ਜਸਕਰਨ ਸਿੰਘ ਸਿਵੀਆਂ
ਬਠਿੰਡਾ
ਕਰਤਾ ਨੇ ਧਰਤੀ ਦੀ ਬਹੁਤ ਖੂਬਸੁਰਤ ਰਚਨਾ ਕੀਤੀ ਹੈ।ਜੀਵ ਜੰਤੂਆਂ ਦੀਆਂ ਲੱਖਾਂ ਜੂਨਾਂ ਇਸ ਰਚਨਾ ਦਾ ਹਿੱਸਾ ਹਨ। ਇਨ੍ਹਾਂ ਵਿੱਚੋਂ ਸਭ ਤੋਂ ਉਤੱਮ ਜੀਵਨ ਮਨੁੱਖ ਦਾ ਹੈ।ਮਨੁੱਖੀ ਜੀਵਨ ਤੋਂ ਬਾਅਦ ਹੀ ਮੁਕਤੀ ਮਿਲਦੀ ਹੈ। ਇਸ ਗੱਲ ਦੀ ਗਵਾਹੀ ਸਾਰੇ ਧਰਮ ਵੀ ਕਰਦੇ ਹਨ। ਪ੍ਰਮਾਤਮਾ ਨੇ ਕਿੰਨੇ ਹੁਸੀਨ ਤੰਦਾਂ ਵਿਚ ਜੜ੍ਹਿਆ ਹੈ ਮਨੁੱਖ ਨੂੰ। ਇਨ੍ਹਾਂ ਸੂਖਮ ਤੰਦਾਂ ਦਾ ਨਾਮ ਹੈ ਰਿਸ਼ਤੇ।ਕਾਦਰ ਦੀ ਰਜਾ ਵਿਚ ਰਹਿ ਕੇ ਹੀ ਇਨ੍ਹਾਂ ਰਿਸ਼ਤਿਆਂ ਦਾ ਅਨੰਦ ਮਾਣਿਆ ਜਾ ਸਕਦਾ ਹੈ। ਰਿਸ਼ਤੇ ਸਹੀ ਤਰੀਕੇ ਨਾਲ ਨਿਭਾਉਣ ਵਿਚ ਜਿੰਦਗੀ ਸੁਖਦਾਇਕ ਹੋ ਗੁਜ਼ਰਦੀ ਹੈ।ਮਨ ਹੌਲਾ ਹੌਲਾ ਬਿਨ੍ਹਾਂ ਕਿਸੇ ਬੋਝ ਦੇ ਉਡਾਰੀਆਂ ਲਾਉਂਦਾ ਹੈ।ਕੁਦਰਤ ਦੀ ਮੌਜ ਵਿਚ ਜਿੰਦਗੀ ਜਿਉਣ ਵਾਲੇ ਮਨੁੱਖ ਨੂੰ ਸਰੀਰਕ ਰੋਗ ਵੀ ਆਪਣੀ ਪਕੜ ਵਿਚ ਨਹੀ ਲੈਂਦੇ ਕਿਉਕਿ ਸਰੀਰਕ ਬਣਤਰ ਕੁਦਰਤ ਦੇ ਨਿਯਮਾਂ ਵਿਚ ਵਿਕਾਸ ਕਰਦੀ ਹੈ। ਉਮਰ ਦੇ ਹਿਸਾਬ ਨਾਲ ਸਰੀਰਕ ਅੰਗਾਂ ਦਾ ਵਾਧਾ, ਕੱਦ-ਕਾਠ, ਮਾਨਸਿਕ ਬੁੱਧੀ ਦਾ ਵਿਕਾਸ ਇੱਕ ਨਿਯਮ ਤਹਿਤ ਵਾਪਰਦੇ ਵਰਤਾਰੇ ਹਨ।ਸਰੀਰ ਅੰਦਰ ਪੈਦਾ ਕੀਤੇ ਸੈਲ ਬਿਮਾਰੀਆਂ ਦਾ ਟਾਕਰਾ ਕਰਦੇ ਹੋਏ ਮਨੁੱਖ ਨੂੰ ਅਰੋਗ ਰੱਖਦੇ ਹਨ ਕਿਉਕਿ ਇਹ ਸੈਲ ਕੁਦਰਤ ਦੀ ਰਜਾ ਦੇ ਧਾਰਨੀ ਹਨ।ਬਦਲਦੀ ਜੀਵਨ ਸੈਲੀ ਵਿਚ ਜਦੋਂ ਕਦੇ ਮਨੁੱਖ ਰਿਸ਼ਤਿਆਂ ਦੇ ਅਨੰਦ ਤੋਂ ਦੂਰ ਹੋ ਕੇ ਕੁਦਰਤੀ ਦੇ ਵਿਰੋਧ ਵਿਚ ਜਾਂਦਾ ਹੈ ਤਾਂ ਉਹ ਸੈਲ ਆਪਣਾ ਕੰਮ ਸਰੀਰ ਦੇ ਉਲਟ ਦਿਸ਼ਾਵਾਂ ਵੱਲ ਕਰਨਾ ਸ਼ੁਰੂ ਕਰ ਦਿੰਦੇ ਹਨ, ਉਦੋਂ ਹੀ ਮਨੁੱਖ ਨੂੰ ਸਰੀਰਕ ਬਿਮਾਰੀਆਂ ਆ ਘੇਰਦੀਆਂ ਹਨ।
ਭਾਵੇਂ ਸਾਰੇ ਰਿਸ਼ਤੇ ਸੰਯੋਗਾਂ ਦੇ ਮੁਤਾਬਕ ਹੀ ਹਨ। ਪਰ ਬਾਹਰੀ ਰੂਪ ਵਿੱਚ ਕਈ ਰਿਸ਼ਤੇ ਮਨੁੱਖ ਆਪ ਵੀ ਪੈਦਾ ਕਰਦਾ ਹੈ।ਇਨ੍ਹਾਂ ਸਾਰੇ ਰਿਸ਼ਤਿਆਂ ਦੀ ਇੱਕ ਮਹਾਨ ਅਹਿਮੀਅਤ ਹੈ।ਮਾਂ ਦਾ ਰਿਸ਼ਤਾ ਕਿੰਨ੍ਹਾ ਸੁਖਦਾਈ, ਉਤਮ, ਪਿਆਰਤਾ ਦਾ ਨਿੱਘ, ਪਰਿਵਰਸਤਾ ਦੀ ਜਿੰਮੇਵਾਰੀ, ਉਚਤਾ ਵੇਖਣ ਦੀ ਭਾਵਨਾ, ਰੀਝਾਂ ਲਾ-ਲਾ ਕੇ ਉਡੀਕਣ ਦੀ ਸੂਖ਼ਮਤਾ ਆਦਿ ਬੇਸਮਾਰ ਗੁਣਾਂ ਨੂੰ ਆਪਣੇ ਹਿਰਦੇ ਵਿਚ ਸਮਾਈ ਬੈਠਾ ਹੈ।ਇਸ ਰਿਸ਼ਤੇ ਦਾ ਅਹਿਸਾਸ ਮਾਂ ਨੂੰ ਹੀ ਹੋ ਸਕਦਾ ਹੈ, ਹੋਰ ਕਿਸੇ ਨੂੰ ਨਹੀਂ।ਇਵੇਂ ਹੀ ਪਿਤਾ ਆਪਣੀ ਔਲਾਦ ਨੂੰ ਖੁਸ਼ੀਆਂ ਦੇਣ ਖਾਤਰ ਕੀ ਕੀ ਪਾਪੜ ਨਹੀ ਵੇਲਦਾ। ਇਕ ਪਿਤਾ ਹਰ ਇੱਕ ਦੁਨਿਆਵੀ ਸੁੱਖਾਂ ਨੂੰ ਆਪਣੀ ਔਲਾਦ ਤੋਂ ਕੁਰਬਾਨ ਕਰ ਦਿੰਦਾ ਹੈ। ਵੇਖਿਆ ਜਾਵੇ ਤਾਂ ਭੈਣ-ਭਰਾ ਰਿਸ਼ਤਿਆਂ ਦੀ ਖੂਬਸੂਰਤ ਮਾਲਾ ਦੇ ਮਣਕੇ ਹਨ।ਜੋ ਕੁਦਰਤ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਪਰੋਏ ਹੋਏ ਹਨ। ਭੈਣ ਹਮੇਸ਼ਾਂ ਹੀ ਭਰਾਵਾਂ ਵੱਲੋਂ ਆਉਂਦੀਆਂ ਠੰਡੀਆਂ ਹਵਾਵਾਂ ਵਿੱਚ ਸਾਹ ਲੈਂਦੀ ਹੈ। ਉਹ ਐਸੀ ਫਿਜ਼ਾ ਵਿੱਚ ਆਨੰਦ ਮਾਨਣਾ ਚਾਹੁੰਦੀ ਹੈ ਜਿਥੇ ਮਾਂ ਜਾਏ ਪਿਆਰ ਦੀਆਂ ਮਹਿਕਾਂ ਖਿਲਾਰਦੇ ਰਹਿਣ। ਉਹ ਹਰ ਦੁੱਖ ਨੂੰ ਸਹਿ ਸਕਦੀ ਹੈ, ਪਰ ਭਰਾਵਾਂ ਵੱਲੋਂ ਦਿੱਤੇ ਦੁੱਖ ਨੂੰ ਨਹੀਂ।ਇਵੇਂ ਹੀ ਜਿਥੇ ਭਰਾਵਾਂ ਦਾ ਰਿਸਤਾ ਬਰਕਰਾਰ ਹੈ, ਉਨ੍ਹਾਂ ਘਰਾਂ ਵਿਚ ਖੁਸ਼ੀਆਂ ਦੇ ਸੋਹਿਲੇ ਕੁਦਰਤ ਵੱਲੋਂ ਆਪ ਮੁਹਾਰੇ ਹੀ ਗਾਇਨ ਹੁੰਦੇ ਰਹਿੰਦੇ ਹਨ। ਚਾਚੇ, ਤਾਏ, ਮਾਮੇ ਦਾ ਨਾਂ ਲੈਂਦੇ ਹੀ ਮਨੁੱਖ ਉਚਾ ਹੋ ਜਾਂਦਾ ਹੈ। ਭਾਵ ਆਕਾਸ਼ੀ ਉਡਾਰੀਆਂ ਇਨ੍ਹਾਂ ਰਿਸ਼ਤਿਆਂ ਕਰਕੇ ਹੀ ਲੱਗ ਸਕਦੀਆ ਹਨ।ਇਨ੍ਹਾਂ ਰਿਸ਼ਤਿਆਂ ਤੋਂ ਬਿਨ੍ਹਾਂ ਮਨੁੱਖ ਅਨੁਭਵੀ ਉਡਾਰੀ ਨਹੀ ਲਾ ਸਕਦਾ। ਸਾਰੇ ਰਿਸ਼ਤਿਆਂ ਦੀ ਕਦਰ ਕਰਕੇ ਹੀ ਮਨੁੱਖ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ।ਜਿਸ ਦਿਨ ਇਨ੍ਹਾਂ ਰਿਸ਼ਤਿਆਂ ਦੀ ਕੜੀ ਟੁੱਟ ਗਈ। ਉਸ ਦਿਨ ਮਨੁੱਖ ਇੱਕ ਲੋਥ ਹੋਵੇਗਾ ਜਾਂ ਆਪਣੇ ਕੀਤੇ ਮਾੜੇ ਕਰਮਾਂ ਦੇ ਬੋਝ ਥੱਲੇ ਦੱਬਿਆ ਜਾਵੇਗਾ ਅਤੇ ਬਹੁਤ ਹੀ ਭੈੜੀ ਜਿੰਦਗੀ ਬਸਰ ਕਰੇਗਾ।
ਹੁਣ ਸਮਾਜ ਬਦਲ ਰਿਹਾ ਹੈ।ਸੁੱਖਾਂ ਨੂੰ ਛੱਡ ਕੇ ਦੁੱਖਾਂ ਦਾ ਭਾਰ ਲੈ ਕੇ ਚੱਲ ਰਿਹਾ ਹੈ ਮਨੁੱਖ।ਆਧੁਨਿਕਤਾ ਦੇ ਗਧੀ ਗੇੜ ਨੇ ਕਈ ਮਨੁੱਖਾਂ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਹੈ। ਜਦੋਂ ਮਨੁੱਖ ਆਪਣੀਆਂ ਗਲਤੀਆਂ ਜਾਂ ਹੰਕਾਰ ਵੱਸ ਰਿਸ਼ਤਿਆਂ ਨੂੰ ਠੋਕਰ ਮਾਰਦਾ ਹੈ, ਉਦੋਂ ਪ੍ਰਮਾਤਮਾ ਵੀ ਸਾਥ ਛੱਡ ਜਾਂਦਾ ਹੈ।ਪ੍ਰਮਾਤਮਾ ਦੀ ਜਗਾਈ ਜੋਤ ਆਤਮਾ ਵੀ ਸਰੀਰ ਨੂੰ ਨਿਰਜ਼ਿੰਦ ਕਰਦੀ ਹੋਈ ਲਾਹਣਤਾਂ ਪਾਂਉਂਦੀ ਹੈ।ਇਨ੍ਹਾਂ ਲਾਹਨਤਾਂ ਦਾ ਬੋਝ ਮਨ ਝੱਲ ਨਹੀ ਸਕਦਾ।ਜਿਸ ਕਰਕੇ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਹੈ।ਸਮਾਜ ਵਿਚੋਂ ਰੁਤਬਾ ਖ਼ਤਮ ਹੋ ਜਾਂਦਾ ਹੈ।ਇਸ ਬੋਝ ਵਿਚ ਮਨੁੱਖ ਕਈ ਵਾਰੀ ਕੁਕਰਮ ਕਰ ਬੈਠਦਾ ਹੈ ਅਤੇ ਜਲਾਲਤ ਭਰੀ ਜਿੰਦਗੀ ਜਿਉਂਦਾ ਹੈ।
ਦੁਨਿਆਵੀ ਰਿਸ਼ਤਿਆਂ ਤੋਂ ਛੁੱਟ ਸਰਵ ਉੱਤਮ ਰਿਸ਼ਤਾ ਮਨੁੱਖ ਦਾ ਆਪਣੇ ਗੁਰੂ ਨਾਲ ਹੈ।ਜੋ ਕਿ ਸ਼ਰਧਾ, ਵਿਸ਼ਵਾਸ ’ਤੇ ਟਿਕਿਆ ਹੋਇਆ ਹੈ।ਗੁਰੂ ਨਾਲ ਮਨੁੱਖ ਦਾ ਸਿਧਾਂਤਕ ਰਿਸ਼ਤਾ ਹੈ।ਗੁਰੂ ਦੇ ਸਿਧਾਂਤ ਫਲਸਫੇ ਨੂੰ ਸਮਰਪਿਤ ਹੋ ਕੇ ਹੀ ਅਧਿਆਤਮਕ ਗਿਆਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਉਪਦੇਸ਼ ਦਿੰਦੇ ਹਨ ਕਿ ‘‘ਕੁੰਭੇ ਬਧਾ ਜਲ ਰਹੈ, ਜਲ ਬਿਨ ਕੁੰਭੁ ਨ ਹੋਇ।। ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨ ਨ ਹੋਇ।।’’
ਗੁਰੂ ਤੋਂ ਬਿਨ੍ਹਾਂ ਬੁੱਧੀ ਦਾ ਵਿਕਾਸ ਸੰਭਵ ਹੀ ਨਹੀਂ ਹੈ।ਇਸ ਰਿਸ਼ਤੇ ਵਿੱਚ ਇਨ੍ਹਾਂ ਆਤਮਿਕ ਆਨੰਦ ਹੈ ਜੋ ਮਨੁੱਖ ਦੀ ਜਿੰਦਗੀ ਨੂੰ ਜਿੰਦਗੀ ਰੁਸ਼ਨਾ ਦਿੰਦਾ ਹੈ।ਮਨੋਬਿਰਤੀ ਦੀ ਅਵਸਥਾ ਇਨ੍ਹੀ ਉੱਚੀ ਹੋ ਕੇ ਸਾਰੇ ਦੁਨਿਆਵੀਂ ਝਮੇਲਿਆਂ ਤੋਂ ਪਰ੍ਹੇ ਹੋ ਜਾਂਦੀ ਹੈ।ਇਹ ਰਿਸ਼ਤਾ ਨਿਭਦਾ ਤਾਂ ਹੈ, ਜੇ ਨਿਭਾਉਣ ਦੀ ਮਨਸ਼ਾ ਹੋਵੇ।ਜੇ ਗੁਰੂ ਦਾ ਰਿਸ਼ਤਾ ਪਰਪੱਕ ਹੈ ਤਾਂ ਦੁਨੀਆਂ ਦੇ ਕੋਈ ਵੀ ਦੁੱਖ ਦੁਨਿਆਵੀ ਤੌਰ ’ਤੇ ਦੁਖੀ ਨਹੀ ਕਰ ਸਕਣਗੇ,ਸਗੋਂ ਫਿਰ ਤਾਂ ਚਰਖੜੀਆਂ ਤੇ ਚੜ੍ਹ ਕੇ ਵੀ ਸੰਗੀਤ ਦੀਆਂ ਅਨੰਦਮਈ ਧੁੰਨਾਂ ਸੁਣਾਈ ਦਿੰਦੀਆਂ ਹਨ।ਬੰਦ-ਬੰਦ ਕਟਵਾਉਣ ਵਿੱਚ ਵੀ ਇਲਾਹੀ ਆਨੰਦਾਂ ਦੀ ਵਰਖਾ ਪ੍ਰਤੀਤ ਹੁੰਦੀ ਹੈ।ਤੱਤੀਆਂ ਤਵੀਆਂ ਤੇ ਬੈਠ ਕੇ ਵੀ ਮੂੰਹੋਂ ਆਪ ਮੁਹਾਰੇ ਨਿਕਲਦਾ ਹੈ।‘ਤੇਰਾ ਭਾਣਾ ਮੀਠਾ ਲਾਗੇ’
ਗੁਰੂ ਦਾ ਰਿਸ਼ਤਾ ਅਜ਼ਾਦ ਫ਼ਿਜਾ ਵਿੱਚ ਜਿਉਣ ਦਾ ਸੁਨੇਹਾ ਹੈ।ਜੇ ਗੁਰੂ ਨਾਲੋਂ ਰਿਸ਼ਤਾ ਟੁੱਟ ਗਿਆ ਤਾਂ ਮਾਨਸਿਕ ਗੁਲਾਮੀ ਮਨੁੱਖ ਨੂੰ ਆਪਣੀ ਜਕੜ ਵਿਚ ਲੈ ਲਵੇਗੀ।ਦੋ ਜਹਾਨਾਂ ਵਿੱਚ ਕਿਤੇ ਵੀ ਢੋਈ ਨਹੀਂ ਮਿਲੇਗੀ।ਗੁਲਾਮੀ ਦੀਆਂ ਠੋਕਰਾਂ ਪੈਰ-ਪੈਰ ਤੇ ਜਲੀਲ ਕਰਨਗੀਆਂ।ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੇ ਸਿੱਖ ਦਾ ਰਿਸ਼ਤਾ ਆਪਣੇ ਗੁਰੂ ਨਾਲੋਂ ਟੁੱਟ ਰਿਹਾ ਹੈ।ਅਸੀਂ ਗੁਰੂ ਸਿਧਾਂਤ ਨਾਲੋਂ ਟੁੱਟਕੇ ਮਨ ਮੱਤੀ ਰੀਤਾਂ ਦੇ ਪਿਛੇ ਲੱਗੇ ਹੋਏ ਹਾਂ ਅਤੇ ਆਪਣੇ ਵਕਾਰ ਨੂੰ ਢਾਹ ਲਾ ਰਹੇ ਹਾਂ ਸਿੱਖ ਉਨ੍ਹਾਂ ਸਮਾਂ ਹੀ ਜਿਉਂਦਾ ਹੈ ਜਿਨ੍ਹਾ ਚਿਰ ਗੁਰੂ ਨਾਲ ਰਿਸ਼ਤਾ ਕਾਇਮ ਹੈ । ਮੇਰੀ ਬੇਨਤੀ ਹੈ ਕਿ ਆਉ ਆਪਾਂ ਗੁਰੂ ਸਿਧਾਂਤ, ਗੁਰਸਿੱਖੀ ਦੇ ਫਲਸਫੇ ਨੂੰ ਅਪਨਾਈਏ।

ਜਸਕਰਨ ਸਿੰਘ ਸਿਵੀਆਂ
ਬਠਿੰਡਾ
ਮੋ: 9872164553
Punjab Post Daily Online Newspaper & Print Media