Sunday, March 29, 2026

ਬਾਬਾ ਫ਼ਰੀਦ ਕਾਲਜ ਵੱਲੋਂ ਇੱਕ ਦਿਨਾਂ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ

PPN2003201726ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨੋੋਲਜੀ ਐਂਡ ਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਐਸਚੈਰਚਿਆ ਜੀਨੋਮਿਕਸ ਪ੍ਰਾ. ਲਿਮ. ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਜੀਵ ਅਣੂਆਂ ਸੰਬੰਧੀ ਤਕਨੀਕਾਂ’ ਬਾਰੇ ਇੱਕ ਦਿਨਾਂ ਸਫ਼ਲਤਾਪੂਰਵਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮਾਹਿਰ ਵਜੋਂ ਐਸਚੈਰਚਿਆ ਜੀਨੋਮਿਕਸ ਪ੍ਰਾ. ਲਿਮ. ਦੇ ਡਾਇਰੈਕਟਰ ਮਿਸਟਰ ਵੀ.ਕੇ. ਸਿੰਘ ਨੇ ਪੋਲੀਮਿਰੇਜ ਚੈਨ ਰਿਐਕਸ਼ਨ, ਅਗਰੋਜ ਜੈੱਲ ਇਲੈਕਟ੍ਰੋਫੋਰੇਸਿਸ, ਡੀਐਨਏ ਨਿਖੇੜਣ ਤਕਨੀਕਾਂ ਅਤੇ ਅਗਰੋਜ ਜੈੱਲ ਇਲੈਕਟ੍ਰੋਫੋਰੇਸਿਸ ਦੀ  ਫੋਟੋਗ੍ਰਾਫੀ ਆਦਿ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਡੀਐਨਏ ਨਿਖੇੜਣਾ ਭੌਤਿਕ ਅਤੇ ਰਸਇਣਕ ਢੰਗਾਂ ਦੇ ਸੁਮੇਲ ਨਾਲ ਕਿਸੇ ਸੈਂਪਲ ਵਿੱਚੋਂ ਡੀਐਨਏ ਨੂੰ ਸੁੱਧ ਕਰਨ ਦੀ ਇੱਕ ਵਿਧੀ ਹੈ। ਅਗਰੋਜ ਜੈੱਲ ਇਲੈਕਟ੍ਰੋਫੋਰੇਸਿਸ ‘ਜੀਵ ਅਣੂ ਤਕਨੀਕ’ ਦੇ ਪ੍ਰਮੁੱਖ ਟੂਲਜ਼ ਵਿੱਚੋ ਇੱਕ ਹੈ। ਡੀਐਨਏ, ਆਰਐਨਏ ਅਤੇ ਪ੍ਰੋਟੀਨ ਬਿਜਲਈ ਖੇਤਰ ਅਤੇ ਆਕਾਰ ਅਨੁਸਾਰ ਵੱਖ ਕੀਤੇ ਜਾ ਸਕਦੇ ਹਨ। ਇਸ ਤਕਨੀਕ ਵਿੱਚ ਇਲੈਕਟ੍ਰੀਕਲੀ ਚਾਰਜ਼ਡ ਅਗਰੋਜ ਜੈੱਲ ਦੁਆਰਾ ਡੀਐਨਏ ਦੇ ਆਕਾਰ ਅਨੁਸਾਰ ਡੀਐਨਏ ਅਤੇ ਆਰਐਨਏ ਵੱਖ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੋਲੀਮਿਰੇਜ ਚੈਨ ਰਿਐਕਸ਼ਨ ਵੱਖ ਵੱਖ ਆਕਾਰਾਂ ਦੇ ਡੀਐਨਏ ਦੀਆਂ ਇੱਕ ਜਾਂ ਕੁਝ ਨਕਲਾਂ ਨੂੰ ਵਧਾਉਣ ਅਤੇ ਇੱਕ ਖਾਸ ਡੀਐਨਏ ਲੜੀ ਦੀਆਂ ਹਜ਼ਾਰਾਂ ਤੋਂ ਲੱਖਾਂ ਨਕਲਾਂ ਪੈਦਾ ਕਰਨ ਦੀ ਤਕਨੀਕ ਹੈ। ਡੀ.ਐਨ.ਏ ਦੇ ਕੇਂਦਰੀ ਹਿੱਸੇ ਨੂੰ ਵਧਾਉਣ ਦਾ ਇਹ ਇੱਕ ਸੌਖਾ ਅਤੇ ਸਸਤਾ ਟੂਲ ਹੈ ਜੋ ਜੈਨੇਟਿਕ ਬਿਮਾਰੀਆਂ ਨੂੰ ਦੇਖਣ ਅਤੇ ਜਾਂਚਣ, ਅਪਰਾਧੀਆਂ ਦੀ ਪਹਿਚਾਣ (ਫੋਰੈਂਸਿਕ ਦੇ ਖੇਤਰ ਵਿੱਚ) ਅਤੇ ਡੀ.ਐਨ.ਏ  ਦੇ ਕੇਂਦਰੀ ਹਿੱਸੇ ਦਾ ਅਧਿਐਨ ਕਰਨ ਆਦਿ ਕੰਮਾਂ ਲਈ ਬਹੁਤ ਲਾਭਦਾਇਕ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ‘ਜੀਵ ਅਣੂਆਂ ਸੰਬੰਧੀ ਤਕਨੀਕ’ ਇਕ ਅਡਵਾਂਸਡ ਅਤੇ ਉਭਰਦਾ ਖੇਤਰ ਹੈ ਜਿਸ ਦਾ ਵਿਸ਼ਾਲ ਭਵਿੱਖ ਅਤੇ ਐਪਲੀਕੇਸ਼ਨਾਂ ਹਨ।ਖੇਤੀਬਾੜੀ, ਫਰਮਾਸਿਊਟੀਕਲ ਉਦਯੋਗ, ਵਾਤਾਵਰਣ ਵਿਗਿਆਨ ਅਤੇ ਹੋਰ ਖੇਤਰਾਂ ਵਿੱਚ ਇਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।ਇਹ ਵਰਕਸ਼ਾਪ ਵਿਦਿਆਰਥੀਆਂ ਦੇ ਵਿਕਾਸ ਅਤੇ ਉਹਨਾਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਦੇ ਅਧਾਰਿਤ ਸੀ।ਇਸ ਵਰਕਸ਼ਾਪ ਵਿੱਚ 50 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਮਹੱਤਵਪੂਰਨ ਵਰਕਸ਼ਾਪ ਦੇ ਆਯੋਜਨ ਲਈ ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨੋੋਲਜੀ ਐਂਡ ਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣ ਦੀ ਆਸ ਜਤਾਈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply