ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਕਸਬਾ ਵਿਖੇ ਦਲਿਤ ਅਤੇ ਦਿਹਾੜੀਦਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦੇ ਘਰ ਜਾ ਕੇ ਕਾਂਗਰਸ ਆਗੂਆਂ ਵੱਲੋਂ ਕੀਤੇ ਗਏ ਜਾਨ ਲੇਵਾ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਸਰਕਾਰ ਤੋਂ ਉਕਤ ਪਰਿਵਾਰ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰ ਨੂੰ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। 
ਉਹਨਾਂ ਪ੍ਰੈਸ ਸਾਹਮਣੇ ਮਜੀਠਾ ਦੇ ਪੀੜਤ ਦਲਿਤ ਪਰਿਵਾਰ ਦੇ ਮੈਂਬਰਾਂ ਨੂੰ ਪੇਸ਼ ਕਰਦਿਆਂ ਦੱਸਿਆ ਕਿ ਕਲ ਰਾਤ 8 ਵਜੇ ਮਜੀਠਾ ਹਲਕੇ ਦੇ ਕਾਂਗਰਸੀ ਉਮੀਦਵਾਰ ਦੇ ਇਸ਼ਾਰੇ ’ਤੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਿੰਦਰ ਪੁੱਤਰ ਲੱਖਾ ਸਿੰਘ, ਰਿੰਕੂ ਪੁੱਤਰ ਬਲਵਿੰਦਰ ਸਿੰਘ, ਮਨਜੀਤ ਸਿੰਘ ਕਾਕਾ, ਮੰਗਤ ਉਰਫ਼ ਮੰਗਾ ਸਮੇਤ 15 ਦੇ ਕਰੀਬ ਲੋਕਾਂ ਨੇ ਮਜੀਠਾ ਰੋੜੀ ਦੇ ਵਾਰਡ ਨੰ: ਇੱਕ ਦੇ ਦਲਿਤ ਕੌਂਸਲਰ ਬੀਬੀ ਮਨਜੀਤ ਕੌਰ ਦੇ ਘਰ ਦਾਖਲ ਹੋ ਕੇ ਹਮਲਾ ਕਰਦਿਆਂ ਉਹਨਾਂ ਦੇ ਪਤੀ ਸੋਹਣ ਲਾਲ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਇੱਥੋਂ ਤਕ ਕਿ ਉਹਨਾਂ ਦੇ 8 ਸਾਲ ਦੇ ਮਾਸੂਮ ਬਚੇ ਨੂੰ ਵੀ ਸੱਟਾਂ ਲਗਾ ਦਿੱਤਿਆਂ ਜਿਨ੍ਹਾਂ ਵਿੱਚ ਪਰਮਜੀਤ ਸਿੰਘ ਗੰਭੀਰ ਸੱਟਾਂ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਇਸ ਮੌਕੇ ਹਮਲਾਵਰਾਂ ਨੇ ਦਲਿਤ ਪਰਿਵਾਰ ਦੀ ਕਮਾਈ ਦੇ ਸਾਧਨ ਦੋ ਗੱਡੀਆਂ ਇੱਕ ਥ੍ਰੀ ਵੀਲ੍ਹਰ ਅਤੇ ਛੋਟਾ ਹਾਥੀ ਸਮੇਤ ਘਰ ਦੀ ਵੀ ਬੁਰੀ ਤਰਾਂ ਭੰਨ ਤੋੜ ਕੀਤੀ।ਪਰ ਸਿਤਮ ਜਰੀਫੀ ਦੀ ਗੱਲ ਇਹ ਕਿ ਹੁਣ ਤਕ ਪੁਲੀਸ ਨੇ ਨਾ ਤਾਂ ਹਸਪਤਾਲ ਦਖਲ ਮਰੀਜ਼ ਦਾ ਬਿਆਨ ਦਰਜ ਕੀਤਾ ਨਾ ਹੀ ਹਮਲਾਵਰਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ, ਸਗੋਂ ਪੀੜਤ ਦਲਿਤ ਪਰਿਵਾਰ ’ਤੇ ਖਾਮੋਸ਼ ਰਹਿਣ ਲਈ ਦਬਾਅ ਪਾਉਣ ਦੇ ਨਾਲ ਨਾਲ ਝੂਠੇ ਕੇਸਾਂ ਵਿੱਚ ਫਸਾ ਦੇਣ ਦੀਆਂ ਵੀ ਧਮਕੀਆਂ ਦੇ ਰਹੇ ਹਨ।ਡਰ ਅਤੇ ਸਹਿਮ ਦੇ ਕਾਰਨ ਦਲਿਤ ਪਰਿਵਾਰ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ ਦਿਹਾੜੀ ਨਾ ਜਾਣ ਅਤੇ ਘਰ ਵਿੱਚ ਨਾ ਸੌਣ ਲਈ ਮਜਬੂਰ ਹੈ।
ਉਹਨਾਂ ਕਿ ਇਹ ਸਿਰਫ਼ ਤੇ ਸਿਰਫ਼ ਸਿਆਸੀ ਰੰਜਸ਼ ਦਾ ਨਤੀਜਾ ਹੈ, ਜੇ ਕਿਸੇ ਨੂੰ ਕੋਈ ਇਤਰਾਜ਼ ਜਾਂ ਗੁੱਸਾ ਹੈ ਤਾਂ ਉਹ ਉਸ ’ਤੇ ਕੱਢ ਲੈਣ ਨਾ ਕਿ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ।ਉਹਨਾਂ ਦੱਸਿਆ ਕਿ ਚੋਣਾਂ ਦੌਰਾਨ ਕਾਂਗਰਸ ਦੇ ਪੋਲਿੰਗ ਏਜੰਟ ਰਹੇ ਹਮਲਾਵਰ ਬਲਵਿੰਦਰ ਸਿੰਘ ਵੱਲੋਂ ਪੀੜਤ ਪਰਿਵਾਰ ਜੋ ਕਿ ਅਕਾਲੀ ਦਲ ਦੇ ਕੌਂਸਲਰ ਵੀ ਹਨ ਨੂੰ ਅਕਾਲੀ ਦਲ ਦੀ ਮਦਦ ਨਾ ਕਰਨ ਲਈ ਧਮਕੀਆਂ ਦਿੰਦਾ ਰਿਹਾ, ਪੋਲਿੰਗ ਵਾਲੇ ਦਿਨ ਕਾਂਗਰਸ ਉਮੀਦਵਾਰ ਦੇ ਭਰਾ ਜੀਤੂ ਅਤੇ ਸ਼ਿੰਦ ਖੁਦ ਵਾਰਡ ਨੰ: ਇੱਕ ਦੇ ਪੋਲਿੰਗ ਬੂਥ ’ਤੇ ਬੈਠੇ ਰਹੇ ਅਤੇ ਕਾਂਗਰਸ ਨੂੰ ਵੋਟ ਕਰਨ ਲਈ ਦਬਾਅ ਪਾਉਂਦੇ ਰਹੇ ਅਤੇ ਕਾਂਗਰਸ ਨੂੰ ਨਾ ਜਿਤਾਉਣ ਦੀ ਸੂਰਤ ਵਿੱਚ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਲਈ ਧਮਕਾਉਂਦੇ ਰਹੇ।
ਮਜੀਠੀਆ ਨੇ ਮੁੱਖ ਮੰਤਰੀ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਅਤੇ ਹੁਣ ਮਜੀਠਾ ਵਿਖੇ ਅਕਾਲੀਆਂ ਉੱਤੇ ਹੋਏ ਹਮਲਿਆਂ ਦੇ ਦੋਸ਼ੀ ਫੜੇ ਨਹੀਂ ਗਏ ।ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਖਦਸ਼ਾ ਹੈ ਜੋ ਕਿ ਵਿਕਾਸ ਨੂੰ ਖੜੋਤ ’ਚ ਲਿਆਉਣ ਦਾ ਕਾਰਨ ਬਣ ਸਕਦੇ ਹਨ। ਉਹਨਾਂ ਮਜੀਠਾ ਕਾਂਗਰਸ ਨੂੰ ਮਾਹੌਲ ਖਰਾਬ ਨਾ ਕਰਨ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਲੋਕ ਫਤਵਾ ਸਭ ਤੋਂ ਵੱਡੀ ਗਲ ਹੈ ਜਿਸ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਕੈਪਟਨ ਨੂੰ ਕਿਹਾ ਕਿ ਲੋਕਾਂ ਨੇ ਉਸ ਨੂੰ ਮੌਕਾ ਦਿੱਤਾ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬੌਖਲਾਹਟ ’ਚ ਹਮਲਾ ਕਰਨ ਵਾਲਿਆਂ ਨੂੰ ਨੱਥ ਪਾਉਂਦਿਆਂ ਦੋਸ਼ੀਆਂ ਨੂੰ ਸਖ਼ਤ ਸਜਾ ਦੇਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਮੁਆਵਜ਼ਾ ਦੇਣ।
ਇਸ ਮੌਕੇ ਉਹਨਾਂ ਨਾਲ ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਸ਼ਰ, ਪ੍ਰਧਾਨ ਤਰਨ ਅਬਰੋਲ, ਸਲਵੰਤ ਸੇਠ, ਦੇਸ ਰਾਜ, ਮਹਿੰਦਰ ਸਿੰਘ, ਸੁਰਿੰਦਰ ਗੋਕਲ, ਬਿੱਲੇ ਸ਼ਾਹ। ਅਜੈ ਚੋਪੜਾ, ਸਵਿੰਦਰ ਗੋਲਡੀ ਚੌਹਾਨ, ਪ੍ਰਿੰਸ ਨਈਅਰ, ਮੁਖਤਾਰ ਸਿੰਘ, ਨਾਨਕ ਸਿੰਘ, ਸੋਨੂੰ , ਦੁਰਗਾ ਦਾਸ, ਸਮੇਤ ਸਾਰੇ ਕੌਂਸਲਰ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media