Thursday, June 5, 2025
Breaking News

ਗੁਰੂ ਬਖਸ਼ਿਸ਼ ਦੇ ਪਾਤਰ: ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ

25 ਮਾਰਚ ਜਨਮ ’ਤੇ ਵਿਸ਼ੇਸ਼

Baba Nidhan singh Ji
ਡਾ. ਪਰਮਜੀਤ ਸਿੰਘ ਸਰੋਆ
ਸੇਵਾ ਦਾ ਸਿੱਖ ਧਰਮ ਵਿਚ ਵੱਡਾ ਮਹੱਤਵ ਹੈ। ਤਨ, ਮਨ, ਧਨ ਤੇ ਸੁਰਤ ਨਾਲ ਸੇਵਾ ਕਰਨ ਵਾਲੀਆਂ ਉਨ੍ਹਾਂ ਅਨੇਕਾਂ ਸਿੱਖ ਸ਼ਖ਼ਸੀਅਤਾਂ ਦੇ ਨਾਂ ਸਿੱਖ ਇਤਿਹਾਸ ਦਾ ਹਿੱਸਾ ਹਨ ਜਿਨ੍ਹਾਂ ਦੇ ਜੀਵਨ ਸੰਗਤ ਲਈ ਪ੍ਰੇਰਨਾ ਸਰੋਤ ਬਣੇ। ਗੁਰੂ ਕਾਲ ਤੋਂ ਲੈ ਕੇ ਹੁਣ ਤਕ ਜਿਨ੍ਹਾਂ ਗੁਰਸਿੱਖਾਂ ਨੇ ਗੁਰਸਿੱਖੀ ਮਾਰਗ ’ਤੇ ਚੱਲਦਿਆਂ ਇਤਿਹਾਸ ਦੇ ਪੰਨਿਆਂ ਉੱਤੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ ਹਨ, ਉਨ੍ਹਾਂ ਵਿਚ ਬਾਬਾ ਨਿਧਾਨ ਸਿੰਘ ਜੀ (ਹਜ਼ੂਰ ਸਾਹਿਬ ਵਾਲਿਆਂ) ਦਾ ਨਾਮ ਪ੍ਰਥਮ ਹੈ।ਆਪ ਜੀ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ, ਨਾਂਦੇੜ ਵਿਖੇ ਲੰਗਰ ਦੀ ਸੇਵਾ ਕਰਕੇ ਵਿਸ਼ੇਸ਼ ਨਾਮਣਾ ਖੱਟਿਆ ਹੈ।ਸਤਿਗੁਰਾਂ ਦੀ ਕਿਰਪਾ ਨਾਲ ਆਪ ਜੀ ਵਲੋਂ ਹਜ਼ੂਰ ਸਾਹਿਬ ਵਿਖੇ ਆਰੰਭ ਕੀਤੀ ਲੰਗਰ ਦੀ ਸੇਵਾ ਅੱਜ ਇੱਕ ਵਿਸ਼ਾਲ ਰੂਪ ਵਿਚ ਸਾਹਮਣੇ ਹੈ।
ਬਾਬਾ ਨਿਧਾਨ ਸਿੰਘ ਜੀ ਦਾ ਜਨਮ ਪਿੰਡ ਨਡਾਲੋਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਸਰਦਾਰ ਉੱਤਮ ਸਿੰਘ ਤੇ ਮਾਤਾ ਗੁਲਾਬ ਕੌਰ ਜੀ ਦੇ ਘਰ 25 ਮਾਰਚ 1882 ਈ. ਨੂੰ ਹੋਇਆ। ਬਚਪਨ ਵਿਚ ਹੀ ਆਪ ਜੀ ਦਾ ਮਿਲਾਪ ਬਾਬਾ ਦੀਵਾਨ ਸਿੰਘ ਜੀ ਨਾਲ ਹੋਣ ਉਪਰੰਤ ਆਪ ਦੀ ਸ਼ਖ਼ਸੀਅਤ ’ਤੇ ਉਨ੍ਹਾਂ ਅਮਿਟ ਪ੍ਰਭਾਵ ਪਿਆ ਅਤੇ ਆਪ ਦੀ ਲਗਨ ਪ੍ਰਭੂ-ਭਗਤੀ ਵਲ ਲੱਗ ਗਈ।ਜਵਾਨੀ ਵਿਚ ਪੈਰ ਧਰਦਿਆਂ ਆਪ ਨੇ ਸ਼ਸਤਰ ਵਿੱਦਿਆ ਦੀ ਸਿਖਲਾਈ ਲਈ।ਚੰਗੀ ਸਰੀਰਕ ਦਿੱਖ ਹੋਣ ਕਰਕੇ ਆਪ ਜੀ ਫੌਜ ਵਿਚ ਭਰਤੀ ਹੋ ਗਏ ਅਤੇ ਆਪ ਨੇ ਝਾਂਸੀ ਦੇ ਪੰਜ ਨੰਬਰ ਰਸਾਲਾ ਵਿਖੇ ਥੋੜਾ ਸਮਾਂ ਨੌਕਰੀ ਕੀਤੀ।
ਆਪ ਦੇ ਜੀਵਨ ਕਾਲ ਵਿਚ ਉਸ ਮੌਕੇ ਇਕ ਮਹੱਤਵ ਪੂਰਨ ਮੋੜ ਆਇਆ ਜਦੋਂ ਆਪ ਨੇ ਸੰਗਤਾਂ ਦੇ ਜਥੇ ਨੂੰ ਹਜ਼ੂਰ ਸਾਹਿਬ ਵਲ ਜਾਂਦੇ ਦੇਖਿਆ।ਬਾਬਾ ਜੀ ਨੂੰ ਵੀ ਹਜ਼ੂਰ ਸਾਹਿਬ ਜਾਣ ਲਈ ਇਕ ਨਿਰਾਲੀ ਅਤੇ ਰੂਹਾਨੀ ਖਿੱਚ ਮਹਿਸੂਸ ਹੋਈ।ਗੁਰੂ ਨਾਲ ਪਿਆਰ ਕਰਨ ਵਾਲੀ ਪਿਆਸੀ ਜਿੰਦ ਅਬਚਲ ਨਗਰ ਵਲ ਚੱਲਣ ਲਈ ਉਤਾਵਲੀ ਹੋਣ ਲੱਗੀ।ਅਧਿਆਤਮਿਕ ਉੱਚਤਾ ਭਾਰੂ ਹੋ ਜਾਣ ਕਾਰਨ ਆਪ ਨੇ ਨੌਕਰੀ ਛੱਡ ਕੇ ਹਜੂਰ ਸਾਹਿਬ ਵਲ ਚਾਲੇ ਪਾ ਦਿਤੇੇ।ਦਸਮੇਸ਼ ਪਿਤਾ ਦੇ ਪਵਿੱਤਰ ਸਥਾਨ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੇ ਏਨਾ ਪ੍ਰਭਾਵਿਤ ਕੀਤਾ ਕਿ ਆਪ ਉਥੇ ਹੀ ਟਿਕ ਗਏ।ਇਥੇ ਆਪ ਨੇ ਸਿਮਰਨ-ਬੰਦਗੀ ਦੇ ਨਾਲ-ਨਾਲ ਸੱਚਖੰਡ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਵਾਸਤੇ ਜਲ ਦੀ ਸੇਵਾ ਆਰੰਭ ਕਰ ਦਿੱਤੀ।ਕੁੱਝ ਸਮੇਂ ਬਾਅਦ ਛੋਲਿਆਂ ਦੀਆਂ ਬੱਕਲੀਆਂ ਦੀ ਸੇਵਾ ਵੀ ਆਰੰਭ ਕੀਤੀ।ਆਪ ਭੁੱਖੇ ਸੌਂ ਜਾਂਦੇ ਪਰ ਕਿਸੇ ਯਾਤਰੂ ਨੂੰ ਭੁੱਖਾ ਨਾ ਜਾਣ ਦਿੰਦੇ।ਆਪ ਸੰਗਤ ਨੂੰ ਜਲ ਛਕਾਉਣ ਵਾਸਤੇ ਡੇਢ ਮਣ ਭਾਰੀ ਪਾਣੀ ਦੀ ਗਾਗਰ ਗੋਦਾਵਰੀ ਤੋਂ ਲੈ ਕੇ ਆਉਂਦੇ।ਸਥਾਨਕ ਲੋਕ ਪਹਿਲੋਂ ਤਾਂ ਆਪ ਨਾਲ ਪਿਆਰ ਕਰਦੇ ਸਨ ਪਰ ਬਾਅਦ ਵਿਚ ਜਦ ਛੋਲੇ ਵਰਤਾਉਣੇ ਆਰੰਭ ਕੀਤੇ ਤਾਂ ਈਰਖਾ ਕਰਨ ਲੱਗੇ, ਕਿਉਂਕਿ ਜੋ ਸੇਵਾ ਸੰਗਤਾਂ ਨੇ ਬੁੰਗਿਆਂ ਵਿਚ ਜਾ ਕੇ ਦੇਣੀ ਹੁੰਦੀ ਸੀ ਉਹ ਇਥੇ ਦੇਣ ਲਗ ਪਏ ਸਨ। ਈਰਖਾ ਏਨੀ ਵਧ ਗਈ ਕਿ ਇਕ ਦਿਨ ਆਪ ਜੀ ਨੂੰ ਇਸ ਸੇਵਾ ਤੋਂ ਹੱਥ ਧੋਣਾ ਪਿਆ।ਘੋਰ ਨਿਰਾਸ਼ਾ ਵਿਚ ਆਪ ਪੰਜਾਬ ਵਾਪਸ ਜਾਣ ਲਈ ਰੇਲਵੇ ਸਟੇਸ਼ਨ ’ਤੇ ਆ ਕੇ ਗੱਡੀ ਦੀ ਉਡੀਕ ਵਿੱੱਚ ਬੈਠ ਗਏ।ਰੇਲਵੇ ਸਟੇਸ਼ਨ ’ਤੇ ਆਪ ਨਾਲ ਇਕ ਅਲੋਕਾਰ ਘਟਨਾ ਵਾਪਰੀ ਜਿਸ ਨੇ ਆਪ ਦੇ ਜੀਵਨ ਵਿਚ ਵੱਡਾ ਮੋੜ ਲਿਆਂਦਾ। ਆਪ ਰੇਲਵੇ ਸਟੇਸ਼ਨ ਨਾਂਦੇੜ ਦੇ ਕੋਲ ਇਕ ਦਰਖਤ ਹੇਠ ਅੰਤਰ ਧਿਆਨ ਹੋਏ ਬੈਠੇ ਸਨ।ਆਪ ਦੇ ਮਨ ਵਿਚ ਪੁਜਾਰੀਆਂ ਦੇ ਵਰਤਾਉ ਕਾਰਨ ਬਹੁਤ ਦੁੱਖ ਸੀ।ਆਪ ਦੀ ਸ਼ਰਧਾ ਨੂੰ ਬੜੀ ਠੇਸ ਲੱਗੀ ਸੀ। ਮਨ ਵਿਚ ਗੁਰੂ ਜੀ ਅੱਗੇ ਜੋਦੜੀਆਂ ਕਰ ਰਹੇ ਸਨ ਤਾਂ ਆਪ ਨੂੰ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਹੋਏ। ਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਨਿਧਾਨ ਸਿੰਘ ਜੀ ਨਿਹਾਲ ਹੋ ਗਏ।ਗੁਰੂ ਜੀ ਨੇ ਆਪਣੇ ਪਿਆਰੇ ਸਿੱਖ ਵੱਲ ਕਿਰਪਾ ਦੀ ਦ੍ਰਿਸ਼ਟੀ ਕੀਤੀ।ਸੰਤਾਂ ਦੀ ਨਿਰਾਸ਼ਤਾ ਦੂਰ ਹੋ ਗਈ। ਆਪ ਨੇ ਆਪਣਾ ਤਨ, ਮਨ, ਧਨ ਗੁਰੂ ਚਰਨਾਂ ਨੂੰ ਸਮਰਪਿਤ ਕਰ ਦਿੱਤਾ।ਦਸਮ ਪਾਤਸ਼ਾਹ ਜੀ ਦਾ ਹੁਕਮ ਹੋਇਆ, ‘ਭਾਈ! ਤੂੰ ਚਿੱਤ ਲਾ ਕੇ ਸੇਵਾ ਕਰ ਮੈਂ ਸਦਾ ਤੇਰੇ ਨਾਲ ਹਾਂ।ਹੱਥ ਤੇਰਾ ਤੇ ਖੀਸਾ ਮੇਰਾ।` ਗੁਰੂ ਸਾਹਿਬ ਨੇ ਬਾਬਾ ਜੀ ਦੇ ਹਵਾਲੇ ਆਪਣਾ ਖੀਸਾ ਕਰ ਦਿੱਤਾ। ਬਾਬਾ ਜੀ ਨੂੰ ਜ਼ਿੰਦਗੀ ਦੀ ਅਸਲ ਰਮਜ਼ ਸਮਝ ਆ ਗਈ। ਉਹ ਸਮਝ ਗਏ ਕਿ ਸਮੁੱਚਾ ਬ੍ਰਹਿਮੰਡ ਹੀ ਗਰੂ ਜੀ ਦਾ ਖੀਸਾ ਹੈ।ਪਰਮਾਤਮਾ ਦੀਆਂ ਅਨੰਤ ਸ਼ਕਤੀਆਂ ਇਸ ਖੀਸੇ ਵਿੱਚ ਪਏ ਧਨ ਪਦਾਰਥ ਹਨ।
ਇਸ ਘਟਨਾ ਨੇ ਆਪ ਦੇ ਸਿੱਖੀ ਵਿੱਚ ਵਿਸ਼ਵਾਸ ਨੂੰ ਹੋਰ ਪ੍ਰਪੱਕ ਕਰ ਦਿੱਤਾ।ਇਸ ਦੇ ਪ੍ਰਭਾਵ ਨਾਲ ਆਪ ਦਾ ਰੋਮ-ਰੋਮ ਨਾਮ ਦੇ ਰੰਗ ਵਿੱਚ ਰੰਗਿਆ ਗਿਆ।ਆਪ ਦਾ ਤਨ, ਮਨ ਅਗੰਮੀ ਅਨੰਦ ਨਾਲ ਸਰਸ਼ਾਰ ਹੋ ਉੱਠਿਆ।ਆਪ ਜੀ ਨੇ ਰੇਲ ਗੱਡੀ ਦੀ ਟਿਕਟ ਲੈਣ ਦੀ ਥਾਂ ਮੁੜ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਜਾ ਮੱਥਾ ਟੇਕਿਆ।
ਆਪ ਨੂੰ ਅਹਿਸਾਸ ਹੋ ਗਿਆ ਕਿ ਗੁਰੂ ਜੀ ਮੇਰੇ ਨਾਲ ਹਨ ਤੇ ਉਨ੍ਹਾਂ ਦਾ ਮੇਰੇ ਸਿਰ ’ਤੇ ਹੱਥ ਹੈ। ਆਪ ਨੇ ਇਕ ਇਮਲੀ ਦੇ ਦਰੱਖਤ ਥੱਲੇ ਝੌਪੜੀ ਬਣਾ ਲਈ (ਜਿਥੇ ਹੁਣ ਗੁਰਦੁਆਰਾ ਲੰਗਰ ਸਾਹਿਬ ਹੈ) ਅਤੇ ਛੋਲਿਆਂ ਦੀ ਸੇਵਾ ਫਿਰ ਆਰੰਭ ਕਰ ਦਿੱਤੀ।ਇਸ ਸੇਵਾ ਦਾ ਪ੍ਰਤਾਪ ਇੰਨਾ ਰੰਗ ਲਿਆਇਆ ਕਿ ਇਥੇ ਲੰਗਰ ਵੀ ਤਿਆਰ ਹੋਣ ਲਗ ਪਿਆ। ਅੱਜ ਇਸ ਅਸਥਾਨ ’ਤੇ ਸੇਵਾ ਦਾ ਮਹਾਨ ਕੁੰਭ ਚੱਲ ਰਿਹਾ ਹੈ ਅਤੇ ਬਾਬਾ ਜੀ ਵੱਲੋਂ ਚਲਾਈ ਗਈ ਸੰਸਥਾ ਇਕ ਵਿਸ਼ਾਲ ਆਕਾਰ ਲੈ ਚੁੱਕੀ ਹੈ।
ਬਾਬਾ ਨਿਧਾਨ ਸਿੰਘ ਜੀ ਨੇ ਅਨੇਕ ਗੁਰਦੁਆਰਿਆਂ ਦੀ ਸੇਵਾ ਕਰਾਈ।ਗੁਰਦੁਆਰਾ ਲੰਗਰ ਸਾਹਿਬ, ਨਾਂਦੇੜ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਮਨਮਾਂੜ ਵਿਖੇ ਗੁਰਦੁਆਰਾ ਗੁਪਤਸਰ ਸਾਹਿਬ ਦੀ ਉਸਾਰੀ ਕਰਾਈ, ਜਿਥੇ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਸੰਗਤ ਨੂੰ ਗੱਡੀ ਬਦਲਣੀ ਪੈਂਦੀ ਸੀ।ਇਸ ਤੋਂ ਇਲਾਵਾ ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ 33 ਖ਼ਾਲਸਾ ਦੀਵਾਨ ਕਰਾਚੀ, ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਨਡਾਲੋਂ ਅਤੇ ਹੋਰ ਅਨੇਕ ਗੁਰਧਾਮਾਂ ਦੀ ਸੇਵਾ ਕਰਾਈ। ਪੰਜਾ ਸਾਹਿਬ ਵਿਖੇ 14 ਅਕਤੂਬਰ 1932 ਨੂੰ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵਾਲੇ ਪੰਜਾਂ ਪਿਆਰਿਆਂ ਵਿਚ ਵੀ ਬਾਬਾ ਨਿਧਾਨ ਸਿੰਘ ਜੀ ਸ਼ਾਮਲ ਸਨ। ਗੁਰਧਾਮਾਂ ਦੀ ਸੇਵਾ ਦੇ ਨਾਲ-ਨਾਲ ਬਾਬਾ ਜੀ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਵਿੱਚ ਵੀ ਅਹਿਮ ਯੋਗਦਾਨ ਪਾਇਆ।ਇਸੇ ਤਰ੍ਹਾਂ ਬਾਬਾ ਜੀ ਨੇ ਸੰਸਾਰ ਦੇ ਪਰਉਪਕਾਰ ਵਾਸਤੇ ਸਕੂਲਾਂ ਅਤੇ ਕਾਲਜਾਂ ਨੂੰ ਆਰਥਿਕ ਸਹਾਇਤਾ ਦਿੱਤੀ। ਆਪ ਜੀ 4 ਅਗਸਤ 1947 ਈ. ਨੂੰ ਸੰਗਤਾਂ ਦੀ ਸੇਵਾ ਕਰਦੇ ਹੋਏ ਬ੍ਰਹਮ ਵਿਚ ਲੀਨ ਹੋ ਗਏ।ਆਪ ਜਿਹੇ ਗੁਰਸਿੱਖਾਂ ਦਾ ਜੀਵਨ ਮਨੁੱਖਤਾ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ।ਅੱਜ ਆਪ ਜੀ ਵਾਂਗ ਹੀ ਸਾਨੂੰ ਨਿਸ਼ਕਾਮ ਹੋ ਕੇ ਸੇਵਾ ਕਰਨ ਦੀ ਲੋੜ ਹੈ।
ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਉਨ੍ਹਾਂ ਦੇ ਜੱਦੀ ਪਿੰਡ ਨਡਾਲੋਂ (ਹੁਸ਼ਿਆਰਪੁਰ) ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਸਿੱਖ ਕੌਮ ਦੇ ਮਹਾਨ ਰਾਗੀ, ਢਾਡੀ ਤੇ ਕਵੀਸ਼ਰ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸ ਨਾਲ ਜੋੜਨਗੇ।ਇਸ ਮੌਕੇ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰੀ ਭਰਨਗੀਆਂ।

ਡਾ. ਪਰਮਜੀਤ ਸਿੰਘ ਸਰੋਆ
ਮੋਬਾਇਲ: 98550-07516

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …

Leave a Reply