Tuesday, June 9, 2026

ਪਰਮਜੀਤ ਸਰਨਾ ਦੀ ਹਾਜਰੀ `ਚ ਸਟੇਜ ਸਕੱਤਰ ਨੇ ਬਾਲਟੀ `ਤੇ ਮੋਹਰ ਲਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਹਰ ਚੋਣ ਇਕ ਵੱਡਾ ਦੰਗਲ ਹੁੰਦੀ ਹੈ ਜਿਸ ਵਿਚ ਕੁੱਝ ਨਾ ਕੁੱਝ ਅਨੌਖਾ, ਅਜੀਬ ਜਾਂ ਆਮ ਨਾਲੋਂ ਕੋਈ ਵੱਖਰੀ ਘਟਨਾ ਵਾਪਰ ਜਾਂਦੀ ਹੈ ਜੋ ਹੋਲੀ-ਹੋਲੀ ਦੰਦ ਕਥਾ, ਅਖਾਣ ਜਾਂ ਮਹਾਵਰੇ ਦਾ ਰੂਪ ਧਾਰਨ ਕਰ ਲੈਂਦੀ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੱਲ ਰਹੀ ਚੋਣ ਮੌਕੇ ਇਕ ਅਜਿਹੀ ਘਟਨਾ ਵਾਪਰੀ ਜੋ ਸੋਸ਼ਲ ਮੀਡੀਏ ਅਤੇ ਦਿੱਲੀ ਦੀਆਂ ਸੰਗਤਾਂ `ਚ ਵੱਡਾ ਚਰਚਾ ਦਾ ਮੁੱਦਾ ਬਣ ਗਈ ਹੈ। ਇਹ ਅਨੌਖੀ ਘਟਨਾ ਵਾਰਡ ਨੰ: 9 ਪੰਜਾਬੀ ਬਾਗ ਤੋਂ ਚੋਣ ਲੜ ਰਹੇ ਪਰਮਜੀਤ ਸਿੰਘ ਸਰਨਾ ਦੀ ਹਾਜਰੀ `ਚ ਉਸ ਮੌਕੇ ਵਾਪਰੀ ਜਦੋਂ ਇਕ ਚੋਣ ਸਭਾ ਵਿਚ ਸਟੇਜ ਸਕੱਤਰ ਨੇ ਇਕੱਤਰ ਹੋਈਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਲਟੀ ਉਤੇ ਮੋਹਰ ਲਾ ਕੇ ਆਪਣੇ ਹਰਮਨ ਪਿਆਰੇ ਉਮੀਦਵਾਰ ਨੂੰ ਵੱਡੀ ਪੱਧਰ ਉਤੇ ਸਫ਼ਲ ਬਣਾਉਣ ਕਿਉਂਕਿ ਬਾਲਟੀ ਚੋਣ ਨਿਸ਼ਾਨ ਮਨਜਿੰਦਰ ਸਿੰਘ ਸਿਰਸਾ ਦਾ ਹੈ। ਸਟੇਜ ਉਤੇ ਹਾਜਰ ਕੁੱਝ ਵਿਅਕਤੀਆਂ ਨੇ ਸਟੇਜ ਸਕੱਤਰ ਵੱਲੋਂ ਕੀਤੀ ਅਪੀਲ ਅਤੇ ਬਾਲਟੀ ਦੇ ਹੱਕ ਵਿਚ ਤੁਰੰਤ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਣੇ ਆਰੰਭ ਕਰ ਦਿੱਤੇ ਜੋ 5 ਮਿੰਟ ਤੱਕ ਗੂੰਜਦੇ ਰਹੇ ਪਰ ਇਸ ਵਾਪਰੀ ਅਨੌਖੀ ਘਟਨਾ ਅਤੇ ਸਟੇਜ ਸਕੱਤਰ ਦੀ ਗਲਤੀ ਨੂੰ ਲੈ ਕੇ ਮੌਕੇ `ਤੇ ਹਾਜਰ ਸਿੱਖ ਸੰਗਤਾਂ ਵਿਚ ਹਾਸਾ ਮੱਚਦਾ ਰਿਹਾ। Sirsa Manjinder
ਵਾਪਰੀ ਘਟਨਾ ਨੂੰ ਲੈ ਕੇ ਮੌਕੇ ਸਟੇਜ ਉਤੇ ਹਾਜਰ ਸਰਨਾ ਭਰਾਵਾਂ ਵੱਲੋਂ ਆਪਣੀਆਂ ਧੌਣਾਂ ਨੀਵੀਆਂ ਕਰਕੇ ਮਿੰਨਾ-ਮਿੰਨਾ ਹੱਸਿਆ ਵੀ ਜਾਂਦਾ ਰਿਹਾ, ਪਰ ਚਿਹਰੇ ਉਤੇ ਉਭਰਦੀਆਂ ਪਰੇਸ਼ਾਨੀ ਦੀਆਂ ਲਕੀਰਾਂ ਇਹ ਸੰਕੇਤ ਦਿੰਦੀਆਂ ਰਹੀਆਂ ਕਿ ਉਨ੍ਹਾਂ ਨੂੰ ਆਪਣੀ ਚੋਣ ਵਿਚ ਮਿਲਣ ਵਾਲੀ ਹਾਰ ਦਾ ਪਹਿਲਾਂ ਹੀ ਅਹਿਸਾਸ ਹੋਣਾ ਆਰੰਭ ਹੋ ਗਿਆ ਹੈ।ਇਹ ਅਨੌਖੀ ਘਟਨਾ 20 ਫਰਵਰੀ ਦੀ ਰਾਤ ਨੂੰ 9:30 ਵਜੇ ਲਾਲ ਕੁਆਟਰਾਂ `ਚ ਉਸ ਮੌਕੇ ਵਾਪਰੀ ਜਦੋਂ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਆਪਣੀ ਚੋਣ ਮੁਹਿੰਮ ਲਈ ਸੜਕ ਕਿਨਾਰੇ ਇਕ ਪਬਲਿਕ ਮੀਟਿੰਗ ਕਰ ਰਹੇ ਸਨ। ਸਰਨਾ ਭਰਾਵਾਂ ਦੀ ਹਾਜਰੀ `ਚ ਚੋਣ ਸਭਾ ਅੰਦਰ ਸਟੇਜ ਸਕੱਤਰ ਵਲੋਂ ਬਾਲਟੀ ਉਤੇ ਮੋਹਰਾਂ ਲਾਉਣ ਦੀ ਕੀਤੀ ਅਪੀਲ ਦੀ ਘਟਨਾ ਦਾ ਮਾਨਸਿਕ ਅਸਰ ਮੌਕੇ ਉਤੇ ਹਾਜਰ ਸੰਗਤਾਂ ਅੰਦਰ ਵੇਖਣ ਨੂੰ ਮਿਲਿਆ।
ਇਸ ਸਾਰੀ ਅਨੌਖੀ ਘਟਨਾ ਦੀ ਹਾਜਰ ਬਹੁਗਿਣਤੀ ਨੌਜਵਾਨਾਂ ਨੇ ਆਪਣੇ ਮੋਬਾਇਲਾਂ ਰਾਹੀਂ ਵੀਡੀਓ ਰਿਕਾਡਿੰਗ ਕੀਤੀ ਹੈ।ਸਟੇਜ ਸਕੱਤਰ ਅਤੇ ਜੈਕਾਰੇ ਛੱਡਣ ਵਾਲੇ ਉਸ ਦੇ ਸਾਥੀਆਂ ਨੂੰ ਜਦੋਂ ਆਪਣੀ ਗਲਤੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਟੇਜ ਤੋਂ ਬਾਰ-ਬਾਰ ਮੁਆਫੀ ਵੀ ਮੰਗੀ, ਪਰ ਜੁਬਾਨ ਵਾਲਾ ਤੀਰ ਚੋਣ ਭੱਥੇ ਵਿਚੋਂ ਨਿਕਲ ਚੁਕਿਆ ਸੀ ਜੋ ਸੋਸ਼ਲ ਮੀਡੀਏ ਰਾਹੀਂ ਪਲਾਂ ਵਿਚ ਦਿੱਲੀ ਦੀਆਂ ਸੰਗਤਾਂ ਕੋਲ ਪਹੁੰਚ ਗਿਆ।ਦਿੱਲੀ ਕਮੇਟੀ ਦੀ ਚੋਣ ਅੰਦਰ ਸਰਨਾ ਭਰਾਵਾਂ ਦੀ ਹਾਜਰੀ ਵਿਚ ਕੀਤੀ ਗਈ ਚੋਣ ਸਭਾ ਅੰਦਰ ਬਾਲਟੀ ਉਤੇ ਮੋਹਰਾਂ ਲਾ ਕੇ ਮਨਜਿੰਦਰ ਸਿੰਘ ਸਿਰਸਾ ਨੂੰ ਜਿਤਾਉਣ ਦੀ ਕੀਤੀ ਅਪੀਲ ਦਾ ਮੁੱਦਾ ਸਭ ਤੋਂ ਵੱਧ ਚਰਚਿਤ ਅਤੇ ਸਰਨਾ ਭਰਾਵਾਂ ਦੇ ਗਲੇ ਦੀ ਹੱਡੀ ਦਾ ਮੁੱਦਾ ਬਣ ਗਿਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply