Sunday, February 1, 2026

ਵਿਦਾਇਗੀ ਪਾਰਟੀਆਂ ਦਾ ਬਦਲਦਾ ਸਵਰੂਪ

ਵਿਜੇ ਗਰਗ
ਮਲੋਟ

ਵਿਦਿਅਕ ਅਦਾਰਿਆਂ ਵਿੱਚ ਜਦੋਂ ਸੀਨੀਅਰ ਕਲਾਸ ਆਪਣੀ ਪੜ੍ਹਾਈ ਜਾ ਕੋਰਸ ਪੂਰਾ ਕਰਕੇ ਜਾਂਦੀ ਹੈ ਤਾਂ ਜੂਨੀਅਰ ਕਲਾਸ ਵਲੋਂ ਜਾਣ ਵਾਲੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ।ਇਸ ਤਰਾਂ ਦੀ ਪ੍ਰੰਪਰਾ ਬਹੁਤ ਸਮੇ ਤੋਂ ਹੀ ਚਲੀ ਆ ਰਹੀ ਹੈ।ਸੀਨੀਅਰ ਵਿਦਿਆਰਥੀਆਂ ਦੀਆਂ ਯਾਦਾਂ ਉਸ ਸੰਸਥਾ ਨਾਲ ਜੁੜੀਆਂ ਹੁੰਦੀਆਂ ਹਨ।
ਚਾਹੇ ਆਪਣਾ ਮਕਸਦ ਪੂਰਾ ਕਰਕੇ ਉਸ ਸੰਸਥਾ ਨੂੰ ਛੱਡ ਕੇ ਜਾਣਾ ਉਹਨਾ ਲਈ ਲਾਜਮੀ ਹੁੰਦਾ ਹੈ, ਪਰ ਫਿਰ ਵੀ ਉਸ ਸੰਸਥਾਂ ਨਾਲ ਪੈਦਾ ਹੋਏ ਲਗਾਵ ਕਰਕੇ ਉਹਨਾ ਦਾ ਦਿਲ ਔਖਾ ਹੁੰਦਾ ਹੈ ਤੇ ਜਾਣ ਨੂੰ ਦਿਲ ਨਹੀ ਕਰਦਾ।ਜਿਸ ਤਰਾਂ ਧੀ ਦੀ ਡੋਲੀ ਤੋਰਣ ਵੇਲੇ ਧੀ ਅਤੇ ਮਾਪੇ ਖੁਸ਼ ਤੇ ਸੋਗਮਈ ਹੁੰਦੇ ਹਨ।ਇਹ ਵਿਦਾਇਗੀ ਵੀ ਇਸੇ ਤਰਾਂ ਦੀ ਹੁੰਦੀ ਹੈ।ਕਈ ਸੰਸਥਾਵਾਂ ਵਿੱਚ ਖਾਸਕਰ ਲੜਕੀਆਂ ਨੂੰ ਭਾਵੁਕ ਹੋ ਕੇ ਰੋਂਦੇ ਵੇਖਿਆ ਗਿਆ ਹੈ।ਜੂਨੀਅਰ ਵਿਦਿਆਰਥੀ ਹੀ ਆਪਣੇ ਸੀਨੀਅਰ ਵਿਦਿਆਰਥੀਆਂ ਦੇ ਸਨਮਾਨ ਵਜੋਂ ਅਜਿਹੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਕਰਦੇ ਹਨ।
ਸਮੇਂ ਦੇ ਨਾਲ ਨਾਲ ਇੰਨਾ ਵਿਦਾਇਗੀ ਪਾਰਟੀਆਂ ਦਾ ਸਵਰੂਪ ਬਦਲ ਰਿਹਾ ਹੈ।ਇਹ ਪਾਰਟੀਆਂ ਮਹਾਂ ਖਰਚੀਲੀਆਂ ਹੋਣ ਦੇ ਨਾਲ ਨਾਲ ਆਪਣੇ ਮਕਸਦ ਤੋਂ ਵੀ ਦੂਰ ਹੁੰਦੀਆਂ ਜਾ ਰਹੀਆਂ ਹਨ। ਮੈਨੁੰ ਯਾਦ ਸਾਡੀ ਦਸਵੀਂ ਦੀ ਵਿਦਾਇਗੀ ਪਾਰਟੀ ਸਮੇਂ ਇਕ ਕੇਲਾ ਅਤੇ ਬੇਸਨ ਦੀ ਬਰਫ਼ੀ ਦਾ ਇਕ ਪੀਸ ਦਿੱਤਾ ਸੀ ਤੇ ਅਸੀਂ ਸਾਰੀ ਕਲਾਸ ਨੇ ਮਿਲ ਕੇ ਲੋਹੇ ਦੀ ਅਲਮਾਰੀ ਸਕੂਲ ਨੂੰ ਦਿੱਤੀ ਸੀ।ਇਸੇ ਤਰਾਂ ਹੋਈ ਕਾਲਜ ਦੀ ਵਿਦਾਇਗੀ ਪਾਰਟੀ ਸਮਂੇ ਸਾਨੂੰ ਚਾਹ ਦੇ ਕੱਪ ਨਾਲ ਇੱਕ ਸਮੋਸਾ ਅਤੇ ਬਰਫੀ ਦਾ ਪੀਸ, ਗੁਲਾਬ ਜਾਮਨ ਦਿੱਤਾ ਸੀ।ਪਰ ਦੋਹਾਂ ਪਾਰਟੀਆਂ ਸਮੇ ਮਾਹੋਲ ਬਹੁਤ ਭਾਵੂਕ ਸੀ।ਤਕਰੀਬਨ ਸਾਰੇ ਹੀ ਅਧਿਆਪਕਾਂ ਵਲੋਂ ਸਾਨੂੰ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ।ਸਭਿਆਚਾਰਕ ਪ੍ਰੋਗਰਾਮ ਦਾ ਮਿਆਰ ਬਹੁਤ ਉੱਚਾ ਸੀ।ਕੋਈ ਫਾਲਤੂ ਦਿਖਾਵਾ ਜਾ ਫੁਕਰਪੁਣਾ ਨਹੀ ਸੀ।ਵਿਦਿਆਰਥੀਆਂ ਨੂੰ ਸਟੇਜ `ਤੇ ਆ ਕੇ ਆਪਣੇ ਤਜੱਰਬੇ ਅਤੇ ਹੋਰ ਯਾਦਗਾਰੀ ਗੱਲਾਂ ਸਾਂਝਾ ਕਰਨ ਦਾ ਮੋਕਾ ਦਿੱਤਾ ਜਾਂਦਾ ਸੀ।ਫਿਰ ਇਹ ਵਿਦਿਆਰਥੀ ਸੰਸਥਾ ਵਿਚਲੀਆਂ ਖੂਬੀਆਂ ਅਤੇ ਕਮੀਆਂ ਨੂੰ ਖੁੱਲ ਕੇ ਸਾਰਿਆਂ ਨਾਲ ਸਾਂਝੀਆਂ ਕਰਦੇ ਸਨ।ਉਹ ਆਪਣੇ ਆਧਿਆਪਕਾਂ ਬਾਰੇ ਆਪਣੇ ਨਿੱਜੀ ਵਿਚਾਰ ਵੀ ਬਿਆਨ ਕਰਦੇ ਸਨ।ਜਿਸ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਤੇ ਹਰ ਪੱਖ ਨੂੰ ਆਪਣੀਆਂ ਕਮੀਆਂ ਦਾ ਵੀ ਅਹਿਸਾਸ ਹੁੰਦਾ ਹੈ।ਵਿਦਾਈ ਦੇ ਮਾਹੋਲ ਨੂੰ ਖੁਸ਼ਨੁਮਾਂ ਬਨਾਉਣ ਲਈ ਕਈ ਵਾਰੀ ਕਲਾਕਾਰ ਬੱਚਿਆਂ ਵਲੋਂ ਟੀਚਰਾਂ ਦੀ ਮਿਮਕਰੀ ਵੀ ਕੀਤੀ ਜਾਂਦੀ ਹੈ।ਇਸ ਮੋਕੇ ਤੇ ਪਿਲਾਈ ਗਈ ਚਾਹ ਉਮਰਾਂ ਲਈ ਮਿਲਣ ਦੀ ਚਾਹ ਬਣ ਜਾਂਦੀ ਹੈ।
ਪਰ ਹੁਣ ਜਦੋਂ ਅਖਬਾਰਾਂ ਦੀਆਂ ਖਬਰਾਂ ਚ ਅਤੇ ਆਸ ਪਾਸ ਦੀਆਂ ਵਿਦਾਇਗੀ ਪਾਰਟੀਆਂ ਨੂੰ ਦੇਖਦੇ ਹਾਂ ਤੇ ਲੋਕਾਂ ਕੋਲੋ ਸੁਣਦੇ ਹਾਂ ਤਾਂ ਬਹੁਤ ਅਜੀਬ ਲੱਗਦਾ ਹੈ।ਬਹੁਤੀਆਂ ਪਾਰਟੀਆਂ ਡੀ.ਜੇ ਦੇ ਸ਼ੋਰ ਵਿੱਚ ਹੀ ਗੁੰਮ ਹੋ ਜਾਂਦੀਆਂ ਹਨ।ਪੱਛਮੀ ਸੱਭਿਅਤਾ ਦਾ ਨਾਚ ਅਤੇ ਸ਼ੋਰਗੁੱਲ ਇਹਨਾ ਵਿੱਚ ਸ਼ਾਮਿਲ ਹੁੰਦਾ ਹੈ।ਹੁਣ ਇਹ ਪਾਰਟੀਆਂ ਫੈਸ਼ਨ ਸ਼ੋਅ ਦਾ ਬਦਲਵਾਂ ਰੂਪ ਨਜ਼ਰ ਆਉਂਦੀਆਂ ਹਨ।ਨਵੇ ਸੂਟਾਂ ਅਤੇ ਵੰਨ ਸਵੰਨੀਆਂ ਪੁਸ਼ਾਕਾਂ ਪਹਿਣੀ ਵਿਦਿਆਰਥੀ ਅਤੇ ਵਿਦਿਆਰਥਣਾਂ ਕਿਸੇ ਵਿਆਹ ਵਿਚਲੇ ਮਹਿਮਾਨ ਨਜਰ ਆਉਂਦੇ ਹਨ।ਵਿਦਿਆਰਥੀ ਹੀ ਕਿਉਂ ਹੁਣ ਤਾਂ ਗੁਰੂ ਦਾ ਦਰਜਾ ਪ੍ਰਾਪਤ ਆਧਿਆਪਕ ਵਰਗ ਦਾ ਬਹੁਤਾ ਧਿਆਨ ਆਪਣੇ ਸੂਟਾਂ ਅਤੇ ਕਪੜਿਆਂ ਵਿੱਚ ਹੀ ਹੁੰਦਾ ਹੈ।ਕਈ ਵਾਰੀ ਤਾਂ ਇਹਨਾ ਪਾਰਟੀਆਂ ਦਾ ਪ੍ਰਬੰਧ ਸ਼ਹਿਰ ਦੇ ਕਿਸੇ ਨਾਮੀ ਹੋਟਲ ਜਾ ਕਿਸੇ ਮੈਰਿਜ ਪੈਲੇਸ ਵਿੱਚ ਕੀਤਾ ਜਾਂਦਾ ਹੈ।ਪਾਰਟੀ ਦਾ ਮੀਨੂ ਵੀ ਕਿਸੇ ਵਿਆਹ ਨਾਲੋਂ ਘੱਟ ਨਹੀ ਹੁੰਦਾ।ਵੱਖ-ਵੱਖ ਤਰਾਂ ਦੇ ਸਟਾਲ, ਕੋਲਡ ਅਤੇ ਹੌਟ ਡਰਿੰਕ ਲਾਜੀਜ਼ ਖਾਣੇ ਅਤੇ ਹੋਰ ਵਾਧੂ ਲਟਰਮ ਪਟਰਮ ਹੁੰਦਾ ਹੈ।ਕਈ ਵਾਰੀ ਤਾਂ ਇਹਨਾ ਪਾਰਟੀਆਂ ਵਿੱਚ ਨਸ਼ੇ ਦੀ ਵਰਤੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹੁੰਦੀ ਹੈ, ਜੋ ਸਮਾਜ ਦੇ ਪਤਨ ਦੀ ਨਿਸ਼ਾਨੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋ ਮਹਿੰਗੇ ਤੋਹਫਿਆਂ ਅਤੇ ਯਾਦਗਾਰੀ ਚਿੰਨਾਂ ਦਾ ਦੇਣ ਲੈਣ ਵੀ ਕੀਤਾ ਜਾਂਦਾ ਹੈ।ਇਹਨਾਂ ਸਾਰੇ ਪ੍ਰਬੰਧਾ ਦਾ ਖਰਚਾ ਮਾਪਿਆਂ ਦੇ ਸਿਰ ਹੀ ਪੈਂਦਾ ਹੈ। ਜੋ ਅੱਜਕਲ ਦੀ ਮਹਿੰਗੀ ਪੜ੍ਹਾਈ ਨੂੰ ਹੋਰ ਮਹਿੰਗਾ ਕਰਦਾ ਹੈ।
ਇਹਨਾ ਵਿਆਹ ਵਰਗੀਆਂ ਮਹਿੰਗੀਆਂ ਵਿਦਾਇਗੀ ਪਾਰਟੀਆਂ ਨੂੰ ਦੇਖ ਕੇ ਲੱਗਦਾ ਹੈ ਕਿ ਪਾਰਟੀਆਂ ਆਪਣੇ ਮਕਸਦ ਤੋ ਭਟਕ ਗਈਆਂ ਹਨ।ਵਿਦਾਇਗੀ ਪਾਰਟੀ ਦੀ ਸਾਦਗੀ ਵਾਲੀ ਪ੍ਰੰਪਰਾ ਨੂੰ ਕਾਇਮ ਰੱਖਿਆ ਜਾਣਾ ਲਾਜ਼ਮੀ ਹੈ ਤਾਂ ਕਿ ਇਹ ਵਿਦਾਇਗੀ ਪਾਰਟੀ ਆਪਣੇ ਉਦੇਸ਼ ਦੀ ਪੂਰਤੀ ਕਰ ਸਕੇ।ਵਿਦਾਇਗੀ ਪਾਰਟੀ ਦੇ ਨਾਮ `ਤੇ ਹੋ ਰਹੇ ਅੰਡਬਰਾਂ ਨੂੰ ਖਤਮ ਕਰਨਾ ਸਮੇ ਦੀ ਮੰਗ ਹੈ।

vijay-garg

ਵਿਜੇ ਗਰਗ
ਮਲੋਟ
ਮੋ-9465682110

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply