ਧੂਰੀ, 8 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਦੇ ਚੇਅਰਮੈਨ ਸ੍ਰ: ਹਰਪਾਲ ਸਿੰਘ ਦੀ ਅਗੁਵਾਈ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ।ਸ੍ਰੀਮਤੀ ਕਵਿਤਾ ਸ਼ਰਮਾ ਪ੍ਰਸਿੱਧ ਸੋਸ਼ਲ ਵਰਕਰ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ, ਜਿੰਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੂਰੇ ਵਿਸ਼ਵ ਵਿੱਚ ਔਰਤ ਨੇ ਆਪਣੀ ਇੱਕ ਅੱਲਗ ਥਾਂ ਬਣਾਈ ਹੋਈ ਹੈ, ਜੋ ਆਪਣੇ ਹੱਕਾਂ ਲਈ ਸੰਗਠਿਤ ਹੋ ਰਹੀ ਹੈ ਅਤੇ ਸੰਘਰਸ਼ ਕਰਕੇ ਆਪਣਾ ਪਰਚਮ ਲਹਿਰਾਉਂਦੀ ਹੈ। ਵਿਸ਼ਵ ਵਿੱਚ ਸ਼ਾਂਤੀ, ਖ਼ੁਸ਼ਹਾਲੀ ਤੇ ਤਰੱਕੀ ਲਈ ਔਰਤ ਦਾ ਵਿਸ਼ੇਸ਼ ਰੋਲ ਹੈ ਜਿਸ ਦਾ ਸਾਨੂੰ ਹਰ ਇੱਕ ਇਨਸਾਨ ਨੂੰ ਸਤਿਕਾਰ ਕਰਨਾ ਚਾਹੀਦਾ ਹੈ।ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਨਵੇਂ-ਨਰੋਏ ਤੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਵਿੱਚ ਔਰਤਾਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜੀਵਨ ਦੀ ਬਿਹਤਰੀ ਵਾਸਤੇ ਹੋ ਰਹੀ ਜੱਦੋ-ਜਹਿਦ ਵਿੱਚ ਹੋਰਾਂ ਨਾਲ ਔਰਤ ਵੀ ਇੱਕ-ਜੁੱਟ ਹੋਵੇ।ਅੱਜ ਦੀ ਵਿਦਿਆਰਥੀ ਵਰਗ ਅਤੇ ਨੌਜਵਾਨ ਪੀੜ੍ਹੀ ਹੀ ਕੱਲ੍ਹ ਦੀ ਸਮਾਜਕ ਕਰਾਂਤੀ ਦੀ ਬੁਨਿਆਦ ਹੋਵੇਗੀ। ਸਿਹਤ, ਸੋਚ ਅਤੇ ਸੁਚੱਜਾ ਵਿਵਹਾਰ ਹੀ ਔਰਤ ਨੂੰ ਗੌਰਵਸ਼ਾਲੀ ਬਣਾ ਸਕਦਾ ਹੈ।
ਇਸ ਸਮਾਗਮ ਦੇ ਆਰੰਭ ਵਿੱਚ ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਟਿੱਬਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਖ਼ੁਸ਼ਹਾਲ ਤੇ ਸੁਤੰਤਰ ਵਿਚਾਰਾਂ ਨਾਲ ਭਰਪੂਰ ਔਰਤਾਂ ਹੀ ਜੀਵਨ ਵਿੱਚ ਸਹਿਜ, ਸੁਹਜ ਤੇ ਰੰਗ ਭਰ ਸਕਦੀਆਂ ਹਨ।ਮਨੁੱਖ ਦੀ ਹਨੇਰੇ ਤੋਂ ਪਰਕਾਸ਼ ਵੱਲ ਦੀ ਯਾਤਰਾ ਵਿੱਚ ਔਰਤਾਂ ਅਹਿਮ ਕਾਰਜ ਕਰਦੀਆਂ ਹਨ।ਕਾਲਜ ਦੀਆਂ ਵਿਦਿਆਰਥਣਾਂ ਦਲਜੀਤ ਕੌਰ, ਅਰਸ਼ਦੀਪ ਕੌਰ, ਪਵਨਜੀਤ ਕੌਰ, ਕੁਲਵੀਰ ਕੌਰ, ਰੂਪਿੰਦਰ ਰਿਸ਼ੀ, ਸਿਮਰਨ ਕੌਰ, ਯਾਸ਼ਿਕਾ, ਮਨਪ੍ਰੀਤ ਕੌਰ, ਤਰਨਜੀਤ ਕੌਰ ਆਦਿ ਨੇ ਗੀਤ, ਕਵਿਤਾਵਾਂ ਤੇ ਭਾਸ਼ਣ ਮੁਕਾਬਲਿਆਂ ਵਿੱਚ ਭਾਗ ਲਿਆ। ਕਾਲਜ ਦੇ ਡਾਇਰੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਲੜਕੀਆਂ ਆਪਣੇ ਆਲੇ-ਦੁਆਲੇ ਨੂੰ ਜਿਉਣ-ਜੋਗਾ ਬਣਾ ਸਕਦੀਆਂ ਹਨ।ਬਸ ਲੋੜ ਹੈ ਤਾਂ ਭਾਰਤੀ ਮਰਿਆਦਾ ਸਾਂਭ ਕੇ ਰੱਖਣ ਦੀ, ਜੋ ਸੋਚਾਂਗੇ ਉਹ ਜਰੂਰ ਮਿਲੇਗਾ। ਇਸ ਮੌਕੇ ਵਾਈਸ ਪ੍ਰਿੰਸੀਪਲ ਮਨਪ੍ਰੀਤ ਗੌੜ, ਕਵਿਤਾ ਸ਼ਰਮਾ, ਬੇਅੰਤ ਕੌਰ, ਦਲਜੀਤ ਕੌਰ, ਹਰਸ਼ਦੀਪ ਕੌਰ, ਹਰਜੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ।ਸੰਦੀਪ ਕੌਰ ਨੇ ਮੰਚ ਸੰਚਾਲਨ ਦੀ ਭੁਮਿਕਾ ਬਾਖੂਬੀ ਨਿਭਾਈ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media