Saturday, August 22, 2026

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਨਾਇਆ ਗਿਆ ਕੌਮਾਂਤਰੀ ਮਾਂ ਬੋਲੀ ਦਿਵਸ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)-ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆ ਨੂੰ ਪੰਜਾਬੀ ਮਾਂ ਬੋਲੀ ਦੇ ਸੁਨਿਹਰੀ ਇਤਿਹਾਸ ਅਤੇ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਾਲਜ ਪ੍ਰਿੰਸੀਪਲ ਡਾ. ਹਰਭਜਨ ਸਿੰਘ ਨੇ ਅੱਜ ਦੇ ਸਮੇਂ ’ਚ ਇਸ ਨਾਲ ਹੋ ਰਹੀ ਅਣਗਹਿਲੀ ਦੇ ਸਬੰਧ ’ਚ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਮਨੁੱਖ ’ਚ ਅਨੇਕਾਂ ਭਾਸ਼ਾਵਾਂ ਨੂੰ ਸਿੱਖਣ ਦੀ ਸਮਰੱਥਾ ਹੈ ਪ੍ਰੰਤੂ ਉਹ ਕੋਈ ਵੀ ਭਾਸ਼ਾ ਮਾਤ ਭਾਸ਼ਾ ਤੋਂ ਵਧੀਆ ਢੰਗ ਨਾਲ ਨਹੀਂ ਸਿੱਖ ਸਕਦਾ। PPN2702201724
ਉਨ੍ਹਾਂ ਕਿਹਾ ਕਿ ਮਨੁੱਖ ਹਮੇਸ਼ਾਂ ਆਪਣੀ ਮਾਤ ਭਾਸ਼ਾ ’ਚ ਹੀ ਸੋਚਦਾ ਹੈ।ਜਿਵੇਂ ਆਪਣੀ ਮਾਂ ਨੂੰ ਨਹੀਂ ਬਦਲਿਆ ਜਾ ਸਕਦਾ, ਉਵੇਂ ਹੀ ਮਾਂ ਬੋਲੀ ਦੀ ਥਾਂ ਕੋਈ ਹੋਰ ਬੋਲੀ ਨਹੀਂ ਲੈ ਸਕਦੀ। ਭਾਵੇਂ ਸਮੇਂ ਦੀ ਲੋੜ ਨੂੰ ਸਮਝਦਿਆਂ ਸਾਡੇ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਭਾਸ਼ਾਵਾਂ ਸਿੱਖਣਾ ਜਰੂਰੀ ਹੈ, ਪ੍ਰੰਤੂ ਮਾਂ ਬੋਲੀ ਨੂੰ ਵੀ ਉਸਦੀ ਬਣਦੀ ਥਾਂ ਮਿਲਣੀ ਚਾਹੀਦੀ ਹੈ। ਇਸ ਮੌਕੇ ਪੰਜਾਬੀ ਵਿਭਾਗ ਤੋਂ ਡਾ. ਪ੍ਰਭਜੀਤ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੀ ਮਾਂ ਬੋਲੀ ਨਾਲ ਟੁੱਟੇ ਲੋਕ ਅਸਲ ’ਚ ਆਪਣੀਆਂ ਜੜ੍ਹਾਂ ਨਾਲੋਂ ਵੀ ਟੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਸੁਨਿਹਰੀ ਇਤਿਹਾਸ ਹੈ ਇਸ ਨੂੰ ਜਿੱਥੇ ਗੁਰੂ ਨਾਨਕ, ਸ਼ੇਖ ਫ਼ਰੀਦ, ਬੁੱਲ੍ਹੇ ਸ਼ਾਹ ਜਿਹੇ ਮਹਾਪੁਰਖਾਂ ਨੇ ਆਪਣੀਆਂ ਰਚਨਾਵਾਂ ਨਾਲ ਨਿਵਾਜਿਆ ਹੈ, ਉਥੇ ਅੱਜ ਦੇ ਪੰਜਾਬੀ ਆਪਣੀ ਮਾਂ ਬੋਲੀ ਨੂੰ ਬੋਲਣ ’ਚ ਵੀ ਸ਼ਰਮ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਨੂੰ ਪੰਜਾਬ ’ਚ ਲਾਗੂ ਕਰਨ ਦੇ ਆਦੇਸ਼ ਵੀ ਅੰਗਰੇਜ਼ੀ ’ਚ ਜਾਰੀ ਹੁੰਦੇ ਹਨ। ਇਸ ਲਈ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।
ਇਸ ਮੌਕੇ ਬੀ. ਏ ਸਮੈਸਟਰ ਪਹਿਲਾ ਦੀ ਵਿਦਿਆਰਥਣ ਨਵਜੋਤ ਕੌਰ ਅਤੇ ਬੀ. ਐਸ. ਸੀ. ਸਮੈਸਟਰ ਛੇਵਾਂ ਦੀ ਰਮਨਦੀਪ ਕੌਰ ਨੇ ਪੰਜਾਬੀ ਮਾਂ ਬੋਲੀ ਸਬੰਧੀ ਆਪਣੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਪ੍ਰੋ: ਜਗਦੀਪ ਕੌਰ, ਪ੍ਰੋ: ਅੰਜਨਾ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਰਣਬੀਰ ਕੌਰ, ਪੂਜਾ ਅਰੋੜਾ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply