ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ) – ਨਵੇਂ ਤੇ ਪੁਰਾਣੇ ਜੀ.ਐਨ.ਡੀ.ਯੂ ਵਿਦਿਆਰਥੀਆਂ ਦੇ ਅੰਦਰ ਛੁੱਪੀ ਪ੍ਰਤਿਭਾ ਨੂੰ ਉਭਾਰਨ ਦੇ ਲਈ ਜੀ.ਐਨ.ਡੀ.ਯੂ ਦਾ ਸਲਾਨਾ ਜਸ਼ਨ 2017 ਸੱਭਿਆਚਾਰਕ ਤੇ ਲੋਕ ਕਲਾਵਾਂ ਭਰਪੂਰ ਰੰਗਾਰੰਗ ਪ੍ਰੋਗਰਾਮ 16 ਮਾਰਚ ਤੋਂ ਲੈ ਕੇ 19 ਮਾਰਚ ਤੱਕ ਆਯੋਜਿਤ ਹੋਵੇਗਾ।ਜੀ.ਐਨ.ਡੀ.ਯੂ ਦੇ ਦਸ਼ਮੇਸ਼ ਤੇ ਗੁਰੂ ਨਾਨਕ ਆਡੀਟੋਰੀਅਮ ਆਦਿ ਸਥਾਨਾ ਤੇ ਆਯੋਜਿਤ ਹੋਣ ਵਾਲੇ ਚਾਰ ਦਿਨ੍ਹਾਂ ਇੰਨ੍ਹਾਂ ਪ੍ਰੋਗਰਾਮਾਂ ਦੇ ਲਈ ਜਿੱਥੇ ਜੀ.ਐਨ.ਡੀ.ਯੂ. ਪ੍ਰਸ਼ਾਸ਼ਨ ਪੱਬਾ ਭਾਰ ਹੋਇਆ ਬੈਠਾ ਹੈ।ਉਥੇ ਇੰਨ੍ਹਾਂ ਅੰਤਰ ਵਿਭਾਗੀ ਪ੍ਰੋਗਰਾਮਾਂ ਤੇ ਮੁਕਾਬਲਿਆਂ ਨੂੰ ਲੈ ਕੇ ਜੀ.ਐਨ.ਡੀ.ਯੂ. ਵਿਦਿਆਰਥੀ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਅਭਿਆਸ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਦੌਰਾਨ ਲੋਕ ਕਲਾਵਾਂ, ਨਾਟਕ, ਸਕਿੱਟ, ਕੋਰਿਓਗ੍ਰਾਫੀ, ਸ਼ਬਦ, ਗੀਤ-ਸੰਗੀਤ, ਸਮੂੰਹ ਗੀਤ ਆਦਿ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੇ ਅਨਿਖੜ੍ਹਵੇ ਅੰਗ ਗਿੱਧੇ-ਭੰਗੜੇ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂਆਂ ਨੂੰ ਆਕਰਸ਼ਕ ਇਨਾਮਾਂ ਦੇ ਨਾਲ ਨਵਾਜਿਆ ਜਾਵੇਗਾ।ਇਸ ਸਬੰਧੀ ਜੀ.ਐਨ.ਡੀ.ਯੂ ਦੀਆਂ ਵੱਖ-ਵੱਖ ਨੁਕੜਾਂ ਦਾ ਦੌਰਾ ਕਰਨ ਤੋਂ ਬਾਅਦ ਇੱਕ ਗੱਲ ਸਾਫ ਤੌਰ `ਤੇ ਉਭਰ ਕੇ ਸਾਹਮਣੇ ਆਈ ਹੈ ਕਿ ਪ੍ਰਤੀਯੋਗਤਾ ਤੋਂ ਪਹਿਲਾਂ ਵਿਦਿਆਰਥੀ ਵਿਦਿਆਰਥਣਾਂ ਅਭਿਆਸੀ ਮੁਕਾਬਲੇਬਾਜੀ ਵਿੱਚ ਵੀ ਦਿਲਚਸਪੀ ਨਾਲ ਹਿੱਸਾ ਲੈਣ ਤੋਂ ਪਿਛਾਂਹ ਨਹੀਂ ਹੱਟ ਰਹੇ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਦਿਨ-ਰਾਤ ਕਰੜਾ ਅਭਿਆਸ ਕਰ ਰਹੇ ਹਨ। ਜਿਸ ਦੇ ਲਈ ਗਿੱਧੇ-ਭੰਗੜੇ ਦੇ ਅਭਿਆਸ ਆਪਣੀਆਂ ਸ਼ਿਖਰ ਸਰਗਰਮੀਆਂ ਤੇ ਹਨ।ਇਸ ਸਬੰਧੀ ਪਹਿਲੀ ਵਾਰ ਗਿੱਧਾ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਰਹੀਆਂ ਕਾਮਰਸ ਵਿਭਾਗ ਦੀ ਵਿਦਿਆਰਥਣਾਂ ਸੰਨਪ੍ਰੀਤ ਕੌਰ, ਮਨਜੋਤ ਕੌਰ, ਹਰਸਿਮਰਨ ਕੌਰ, ਨਵਕਿਰਨ ਕੌਰ, ਸਮਰਿਤੀ, ਮਹਿਕ ਘਈ, ਕੁਲਜੀਤ ਕੌਰ, ਪਾਯਲ, ਪਲਵਿੰਦਰ ਕੌਰ, ਕਰਨਦੀਪ ਕੌਰ ਤੇ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਅੰਦਰ ਇਸ ਪ੍ਰੋਗਰਾਮ ਨੂੰ ਲੈ ਕੇ ਕਾਫੀ ਉਤਸ਼ਾਹ ਤੇ ਚਾਅ ਹੈ।ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਬਹੁ-ਪੱਖੀ ਸ਼ਖਸ਼ੀਅਤ ਦੇ ਮਾਲਕ ਬਣਨ ਦਾ ਮੌਕਾ ਮਿਲਦਾ ਹੈ।ਉਨ੍ਹਾਂ ਕਿਹਾ ਕਿ ਉਹ ਗਿੱਧਾ ਅਭਿਆਸ ਦੇ ਨਾਲ-ਨਾਲ ਪੜ੍ਹਾਈ ਵੱਲ ਵੀ ਬਰਾਬਰ ਦੀ ਤਵੱਜੋ ਦੇ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜੀ.ਐਨ.ਡੀ.ਯੂ ਦਾ ਇਹ ਸਿਲਸਿਲਾ ਬਹੁਤ ਹੀ ਪ੍ਰਸ਼ੰਸਾ ਭਰਪੂਰ ਹੈ ਅਤੇ ਬੇਸ਼ੱਕ ਉਹ ਪਹਿਲੀ ਵਾਰ ਹਿੱਸਾ ਲੈ ਰਹੀਆਂ ਹਨ ਪਰ ਕਰੜੇ ਅਭਿਆਸ ਦੇ ਬਲਬੂਤੇ ਉਨ੍ਹਾਂ ਦਾ ਵਿਭਾਗ ਚੈਂਪੀਅਨ ਹੋ ਨਿਬੜਗੇ। ਦੱਸਣਯੋਗ ਕਿ ਜੀ.ਐਨ.ਡੀ.ਯੂ ਦੇ ਹਰੇ ਭਰੇ ਲਾਅਨ ਅਭਿਆਸੀ ਸਿਲਸਿਲੇ ਨਾਲ ਬਾਗੋਬਾਗ ਨਜ਼ਰ ਆਉਂਦੇ ਹਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media