਣੀ ਸਿੱਖ ਪਨੀਰੀ ਨੂੰ ਅਗਲੇ ਸਮੇਂ ਵਿੱਚ ਮਜ਼ਬੂਤ ਕਰਨ ਲਈ ਸ਼੍ਰੋਮਣੀ ਕਮੇਟੀ ਖਾਸ ਕਦਮ ਚੁੱਕੇ ਨਹੀਂ ਤਾਂ ਸਮਾਂ ਹੱਥੋਂ ਨਿਕਲ ਜਾਵੇਗਾ ਤੇ ਪਛਤਾਵੇ ਤੋਂ ਇਲਾਵਾ ਸਾਡੇ ਹੱਥ ਕੁੱਝ ਨਹੀਂ ਆਵੇਗਾ। ਇਸ ਮੌਕੇ ਬਾਬਾ ਗੁਰਚਰਨ ਸਿੰਘ ਤੇ ਜਗਮੋਹਨ ਸਿੰਘ ਸ਼ਾਂਤ ਵੀ ਨਾਲ ਹਾਜ਼ਰ ਸਨ।
Punjab Post Daily Online Newspaper & Print Media