Friday, April 24, 2026

ਸ਼੍ਰੋਮਣੀ ਕਮੇਟੀ 21, 22 ਮਾਰਚ ਨੂੰ ਕਰਵਾਏਗੀ ਖ਼ਾਲਸਾਈ ਸੱਭਿਆਚਾਰਕ ਉਤਸਵ ਪ੍ਰੋ. ਬਡੂੰਗਰ

PPN2002201729ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚੇਰੀ ਵਿਦਿਆ ਨਾਲ ਸਬੰਧਤ ਅਦਾਰਿਆਂ ਦੇ ਵਿਦਿਆਰਥੀਆਂ ਦਾ 21, 22 ਮਾਰਚ 2017 ਨੂੰ ਖਾਲਸਾ ਕਾਲਜ, ਗੜ੍ਹਦੀਵਾਲਾ (ਹੁਸ਼ਿਆਰਪੁਰ) ਵਿਖੇ ਖ਼ਾਲਸਾਈ ਸੱਭਿਆਚਾਰਕ ਉਤਸਵ ਕਰਵਾਇਆ ਜਾਵੇਗਾ। ਇਸ ਉਤਸਵ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀਆਂ ਉਚੇਰੀ ਵਿਦਿਆ ਦੀਆਂ ਸੰਸਥਾਵਾਂ ਦੇ 1000 ਤੋਂ ਵਧੇਰੇ ਵਿਦਿਆਰਥੀ ਹਿੱਸਾ ਲੈਣਗੇ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਇਹ ਵੱਡੀ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਗੌਰਵਮਈ ਇਤਿਹਾਸ ਅਤੇ ਸਿੱਖ ਸੱਭਿਆਚਾਰ ਨਾਲ ਜੋੜੀਏ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਨੋਰਥ ਨੌਜਵਾਨ ਵਿਦਿਆਰਥੀਆਂ ਵਿਚ ਆਪਣੀਆਂ ਮਹਾਨ ਪ੍ਰੰਪਰਾਵਾਂ, ਅਮੀਰ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਪ੍ਰਤੀ ਚੇਤੰਨਤਾ ਅਤੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਉਤਸਵ ਦੌਰਾਨ ਵਾਰ ਗਾਇਨ, ਕਵੀਸ਼ਰੀ ਗਾਇਨ, ਧਾਰਮਿਕ ਕਲੀ, ਧਾਰਮਿਕ ਗੀਤ, ਧਾਰਮਿਕ ਕਵਿਤਾ, ਗਰੁੱਪ ਸ਼ਬਦ, ਤਬਲਾ ਵਾਦਨ, ਤੰਤੀ ਸਾਜ ਵਾਦਨ, ਕੋਮਲ ਕਲਾਵਾਂ, ਦਸਤਾਰ ਅਤੇ ਦੁਮਾਲਾ ਸਜਾਉਣ, ਸ਼ੁੱਧ ਗੁਰਬਾਣੀ ਉਚਾਰਨ, ਗੁਰਬਾਣੀ ਕੰਠ, ਧਾਰਮਿਕ/ਇਤਿਹਾਸਕ ਨਾਟਕ, ਨਿਬੰਧ ਲੇਖਣ, ਸਲੋਗਨ ਲੇਖਣ ਅਤੇ ਧਾਰਮਿਕ ਕੁਇੱਜ਼ ਦੇ ਮੁਕਾਬਲੇ ਕਰਵਾਏ ਜਾਣਗੇ। ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਵਚਨਬੱਧ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉੱਭਾ ਅਨੁਸਾਰ ਖ਼ਾਲਸਾਈ ਸੱਭਿਆਚਾਰਕ ਉਤਸਵ ਦੀ ਰੂਪ-ਰੇਖਾ ਅਤੇ ਵਿਉਂਤਬੰਦੀ ਲਈ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਬੀਤੇ ਦਿਨੀਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਵਿਚ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਡਾ. ਕਸ਼ਮੀਰ ਸਿੰਘ, ਡਾ. ਸਤਵਿੰਦਰ ਸਿੰਘ ਢਿੱਲੋਂ, ਮੇਜਰ ਜਨਰਲ ਗੁਰਚਰਨ ਸਿੰਘ ਲਾਂਬਾ, ਡਾ. ਜਤਿੰਦਰ ਸਿੰਘ ਸਿੱਧੂ, ਡਾ. ਹਰਬੰਸ ਕੌਰ, ਡਾ. ਰਮਨਜੀਤ ਕੌਰ ਅਤੇ ਪ੍ਰੋ. ਪ੍ਰਭਜੀਤ ਸਿੰਘ ਸ਼ਾਮਲ ਹੋਏ। ਡਾ. ਉੱਭਾ ਨੇ ਦੱਸਿਆ ਕਿ ਸਮਾਗਮ ਵਿਚ ਭਾਗ ਲੈਣ ਲਈ ਵਿਦਿਆਰਥੀ ਭਾਰੀ ਉਤਸ਼ਾਹਿਤ ਹਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply